ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਗੁੰਮ ਸਰੂਪਾਂ ਦੇ ਮਸਲੇ ਤੇ ਹੋਵੇਗਾ : ਅਮਰੀਕ ਸਿੰਘ ਸ਼ਾਹਪੁਰ
ਅੰਤ੍ਰਿਗ ਕਮੇਟੀ ਦੀ ਬੈਠਕ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ 328 ਸਰੂਪਾਂ, ਗਲਤ ਨਿਯੁਕਤੀਆਂ, ਤਰੱਕੀਆਂ ਤੇ ਸਿੱਖ ਰੈਫ਼ਰੈਂਸ ਲਾਇਬਰੇਰੀ ਦੇ ਮੁੱਦੇ ਉਠੇ
ਅੰਮ੍ਰਿਤਸਰ ( ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ’ਚ ਅਮਰੀਕ ਸਿੰਘ ਸ਼ਾਹਪੁਰ ਨੇ ਗੁੰਮ ਹੋਏ 328 ਸਰੂਪਾਂ ਦਾ ਮਸਲਾ ਉਠਾਂਉਦਿਆਂ ਕਿਹਾ ਕਿ ਇਸ ਸਬੰਧੀ ਬਣੀ ਕਮੇਟੀ ਬਾਅਦ ਤਿੰਨ ਬੈਠਕਾਂ ਹੋ ਚੁਕੀਆਂ ਹਨ ਪਰ ਅਜਿਹੇ ਗੰਭੀਰ ਮਾਮਲੇ ਨੂੰ ਲਮਕਾਇਆ ਤੇ ਦਬਾਇਆ ਜਾ ਰਿਹਾ ਹੈ ਤਾਂ ਜੋ ਦੋਸ਼ੀ ਬਚਾਏ ਜਾ ਸਕਣ ਅਤੇ ਨਿਰਦੋਸ਼ਾਂ ਵਿਰੁਧ ਕਾਰਵਾਈ ਕੀਤੀ ਜੀ ਸਕੇ ।
ਸ਼ਾਹਪੁਰ ਨੇ ਦਾਅਵਾ ਕੀਤਾ ਕਿ ਬਾਦਲ ਦਲ ਨੂੰ ਬਹਿਬਲ ਗੋਲੀ ਕਾਂਡ ਨੇ ਲੱਕਤੋੜ ਹਾਰ ਦਿਤੀ ਸੀ ਤੇ ਹੁਣ 328 ਪਾਵਨ ਸਰੂਪਾਂ ਦਾ ਮਸਲਾ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਕਰ ਦੇਵੇਗਾ। ਉਨ੍ਹਾਂ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਣ ਦਾ ਗੰਭੀਰ ਕੇਸ ਹੋਵੇ ਤੇ ਦੋਸ਼ੀਆਂ ਵਿਰੁਧ ਕਾਰਵਾਈ ਨਾ ਹੋਵੇ ਤਾਂ ਇਹ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਦਸਿਆ ਕਿ ਉਹ ਆਖ ਰਹੇ ਹਨ ਕਿ ਇਹ ਸਰੂਪ ਲਾਪਤਾ ਨਹੀਂ ਹੋਏ, ਸਗੋਂ ਸਹੀ ਥਾਂ ਗਏ ਹਨ ਪਰ ਇਹ ਕਿਸ ਤਰ੍ਹਾਂ ਪਤਾ ਲੱਗੇਗਾ? ਉਹ ਚੁਨੌਤੀ ਦਿੰਦੇ ਹਨ ਕਿ ਇਸ ਦਾ ਕੀ ਸਬੂਤ ਹੈ, ਜੇਕਰ ਹੈ ਤਾਂ ਦਸਿਆ ਜਾਵੇ।
ਅੰਤ੍ਰਿਗ ਕਮੇਟੀ ਮੈਬਰ ਸ਼ਾਹਪੁਰ ਨੇ ਕੋਰ ਕਮੇਟੀ ’ਚ ਉਠਾਏ ਗਏ ਇਸ ਸਬੰਧੀ ਮਸਲੇ ਚ ਬਾਰੇ ਦਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਹ ਮਾਮਲਾ ਸਾਂਭ ਲਿਆ ਹੈ ਪਰ ਜਾਣ-ਬੁਝ ਕੇ ਜਾਂਚ ਨੂੰ ਲਮਕਾਇਆ ਜਾ ਰਿਹਾ ਹੈ। ਦੂਸਰੇ ਅੰਤ੍ਰਿਗ ਕਮੇਟੀ ਮੈਬਰ ਮਿੱਠੂ ਸਿੰਘ ਕਾਹਨਕੇ ਨੇ ਨਿਯੁਕਤੀਆਂ ਦਾ ਮਸਲਾ ਉਠਾਂਉਦਿਆਂ ਕਿਹਾ ਕਿ 14-15 ਇੰਸਪੈਕਟਰਾਂ,ਤਰੱਕੀਆਂ,ਨਿਯਮਾਂ ਅਨੁਸਾਰ ਨਹੀ ਹੋਈਆਂ ,ਇਸ ਲਈ ਇਹ ਰਦ ਕੀਤੀਆਂ ਜਾਣ।
ਇਹ ਮਸਲਾ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਦੇ ਸਮੇ ਦਾ ਹੈ ਤੇ ਇਸ ਬਾਰੇ ਬਣੀ ਕਮੇਟੀ ਰਿਪੋਰਟ ਪੇਸ਼ ਨਹੀਂ ਕਰ ਰਹੀ। ਮਿੱਠੂ ਸਿੰਘ ਮੁਤਾਬਕ ਪ੍ਰਧਾਨ ਦੀ ਚੋਣ ਤੋ ਪਹਿਲਾਂ ਚੋਣ ਜਾਬਤਾ ਲਗ ਜਾਂਦਾ ਹੈ ਪਰ ਨਿਯਮਾਂ ਦੀ ਪਾਲਣਾ ਨਹੀ ਕੀਤੀ ਗਈ। ਇਸ ਦੌਰਾਨ ਸਿੱਖ ਰੈਫਰੈਸ ਲਾਇਬ੍ਰੇਰੀ ਬਾਰੇ ਸਟੇਟਸ ਰਿਪੋਰਟ ਮੰਗੀ ਗਈ ਪਰ ਤਸੱਲੀਬਖਸ਼ ਜਵਾਬ ਨਹੀ ਮਿਲਿਆ। ਹੁਣ ਇਹ ਤੇ ਹੋਰ ਮੱਸਲੇ ਅਗਲੀ ਮੀਟਿੰਗ ਚ ਏਜੰਡੇ ਤੇ ਲਿਆਂਦੇ ਜਾਣਗੇ ।