ਲੋੜ ਹੈ ਇਕ ਗੁਰਸਿੱਖ ਧਾਰਮਕ ਸੇਵਾਦਾਰ ਦੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜੋ ਪਾਠ ਤੇ ਕੀਰਤਨ ਵੀ ਕਰ ਸਕਦਾ ਹੋਵੇ, ਤਬਲਾ ਵਜਾਉਣਾ  ਵੀ ਆਉਂਦਾ ਹੋਵੇ ਰਸੋਈ ਦੀ ਸੇਵਾ ਵੀ ਨਿਭਾਅ ਸਕਦਾ ਹੋਵੇ

Gurdwara Sahib

ਅੱਜ ਬੇਰੁਜ਼ਗਾਰੀ ਦੀ ਚੱਲ ਰਹੀ ਹਵਾ ਤੁਫ਼ਾਨ ਦਾ ਰੂਪ ਧਾਰਨ ਕਰ ਚੁੱਕੀ ਹੈ। ਮੇਰੇ ਕੋਲ ਬਹੁਤ ਸਾਰੇ ਨੌਜੁਆਨ ਨੌਕਰੀਆਂ ਬਾਰੇ ਪੁਛਦੇ ਰਹਿੰਦੇ ਹਨ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਸੱਜੇ ਖੱਬੇ ਜਿੱਥੇ ਕਿਤੇ ਲੋੜ ਹੋਵੇ ਦੱਸ ਪਾ ਦਿੰਦਾ ਹਾਂ, ਅੱਗੋਂ ਅਗਲੇ ਦੀ ਕਿਸਮਤ। ਇਸ ਸੱਭ ਦਾ ਮੈਨੂੰ ਏਨਾ ਕੁ ਫ਼ਾਇਦਾ ਹੁੰਦਾ ਹੈ ਕਿ ਜੇਕਰ ਕੋਈ ਨੌਕਰੀ ਲੱਗ ਜਾਵੇ ਤਾਂ ਆਤਮਕ ਸਕੂਨ ਬਹੁਤ ਮਿਲਦਾ ਹੈ। ਮੈਂ ਲਗਭਗ ਸਾਰੀਆਂ ਹੀ ਪੰਜਾਬੀ ਦੀਆਂ ਅਖ਼ਬਾਰਾਂ ਪੜ੍ਹਦਾ ਹਾਂ, ਪੜ੍ਹਨਾ ਮੇਰਾ ਸ਼ੌਕ ਹੈ ਤੇ ਕੁੱਝ ਦਿਨਾਂ ਤੋਂ ਨੌਕਰੀਆਂ ਵਾਲੇ ਕਾਲਮ ਵੀ ਪੜ੍ਹ ਰਿਹਾ ਹਾਂ ਤਾਕਿ ਕਿਸੇ ਦਾ ਭਲਾ ਹੋ ਸਕੇ ਤੇ ਜੇਕਰ ਕੋਈ ਅਪਣੇ ਲਈ ਵੀ ਚੰਗਾ ਕੰਮ ਲੱਭ ਜਾਵੇ ਤਾਂ ਕੀ ਮਾੜਾ ਹੈ?

ਖ਼ੈਰ! ਬਹੁਤ ਸਾਰੀਆਂ ਵੰਨ-ਸੁਵੰਨੀਆਂ ਨੌਕਰੀਆਂ ਹੁੰਦੀਆਂ ਹਨ ਪਰ ਇਕ ਇਸ਼ਤਿਹਾਰ ਨੇ ਮਨ ਅੰਦਰ ਏਨੀ ਖਲਬਲੀ ਪੈਦਾ ਕੀਤੀ ਕਿ ਹਥਲਾ ਲੇਖ ਲਿਖਣ ਲਈ ਮਜਬੂਰ ਹੋਣਾ ਪਿਆ। ਸਿੱਖ ਕੌਮ ਦੇ ਹਾਲਾਤ ਤੋਂ ਅਸੀ ਸਾਰੇ ਜਾਣੂ ਹਾਂ। ਕਿਉਂਕਿ ਸਿੱਖ ਆਗੂਆਂ, ਪ੍ਰਚਾਰਕਾਂ, ਕਥਾਵਾਚਕਾਂ ਦੇ ਅਧੂਰੇ ਗਿਆਨ ਸਦਕਾ ਬਾਬੇ ਨਾਨਕ ਜੀ ਦੀ ਬਾਣੀ ਦਾ ਅਸਲ ਸੱਚ ਅੱਜ ਵੀ ਦਬਿਆ ਹੀ ਪਿਆ ਹੈ।  ਅੱਜ ਅਸੀ ਇਕ ਦੂਜੇ ਵਿਰੁਧ ਦੂਸ਼ਣਬਾਜ਼ੀਆਂ, ਅਖ਼ਬਾਰੀ ਬਿਆਨਾਂ ਵਿਚ ਹੀ ਉਲਝੇ ਰਹਿੰਦੇ ਹਾਂ ਪਰ ਅਸਲ ਘਾਟ ਕਿਥੇ ਹੈ, ਕਦੇ ਲੱਭਣ ਦਾ ਯਤਨ ਨਹੀਂ ਕੀਤਾ।

