ਲਾਂਘੇ ਦੀ ਫ਼ੀਸ ਨੂੰ ਲੈ ਕੇ ਚੱਲ ਰਹੇ ਅੜਿੱਕੇ ਦੀ ਦਲ ਖ਼ਾਲਸਾ ਨੇ ਕੀਤੀ ਨਿਖੇਧੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

 ਇਸ ਨਾਲ ਜਥੇਬੰਦੀ ਨੇ ਪਾਕਿਸਤਾਨ ਸਰਕਾਰ ਨੂੰ ਵੀ 20 ਡਾਲਰ ਦੀ ਫ਼ੀਸ ਨੂੰ ਉਸ ਹੱਦ ਤਕ ਘਟਾਉਣ ਲਈ ਬੇਨਤੀ ਕੀਤੀ ਜਿਥੇ ਆਮ ਯਾਤਰੀ ਨੂੰ ਮਾਇਕ ਪੱਖ ਤੋਂ ....

Dal Khalsa Speak On Kartarpur Corridor Fees

ਅੰਮ੍ਰਿਤਸਰ (ਪਰਮਿੰਦਰ ਅਰੋੜਾ): ਦਲ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਯਾਤਰੀਆਂ ਦੀ ਫ਼ੀਸ ਦਾ ਬੋਝ ਬਰਾਬਰ ਦਾ ਚੁਕਣ ਲਈ ਅੱਗੇ ਆਉਣ ਜੋ ਕਰਤਾਰਪੁਰ ਲਾਂਘੇ ਰਾਹੀਂ ਦਰਬਾਰ ਸਾਹਿਬ ਜਾਣ ਲਈ ਪਾਕਿਸਤਾਨ ਸਰਕਾਰ ਵਲੋਂ 20 ਡਾਲਰ ਦੀ ਤੈਅ ਫ਼ੀਸ ਅਦਾ ਕਰਨ ਦੇ ਸਮਰੱਥ ਨਹੀਂ ਹਨ। ਇਸ ਨਾਲ ਜਥੇਬੰਦੀ ਨੇ ਪਾਕਿਸਤਾਨ ਸਰਕਾਰ ਨੂੰ ਵੀ 20 ਡਾਲਰ ਦੀ ਫ਼ੀਸ ਨੂੰ ਉਸ ਹੱਦ ਤਕ ਘਟਾਉਣ ਲਈ ਬੇਨਤੀ ਕੀਤੀ ਜਿਥੇ ਆਮ ਯਾਤਰੀ ਨੂੰ ਮਾਇਕ ਪੱਖ ਤੋਂ ਯਾਤਰਾ 'ਤੇ ਜਾਣਾ ਸੌਖਾਲਾ ਹੋਵੇ। 

 

ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਫ਼ੀਸ ਨੂੰ ਲੈ ਕੇ ਚਲ ਰਿਹਾ ਅੜਿਕਾ ਅਫ਼ਸੋਸਨਾਕ ਹੈ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭਾਰਤ ਨਾਲ ਚਲ ਰਹੇ ਤਣਾਅ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਮੁਕੰਮਲ ਕਰਨ 'ਤੇ ਸਿਫ਼ਤ ਕਰਦਿਆਂ ਕਿਹਾ ਕਿ ਉਨ੍ਹਾਂ ਸਿੱਖ ਕੌਮ ਨਾਲ ਕੀਤਾ ਇਕਰਾਰ ਨਿਭਾਇਆ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨੂੰ ਉਨ੍ਹਾਂ ਯਾਤਰੀਆਂ, ਜੋ ਦਰਸ਼ਨ-ਦੀਦਾਰੇ ਦੀ ਤਾਂਘ ਰੱਖਦੇ ਹਨ ਪਰ ਫ਼ੀਸ ਦਾ ਭਾਰ ਆਪ ਨਹੀਂ ਚੁਕ ਸਕਣਗੇ ਦਾ ਮਾਇਕ ਭਾਰ ਚੁਕਣ ਦੀ ਪੁਰਜ਼ੋਰ ਸ਼ਬਦਾਂ ਵਿਚ ਬੇਨਤੀ ਕੀਤੀ। ਉਨ੍ਹਾਂ ਪਾਕਿਸਤਾਨ ਦੀ ਅਫ਼ਸਰਸ਼ਾਹੀ ਨੂੰ ਵੀ ਫ਼ੀਸ ਘੱਟੋ-ਘੱਟ ਕਰਨ ਲਈ ਕਿਹਾ।

 

ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਰਾਜਨੀਤਕ ਸੰਨਿਆਸ ਵਿਚੋਂ ਬਾਹਰ ਨਿਕਲਣ ਲਈ ਸੁਝਾਅ ਦਿਤਾ। ਉਨ੍ਹਾਂ ਟਿਪਣੀ ਕਰਦਿਆਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਜਿਨ੍ਹਾਂ ਦਾ ਨਾ-ਮਾਤਰ ਰੋਲ ਜਾਂ ਨਾਹ-ਵਾਚਕ ਰੋਲ ਸੀ ਉਹ ਕਰਤਾਰਪੁਰ ਲਾਂਘੇ ਦਾ ਕਰੈਡਿਟ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਚੇਤੇ ਹੈ ਕਿ ਉਹ ਦਹਾਕਿਆਂ ਤੋਂ ਜਿਸ ਖ਼ੁਸ਼ੀਆਂ ਭਰੇ ਸੰਦੇਸ਼ (ਕਰਤਾਰਪੁਰ ਲਾਂਘੇ ਦੇ ਖੁਲ੍ਹਣ) ਦਾ ਇੰਤਜ਼ਾਰ ਕਰ ਰਹੇ ਸਨ, ਉਹ ਸਰਹੱਦ ਦੇ ਪਾਰੋਂ ਨਵਜੋਤ ਸਿੰਘ ਸਿੱਧੂ ਲੈ ਕੇ ਆਏ ਸਨ।