Panthak News: ਹਰਮੀਤ ਸਿੰਘ ਕਾਲਕਾ ਦੀ ਜਥੇਦਾਰ ਨੂੰ ਅਪੀਲ, ‘ਲੋਕ ਸਭ ਚੋਣਾਂ 'ਚ ਸਿੱਖ ਕਿਸ ਨੂੰ ਪਾਉਣ ਵੋਟ?’

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਕਾਲਕਾ ਨੇ ਭਾਜਪਾ ਦਾ ਸਮਰਥਨ ਕਰਨ ਦਾ ਕੀਤਾ ਦਾਅਵਾ

Harmeet Singh Kalka

Panthak News: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਵੋਟਿੰਗ ਕਰਨ ਨੂੰ ਲੈ ਕੇ ਸਿੱਖ ਦੁਚਿੱਤੀ ਵਿਚ ਹਨ। ਇਸ ਲਈ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਇਸ ਦੌਰਾਨ ਦਿੱਲੀ ਕਮੇਟੀ ਦੇ ਪ੍ਰਧਾਨ ਨੇ ਭਾਜਪਾ ਦਾ ਸਮਰਥਨ ਕਰਨ ਦੀ ਗੱਲ ਵੀ ਕਹੀ ਹੈ।

ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਮੈਂ ਅਪੀਲ ਕਰਦਾ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਪੱਸ਼ਟ ਕਰਨ ਕਿ ਸਿੱਖਾਂ ਨੂੰ ਕਿਸ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਦਿੱਲੀ ਜਾ ਕੇ ਅਪਣੇ ਬਿਆਨ ਬਦਲ ਲੈਂਦੇ ਹਨ। ਕਾਲਕਾ ਨੇ ਅਪੀਲ ਕੀਤੀ, ‘ਜਥੇਦਾਰ ਸਾਹਿਬ ਸਿੱਖਾਂ ਨੂੰ ਸੰਦੇਸ਼ ਦੇਣ ਕਿ ਸਿੱਖ ਮੋਦੀ ਦੀ ਪਾਰਟੀ ਭਾਜਪਾ ਨੂੰ ਵੋਟ ਪਾਉਣ, ਜਿਸ ਨੇ ਸਿੱਖਾਂ ਲਈ ਕੰਮ ਕੀਤੇ ਜਾਂ ਉਸ ਪਾਰਟੀ ਨੂੰ ਵੋਟ ਪਾਉਣ, ਜਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲਾ ਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ?’

ਹਰਮੀਤ ਸਿੰਘ ਕਾਲਕਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵਲੋਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਹੀ ਸਮਰਥਨ ਦਿਤਾ ਜਾਵੇਗਾ ਕਿਉਂਕਿ ਹੋਰ ਕੋਈ ਪਾਰਟੀ ਅਜਿਹੀ ਨਹੀਂ ਹੈ, ਜੋ ਸਿੱਖਾਂ ਦੀ ਗੱਲ ਕਰੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ, ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਵਿਰੁਧ ਕਾਰਵਾਈ ਤੋਂ ਇਲਾਵਾ ਸਿੱਖ ਭਾਈਚਾਰੇ ਦੇ ਅਨੇਕਾਂ ਮਸਲੇ ਹੱਲ ਕੀਤੇ ਹਨ। ਇਸ ਲਈ ਸਿੱਖਾਂ ਕੋਲ ਹੋਰ ਕੋਈ ਵਿਕਲਪ ਨਹੀਂ ਹੈ।

ਕਾਲਕਾ ਦਾ ਕਹਿਣਾ ਹੈ ਕਿ ਪੰਥਕ ਸਰਕਾਰ ਦੌਰਾਨ ਪੰਜਾਬ ਵਿਚ ਬੇਅਦਬੀਆਂ ਦੇ ਮਾਮਲੇ ਸਾਹਮਣੇ ਆਏ, ਕਿਸੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕੀਤੀ, ਡੇਰਿਆਂ ਦੇ ਮੁਖੀਆਂ ਨੂੰ ਮੁਆਫ਼ੀ ਦਿਤੀ ਗਈ। ਭਾਜਪਾ ਨਾਲ ਗਠਜੋੜ ਵਿਚ ਰਹਿੰਦਿਆਂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਸਿੱਖਾਂ ਦੇ ਮਸਲੇ ਨਹੀਂ ਚੁੱਕੇ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ ਕਮੇਟੀ ਵਿਚ ਸਿਆਸੀ ਆਗੂਆਂ ਦੀ ਸ਼ਮੂਲੀਅਤ ਨੂੰ ਲੈ ਕੇ ਕਾਲਕਾ ਨੇ ਕਿਹਾ ਕਿ ਇਸ ਕਮੇਟੀ ਵਿਚ ਸਿਆਸੀ ਆਗੂ ਨਹੀਂ ਹੋਣੇ ਚਾਹੀਦੇ, ਇਹੀ ਕਾਰਨ ਹੈ ਕਿ ਹੁਣ ਤਕ ਕਮੇਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦਾ ਸਮਾਂ ਨਹੀਂ ਮਿਲ ਸਕਿਆ।