ਇਸੇ ਤਰ੍ਹਾਂ ਦੀ ਕੇਵਲ ਇਕ ਘਾਟ ਬਾਰੇ ਅੱਜ ਜ਼ਿਕਰ ਕਰਾਂਗਾ। ਕੌਮ ਦੇ ਸੱਭ ਤੋਂ ਕਰੀਬ ਜੇਕਰ ਕੋਈ ਤਬਕਾ ਹੁੰਦਾ ਹੈ ਤਾਂ ਉਹ ਹੈ ਗ੍ਰੰਥੀ ਸਿੰਘਾਂ ਦਾ। ਪੂਰੇ ਵਿਸ਼ਵ ਵਿਚ ਸ਼ਾਇਦ ਹੀ ਕੋਈ ਅਜਿਹਾ ਸਿੱਖ ਪ੍ਰਵਾਰ ਹੋਵੇਗਾ ਜਿਸ ਨੇ ਅਪਣੇ ਗ੍ਰਹਿ ਵਿਖੇ ਜਾਂ ਖ਼ੁਸ਼ੀ-ਗ਼ਮੀ ਮੌਕੇ ਅਪਣੇ ਘਰ ਅਖੰਡ ਪਾਠ, ਸਹਿਜ ਪਾਠ ਜਾਂ ਸੁਖਮਨੀ ਸਾਹਿਬ ਦਾ ਪਾਠ ਨਾ ਕਰਵਾਇਆ ਹੋਵੇ। ਹੁਣ ਲੇਖ ਦੇ ਸਿਰਲੇਖ ਤੇ ਵਿਸ਼ੇ ਬਾਰੇ ਗੱਲ ਕਰਦਾ ਹਾਂ। ਪਿੱਛੇ ਦੱਸ ਆਇਆ ਹਾਂ ਅਖ਼ਬਾਰਾਂ ਪੜ੍ਹਨ ਬਾਰੇ ਤੇ ਉਸ ਵਿਚ ਛਪੇ ਸਿਰਲੇਖਵਾਰ ਇਸ਼ਤਿਹਾਰਾਂ ਬਾਰੇ।

ਸੋ ਇਕ ਇਸ਼ਤਿਹਾਰ ਪੜ੍ਹਿਆ ਜੋ ਕਿ ਗੁਰਦਵਾਰਾ ਕਮੇਟੀ ਵਲੋਂ ਪ੍ਰਕਾਸ਼ਤ ਕੀਤਾ ਗਿਆ ਸੀ ਜਿਸ ਦਾ ਸਿਰਲੇਖ ਸੀ 'ਗੁਰਸਿੱਖ ਧਾਰਮਕ ਸੇਵਾਦਾਰ ਦੀ ਲੋੜ ਹੈ' ਇਸ ਤੇ ਮੇਰੀ ਨਿਗ੍ਹਾ ਪਈ ਤਾਂ ਬੜੀ ਖ਼ੁਸ਼ੀ ਹੋਈ ਕਿਉਂਕਿ ਕੋਰੋਨਾ ਮਹਾਂਮਾਰੀ ਦਾ ਅਸਰ ਧਾਰਮਕ ਸੇਵਾਵਾਂ ਨਿਭਾਉਣ ਵਾਲੇ ਵਿਅਕਤੀਆਂ ਤੇ ਵੀ ਡਾਹਢਾ ਪਿਆ ਹੈ ਪਰ ਜਿਵੇਂ ਜਿਵੇਂ ਇਸ਼ਤਿਹਾਰ ਵਿਚ ਦੱਸੇ ਗਏ ਮੁੱਖ ਕੰਮ ਤੇ ਸ਼ਰਤਾਂ ਪੜ੍ਹੀਆਂ ਤਾਂ ਮਨ ਕੁਰਲਾ ਉਠਿਆ ਕਿ ਸੇਵਾਦਾਰ ਚਾਹੀਦਾ ਹੈ ਜਾਂ ਖੱਚਰ? ਉਹ ਇਸ ਪ੍ਰਕਾਰ ਸਨ :- (1) ਸਵੇਰੇ ਸ਼ਾਮ ਕੀਰਤਨ ਕਰ ਸਕਦਾ ਹੋਵੇ, (2) ਨਿੱਤਨੇਮ ਤੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਆਉਂਦਾ ਹੋਵੇ, (3) ਤਬਲਾ ਵਜਾਉਣਾ ਜਾਣਦਾ ਹੋਵੇ।

