ਸੁਰਜੀਤ ਪਾਤਰ ਨੂੰ ਗੁਰੂ ਸਾਹਿਬ ਤੋਂ ਉੱਚਾ ਦਰਜਾ ਦੇਣ ਦੀ ਕੋਸ਼ਿਸ਼ ਸਿੱਖਾਂ ਨਾਲ ਕੌਝਾ ਮਜ਼ਾਕ : ਭੋਮਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਸ਼ਾਇਦ ਅਗਲਾ ਕਦਮ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਵਾਈਸ ਚਾਂਸਲਰ ਦਾ ਯੂਨੀਵਰਸਟੀ ਦੇ ਨਾਮ ਨੂੰ ਬਦਲਣ ਦਾ ਹੋਵੇਗਾ

Manjit Singh Bhoma

ਅੰਮ੍ਰਿਤਸਰ : ਆਰ.ਐਸ.ਐਸ ਭਾਜਪਾ ਦੇ ਏਜੰਡੇ ਨੂੰ ਅਗਾਂਹ ਤੋਰਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਪ੍ਰਬੰਧਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਨੂੰ ਬਦਲ ਕੇ ਸੁਰਜੀਤ ਪਾਤਰ ਨੂੰ ਗੁਰੂ ਸਾਹਿਬ ਤੋਂ ਉੱਚਾ ਦਰਜਾ ਦੇਣ ਦੀ ਹਿੰਮਤ ਕਰ ਕੇ ਸਿੱਖਾਂ ਨਾਲ ਕੌਝਾ ਮਜ਼ਾਕ ਕਰਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਟੀ ਦਾ ਨਾਮ ਬਦਲਣ ਵਲ ਪਹਿਲਾ ਕਦਮ ਪੁਟਿਆ ਹੈ। ਇਹ ਵਿਚਾਰ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ.ਮਨਜੀਤ ਸਿੰਘ ਭੋਮਾ, ਮੁੱਖ ਸਲਾਹਕਾਰ ਸ.ਸਰਬਜੀਤ ਸਿੰਘ ਜੰਮੂ, ਸਲਾਹਕਾਰ ਸ.ਸਤਨਾਮ ਸਿੰਘ ਕੰਡਾ ਅਤੇ ਬਲਵਿੰਦਰ ਸਿੰਘ ਖੋਜਕੀਪੁਰ ਨੇ ਜਾਰੀ ਇਕ ਸਾਂਝੇ ਬਿਆਨ ਰਾਹੀਂ ਪ੍ਰਗਟ ਕੀਤੇ। 

ਬਿਆਨ ਜਾਰੀ ਕਰਦਿਆਂ ਭੋਮਾ ਅਤੇ ਜੰਮੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਜਨਮ ਤੋਂ ਹੀ ਆਰ.ਐਸ.ਐਸ. ਅਤੇ ਜਨਸੰਘ ਦੇ ਢਿੰਡੀ ਪੀੜਾਂ ਉਠਦੀਆਂ ਰਹੀਆਂ ਹਨ ਕਿਉਂਕਿ ਉਹ ਯੂਨੀਵਰਸਟੀ ਸਿੱਖ ਗੁਰੂ ਸਾਹਿਬਾਨ ਦੇ ਨਾਮ 'ਤੇ ਸਿੱਖ ਸਿਧਾਂਤ ਅਤੇ ਸਿੱਖ ਵਿਚਾਰ ਦੇ ਪ੍ਰਚਾਰ ਅਤੇ ਪਸਾਰ ਲਈ ਹੋਂਦ ਵਿਚ ਆਈ ਸੀ। ਇਹ ਕਾਰਨ ਸੀ ਕਿ ਯੂਨੀਵਰਸਟੀ ਦੀ ਧੁਨ-ਦੇਹਿ ਸ਼ਿਵ ਬਰ ਮੋਹੇ...ਰੱਖੀ ਗਈ ਸੀ। ਫ਼ੈਡਰੇਸ਼ਨ ਨੇਤਾਵਾਂ ਭੋਮਾ ਅਤੇ ਜੰਮੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਵਾਈਸ ਚਾਂਸਲਰ ਨੇ ਉਸ ਸਮੇਂ ਆਰ.ਐਸ.ਐਸ. ਭਾਜਪਾ ਦਾ ਏਜੰਡਾ ਪੂਰਾ ਕੀਤਾ ਹੈ ਜਦੋਂ ਸਾਰਾ ਸਿੱਖ ਜਗਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਜਾ ਰਿਹਾ ਹੈ।

ਫ਼ੈਡਰੇਸ਼ਨ ਨੇਤਾਵਾਂ ਨੇ ਸਮੁੱਚੀ ਸਿੱਖ ਕੌਮ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਗਲਾ ਕਦਮ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਵਾਈਸ ਚਾਂਸਲਰ ਦਾ ਯੂਨੀਵਰਸਟੀ ਦੇ ਨਾਮ ਨੂੰ ਬਦਲਣ ਦਾ ਹੋਵੇਗਾ ਤਾਕਿ ਆਰ.ਐਸ.ਐਸ. ਭਾਜਪਾ ਦੇ ਆਕਾਵਾਂ ਨੂੰ ਖ਼ੁਸ਼ ਕਰ ਕੇ ਇਹ ਵਾਈਸ ਚਾਂਸਲਰ ਕਿਸੇ ਪ੍ਰਦੇਸ਼ ਦਾ ਰਾਜਪਾਲ ਜਾਂ ਰਾਜ ਸਭਾ ਦੀ ਮੈਂਬਰੀ ਲੈ ਸਕੇ। ਫ਼ੈਡਰੇਸ਼ਨ ਨੇਤਾਵਾਂ ਨੇ ਵਾਈਸ ਚਾਂਸਲਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜਲਦ ਤੋਂ ਜਲਦ ਇਸ ਫ਼ੈਸਲੇ ਨੂੰ ਬਦਲ ਕੇ 'ਦੇਹਿ ਸ਼ਿਵਾ ਬਰ ਮੋਹਿ...' ਸ਼ਬਦ ਨੂੰ ਯੂਨੀਵਰਸਟੀ ਦੀ ਧੁੰਨ ਵਜੋਂ ਸਥਾਪਤ ਕਰਨ ਜੋ ਕਿ ਸਰਵ ਪ੍ਰਮਾਨਤ ਅਰਦਾਸ ਹੈ।

ਫ਼ੈਡਰੇਸ਼ਨ ਨੇਤਾਵਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਵਾਲ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀ ਸ਼ੁਰੂਆਤ ਅਜਿਹੇ ਕੋਝੇ ਤਰੀਕੇ ਨਾਲ ਕਰੋਗੇ ਜਿਸ ਨਾਲ ਹਰ ਨਾਨਕ ਨਾਮ ਲੇਵਾ ਦੇ ਹਿਰਦੇ ਵਲੂੰਧਰੇ ਜਾਣ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਪਣਾ ਅਸਰ ਰਸੂਖ ਨਾਲ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਪ੍ਰਬੰਧਕਾਂ ਦੇ ਯੂਨੀਵਰਸਟੀ ਧੁੰਨ ਬਦਲਣ ਦੇ ਫ਼ੈਸਲੇ ਨੂੰ ਬਦਲਾਉਣ ਦਾ ਕੰਮ ਕਰਨ ਤਾਕਿ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਇਕ ਚੰਗੇ ਮਾਹੌਲ ਵਿਚ ਮਨਾਇਆ ਜਾ ਸਕੇ।