ਦਰਸ਼ਨੀ ਡਿਉਢੀ ਢਾਹੇ ਜਾਣ ਦੇ ਮਾਮਲੇ 'ਚ ਆਇਆ ਨਵਾਂ ਮੋੜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਾਰ ਸੇਵਾ ਨਾਲ ਜੁੜੇ ਪੰਜ ਬਾਬਿਆਂ ਨੇ ਸਾਧ ਜਗਤਾਰ ਸਿੰਘ ਵਿਚ ਪੂਰਾ ਵਿਸ਼ਵਾਸ ਪ੍ਰਗਟਾਇਆ

Darshani Deori

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਤਰਨਤਾਰਨ ਵਾਲੇ ਬਾਬਾ ਜਗਤਾਰ ਸਿੰਘ ਵਿਰੁਧ ਪੁਲਿਸ ਕਾਰਵਾਈ ਕਰਨ ਜਾ ਰਹੀ ਹੈ? ਇਹ ਸਵਾਲ ਅੱਜ ਪੰਥਕ ਹਲਕਿਆਂ ਵਿਚ ਗੂੰਜਦਾ ਰਿਹਾ। ਸ਼੍ਰੋਮਣੀ ਕਮੇਟੀ ਦੁਆਰਾ ਕੀਤੀ ਜਾ ਰਹੀ ਇਸ ਕਾਰਵਾਈ ਨੂੰ ਕਾਹਲੀ ਨਾਲ ਕੀਤੀ ਜਾ ਰਹੀ ਗ਼ਲਤ ਕਾਰਵਾਈ ਦਸਿਆ ਜਾ ਰਿਹਾ ਹੈ। ਇਸ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਨੇ ਅਪਣੇ ਹੀ ਦਫ਼ਤਰ ਵਲੋਂ ਜਾਰੀ ਕਾਗ਼ਜ਼ ਪੱਤਰਾਂ ਨੂੰ ਵੀ ਚੈਕ ਕਰਨਾ ਵੀ ਜ਼ਰੂਰੀ ਨਾ ਸਮਝਿਆ। ਕਮੇਟੀ ਵਲੋਂ ਬਾਬਾ ਜਗਤਾਰ ਸਿੰਘ ਵਿਰੁਧ ਕੀਤੀ ਜਾ ਰਹੀ ਪੁਲਿਸ ਕਾਰਵਾਈ ਨੂੰ ਮੰਦਭਾਗਾ ਦਸਿਆ ਜਾ ਰਿਹਾ ਹੈ। 

ਬਾਬਾ ਸਮਰਥਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਵੀ ਕਾਨੂੰਨ ਤੇ ਸੰਗਤ ਦੇ ਕਟਹਿਰੇ ਵਿਚ ਖੜਾ ਕੀਤਾ ਜਾਏ ਜੋ ਦਰਸ਼ਨੀ ਡਿਉਢੀ ਦੀ ਸੇਵਾ ਪੈਡਿੰਗ ਕਰਨ ਦੇ ਮਾਮਲੇ ਦੀ ਫ਼ਾਈਲ ਨੂੰ ਦਬਾਉਣ ਦੇ ਦੋਸ਼ੀ ਹਨ। ਅੱਜ ਤਰਨਤਾਰਨ ਵਿਚਲੇ ਬਾਬਾ ਜਗਤਾਰ ਸਿੰਘ ਦੇ ਡੇਰੇ ਵਿਚ ਸਾਰਾ ਦਿਨ ਸਰਗਰਮੀਆਂ ਚਲਦੀਆਂ ਰਹੀਆਂ। ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਥਿਤ ਦਰਸ਼ਨੀ ਡਿਉਢੀ ਨੂੰ ਢਾਹੇ ਜਾਣ ਦੇ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਆਇਆ ਜਦ ਕਾਰ ਸੇਵਾ ਨਾਲ ਜੁੜੇ ਪੰਜ ਬਾਬਿਆਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ ਨÎਰੰਦਰ ਸਿੰਘ ਲੰਗਰ ਸਾਹਿਬ ਹਜ਼ੂਰ ਸਾਹਿਬ, ਬਾਬਾ ਅਮਰੀਕ ਸਿੰਘ ਪਟਿਆਲਾ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੇ ਨੁਮਾਇੰਦੇ ਆਦਿ ਨੇ ਬਾਬਾ ਜਗਤਾਰ ਸਿੰਘ ਤਰਨਤਾਰਨ ਵਿਚ ਪੂਰਾ ਵਿਸ਼ਵਾਸ ਪ੍ਰਗਟਾ ਦਿਤਾ।

ਇਨ੍ਹਾਂ ਬਾਬਿਆਂ ਨੇ ਡਿਉਢੀ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਅਤੇ ਕਾਰਵਾਈ ਨੂੰ ਪੂਰੀ ਤਰ੍ਹਾਂ ਇਕ ਪਾਸੜ ਤੇ ਗੁਮਰਾਹਕੁਨ ਕਰਾਰ ਦਿੰਦਿਆਂ ਮੰਗ ਕੀਤੀ ਗਈ ਹੈ ਕਿ ਇਸ ਲਈ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਵੀ ਕਾਨੂੰਨ ਦੀ ਗ੍ਰਿਫ਼ਤ ਵਿਚ ਲਿਆਂਦਾ ਜਾਵੇ। ਮੀਟਿੰਗ ਬਾਰੇ ਅਧਿਕਾਰਤ ਤੌਰ 'ਤੇ ਕੋਈ ਵੀ ਪ੍ਰੈਸ ਰਿਲੀਜ਼ ਜਾਂ ਫ਼ੋਟੋ ਮੁਹਈਆ ਨਹੀਂ ਕਰਵਾਈ ਗਈ ਪ੍ਰੰਤੂ ਡੇਰੇ ਅੰਦਰ ਖੜੀਆਂ ਇਨ੍ਹਾਂ ਕਾਰਸੇਵਾ ਵਾਲੇ ਬਾਬਿਆਂ ਦੀਆਂ ਗੱਡੀਆਂ ਅਤੇ ਮੁੰਬਈ ਤੇ ਹੋਰ ਸਥਾਨਾਂ ਤੋਂ ਪੁਜੇ ਬਾਬਾ ਸਮਰਥਕ ਸਿੱਖਾਂ ਦੀ ਮੌਜੂਦਗੀ ਸਾਫ਼ ਕਰ ਰਹੀ ਸੀ ਕਿ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਸਹਿਯੋਗ ਜਾਰੀ ਹੈ। ਦੇਰ ਸ਼ਾਮ ਜਾਣਕਾਰਾਂ ਨੇ ਸਿਰਫ਼ ਐਨੀ ਹੀ ਜਾਣਕਾਰੀ ਦਿਤੀ ਹੈ ਕਿ ਅੱਜ ਦੀ ਇੱਕਤਰਤਾ ਵਿਚ ਪੁੱਜੇ ਮਹਾਂਪੁਰਸ਼ਾਂ ਨੇ ਬਾਬਾ ਜਗਤਾਰ ਸਿੰਘ ਦੁਆਰਾ ਕੀਤੇ ਜਾ ਰਹੇ ਕਾਰਜਾਂ ਪ੍ਰਤੀ ਵਿਸ਼ਵਾਸ ਪ੍ਰਗਟਾਇਆ ਹੈ।