ਸਵੇਰੇ ਸ਼ਾਮ ਕੀਰਤਨ ਉਹੀ ਕਰ ਸਕਦੈ ਜਿਸ ਨੇ ਬਕਾਇਦਾ ਉਸਤਾਦ ਧਾਰ ਕੇ ਕੀਰਤਨ ਜਾਂ ਰਾਗ ਵਿਦਿਆ ਹਾਸਲ ਕੀਤੀ ਹੋਵੇ ਜਾਂ ਘੱਟੋ-ਘੱਟ 5 ਸਾਲ ਹਾਰਮੋਨੀਅਮ ਦੀ ਤਾਲੀਮ ਇਕ ਚੰਗੇ ਉਸਤਾਦ ਕੋਲੋਂ ਹਾਸਲ ਕੀਤੀ ਹੋਵੇ ਜਾਂ ਫਿਰ ਕਿਸੇ ਕਾਲਜ ਜਾਂ ਯੂਨੀਵਰਸਟੀ ਤੋਂ ਕੀਰਤਨ ਵਿਚ ਗ੍ਰੈਜੂਏਸ਼ਨ, ਪੋਸਟ-ਗ੍ਰੈਜੂਏਸ਼ਨ ਜਾਂ ਫਿਰ ਕਿਸੇ ਧਾਰਮਕ ਅਕੈਡਮੀ ਤੋਂ ਕੀਰਤਨ ਦਾ ਡਿਪਲੋਮਾ ਕੀਤਾ ਹੋਵੇ ਤੇ ਸ਼ੁੱਧ ਰਾਗਾਂ ਵਿਚ ਗੁਰਬਾਣੀ ਗਾਇਨ ਕਰਨ ਦੀ ਮੁਹਾਰਤ ਹੋਵੇ।

ਨਿੱਤਨੇਮ ਅਤੇ ਸੁਖਮਨੀ ਸਾਹਿਬ ਦਾ ਪਾਠ ਇਕ ਕੀਰਤਨੀਆ ਬੇਸ਼ਕ ਕਰ ਸਕਦਾ ਹੈ ਤੇ ਇਕ ਸੇਵਾਦਾਰ ਅਪਣੇ ਲਈ ਸੋਹਣਾ ਨਿੱਤਨੇਮ ਕਰਦਾ ਹੋ ਸਕਦਾ ਹੈ ਪਰ ਸੰਗਤੀ ਰੂਪ ਵਿਚ ਵੀ ਕਰ ਸਕਦਾ ਹੋਵੇ, ਜ਼ਰੂਰੀ ਨਹੀਂ।  ਜੇ ਸੰਭਵ ਵੀ ਹੋਵੇ ਤਾਂ ਜ਼ਰੂਰੀ ਨਹੀਂ ਕਿ ਉਹ ਉਪਰਲੀ ਪਹਿਲੀ ਸ਼ਰਤ ਨੂੰ ਪੂਰਾ ਕਰ ਸਕਦਾ ਹੋਵੇਗਾ। ਤਬਲਾ ਜੋੜੀ ਦਾ ਚੱਟੂ (ਸੱਜਾ ਤਬਲਾ) ਉਤੇ ਵਜਾਏ ਜਾਣ ਵਾਲੇ ਬੋਲਾਂ ਤਿੰ-ਤਿੰ/ਨਾ-ਨਾ ਨੂੰ ਪੂਰੀ ਤਰ੍ਹਾਂ ਸ਼ੁੱਧ ਵਜਾਉਣ ਲਈ ਘੱਟੋ-ਘੱਟ ਛੇ ਮਹੀਨੇ ਸਮਾਂ ਲੋੜੀਂਦਾ ਹੈ ਤੇ ਉਹ ਵੀ ਉਸਤਾਦ ਦੀ ਦੇਖ-ਰੇਖ ਹੇਠ। ਫਿਰ ਜਾ ਕੇ ਡੁੱਗੀ/ਧਾਮਾ (ਖੱਬੇ ਤਬਲੇ) ਤੇ ਹੱਥ ਰਖਣਾ ਸਿਖਾਇਆ ਜਾਂਦਾ ਹੈ।

 

