ਕੀ ਦਰਸ਼ਨੀ ਡਿਉਢੀ ਮਾਮਲੇ ਨਾਲ ਸਬੰਧਤ ਫ਼ਾਇਲ ਗਾਇਬ ਹੋ ਚੁਕੀ ਹੈ?
ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ 'ਚ ਗੂੰਜਦੀ ਰਹੀ ਅੱਜ ਇਸ ਗੱਲ ਦੀ ਚਰਚਾ
ਅੰਮ੍ਰਿਤਸਰ : ਕੀ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਉਢੀ ਮਾਮਲੇ ਨਾਲ ਸਬੰਧਤ ਫ਼ਾਇਲ ਗਾਇਬ ਹੋ ਚੁਕੀ ਹੈ? ਇਸ ਗੱਲ ਦੀ ਚਰਚਾ ਅੱਜ ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਵਿਚ ਗੂੰਜਦੀ ਰਹੀ। ਕੋਈ ਵੀ ਅਧਿਕਾਰੀ ਇਸ ਗੱਲ ਦੀ ਖੁਲ੍ਹ ਕੇ ਪੁਸ਼ਟੀ ਨਹੀਂ ਕਰ ਰਿਹਾ ਪਰ ਦਬੀ ਜ਼ੁਬਾਨ ਵਿਚ ਕਿਹਾ ਜਾ ਰਿਹਾ ਹੈ ਕਿ ਉਸ ਫ਼ਾਇਲ ਵਿਚ ਕਈ ਅਜਿਹੇ ਰਾਜ਼ ਹਨ ਜੇ ਉਹ ਜਨਤਕ ਹੋ ਜਾਣ ਤਾਂ ਕਈ ਅਧਿਕਾਰੀਆਂ ਦੀ ਬਲੀ ਹੋ ਸਕਦੀ ਹੈ।
ਜਾਣਕਾਰੀ ਮੁਤਾਬਕ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਉਢੀ ਮਾਮਲੇ ਵਾਲੀ ਫ਼ਾਇਲ ਵਿਚ ਮੌਜੂਦ ਮਤੇ ਵੀ ਵਿਵਾਦਤ ਦਸੇ ਜਾ ਰਹੇ ਹਨ। ਪਹਿਲਾ ਮਤਾ ਜਿਸ ਵਿਚ ਕਿਹਾ ਗਿਆ ਸੀ ਕਿ ਡਿਉਢੀ ਦੀ ਸੇਵਾ ਬਾਬਾ ਜਗਤਾਰ ਸਿੰਘ ਨੂੰ ਸੌਂਪ ਦਿਤੀ ਜਾਵੇ , ਜਦਕਿ ਦੂਜਾ ਮਤਾ ਜਿਸ ਰਾਹੀਂ ਸੇਵਾ ਪੈਡਿੰਗ ਕੀਤੀ ਗਈ ਸੀ। ਉਸ ਮਤੇ ਦਾ ਕਿਸੇ ਨੂੰ ਅਤਾ ਪਤਾ ਨਹੀਂ ਹੈ। ਜਾਣਕਾਰੀ ਮੁਤਾਬਕ ਪਹਿਲੇ ਮਤੇ ਦੀ ਕਾਪੀ ਮੁੱਖ ਸਕੱਤਰ, ਸੁਪਰਡੈਂਟ ਬ੍ਰਾਚ 85, ਕਾਰ ਸੇਵਾ ਵਾਲੇ ਬਾਬੇ ਦੇ ਨਾਲ-ਨਾਲ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਨੂੰ ਭੇਜੀ ਗਈ ਸੀ ਜਦਕਿ ਪੈਡਿੰਗ ਵਾਲੇ ਮਤੇ ਦੀ ਕਾਪੀ ਕੇਵਲ ਇੰਚਾਰਜ 85 ਨੂੰ ਹੀ ਭੇਜੀ ਗਈ।
ਇਸ 'ਤੇ ਵੀ ਦੋ ਸਕੱਤਰਾਂ ਦੇ ਦਸਤਖ਼ਤ ਹਨ ਜਿਨ੍ਹਾਂ ਵਿਚੋਂ ਇਕ ਦਾ ਨਾਮ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਉਢੀ ਮਾਮਲੇ 'ਤੇ ਬੋਲਦਾ ਹੈ। ਇਸੇ ਦੌਰਾਨ ਪਤਾ ਲਗਾ ਹੈ ਕਿ ਬੀਤੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਬਾਬਾ ਜਗਤਾਰ ਸਿੰਘ ਨੂੰ ਉਨ੍ਹਾਂ ਦੇ ਡੇਰੇ ਜਾ ਕੇ ਮਿਲੇ। ਇਸ ਮੌਕੇ ਬਾਬਾ ਜਗਤਾਰ ਸਿੰਘ ਨਾਲ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ ਅਵਤਾਰ ਸਿੰਘ ਬਿਧੀ ਚੰਦੀਏ ਸਮੇਤ ਅਨੇਕਾਂ ਬਾਬੇ ਮੌਜੂਦ ਸਨ। ਇਸ ਦੌਰਾਨ ਭਾਈ ਲੌਂਗੋਵਾਲ ਨੇ ਬਾਬਾ ਜਗਤਾਰ ਸਿੰਘ ਨਾਲ ਸੁਲਾਹ ਦੇ ਸਾਰੇ ਰਾਹ ਖੋਲ੍ਹੇ ਜਾਣ ਦੀ ਜਾਣਕਾਰੀ ਮਿਲੀ ਹੈ।