ਦੋਹਾਂ ਨੂੰ ਇਕੱਠੇ ਵਜਾਉਣਾ ਸ਼ੁਰੂ ਕਰਨ ਲਈ ਅੱਠ ਮਹੀਨੇ ਤੇ ਚੰਗੀ ਤਰ੍ਹਾਂ ਕੁੱਝ ਪ੍ਰਚਲਿਤ ਤਾਲਾਂ ਦੇ ਠੇਡੇ ਸ਼ੁੱਧ ਅਤੇ ਭਰਵੇਂ ਸੁਰ ਵਿਚ ਵਜਾਉਣ ਲਈ ਇਕ ਸਾਲ ਤੋਂ ਵੱਧ ਸਮਾਂ ਚਾਹੀਦਾ ਹੈ। ਤਬਲਾ ਵਜਾਉਣਾ ਇਕ ਕਲਾ ਹੈ। ਘੰਟਿਆਂਬੱਧੀ ਅਭਿਆਸ, ਸਹੀ ਤਾਲੀਮ ਹਾਸਲ ਕਰਨ ਤੋਂ ਬਾਅਦ ਵਿਅਕਤੀ ਤਬਲਾ ਵਾਦਕ ਵਜੋਂ ਪਹਿਚਾਣ ਬਣਾਉਂਦਾ ਹੈ। ਪਰ ਇਨ੍ਹਾਂ ਸਾਜ਼ਾਂ ਨੂੰ ਸਿਖਣ ਸਮਝਣ ਅਤੇ ਵਜਾਉਣ ਦੇ ਕਾਬਲ ਹੋਣ ਤੋਂ ਬਾਅਦ ਉਹ ਸਿਰਫ਼ ਇਕ ਧਾਰਮਕ ਸੇਵਾਦਾਰ ਦੀ ਹੀ ਕਿਉਂ ਪੋਸਟ ਚੁਣੇਗਾ?

ਇਸ਼ਤਿਹਾਰ ਵਿਚ ਉਕਤ 'ਗੁਰਸਿੱਖ ਧਾਰਮਕ ਸੇਵਾਦਾਰ' ਦੀ ਆਸਾਮੀ ਲਈ ਉਪਰੋਕਤ ਕੰਮ ਆਉਂਦੇ ਹੋਣ ਜ਼ਰੂਰੀ ਤਾਂ ਹਨ ਹੀ ਪਰ ਫਿਰ ਵੀ ਅਜੇ ਕੁੱਝ ਸ਼ਰਤਾਂ ਬਾਕੀ ਨੇ। ਆਉ, ਉਨ੍ਹਾਂ ਵਲ ਧਿਆਨ ਮਾਰਦੇ ਹਾਂ :-
(1) ਕੀਰਤਨ ਕਰਨ ਦੇ ਯੋਗ ਹੋਵੇ (2) ਧਾਰਮਕ ਕਾਰਜਾਂ ਸਬੰਧੀ ਹੋਰ ਡਿਊਟੀਆਂ ਵੀ ਕਰ ਸਕਦਾ ਹੋਵੇ (3) ਰਸੋਈ ਦੀਆਂ ਸੇਵਾਵਾਂ ਵੀ ਨਿਭਾਅ ਸਕਦਾ ਹੋਵੇ (4) ਪੰਜਾਬੀ ਪੜ੍ਹ ਅਤੇ ਬੋਲ ਸਕਦਾ ਹੋਵੇ (5) ਸੋਹਣਾ ਤਜੁਰਬਾ ਹੋਣਾ ਜ਼ਰੂਰੀ ਹੈ।

ਇਹ ਕੀਰਤਨ ਵਾਲੀ ਗੱਲ ਤਾਂ ਸੇਵਾਦਾਰ ਦੇ ਮੁੱਖ ਕੰਮ ਵਿਚ ਪਹਿਲੇ ਨੰਬਰ ਤੇ ਪਹਿਲਾਂ ਹੀ ਦਰਜ ਕਰ ਦਿਤੀ ਗਈ ਸੀ ਪਰ ਦੁਬਾਰਾ ਸ਼ਰਤਾਂ ਵਿਚ ਵੀ ਸ਼ਾਮਲ ਕੀਤੀ ਗਈ। ਧਾਰਮਕ ਕਾਰਜਾਂ ਸਬੰਧੀ ਹੋਰ ਡਿਊਟੀਆਂ ਵਿਚ ਵੇਰਵਾ ਦਰਜ ਨਹੀਂ ਕੀ-ਕੀ ਕੰਮ ਕਰਨਾ ਪੈ ਸਕਦਾ ਹੈ ਕਿਉਂਕਿ ਸੇਵਾ ਦੇ ਨਾਂ ਤੇ ਤਾਂ ਕੁੱਝ ਵੀ ਕਰਨ ਨੂੰ ਕਿਹਾ ਜਾ ਸਕਦਾ ਹੈ। ਰਸੋਈ ਦੀਆਂ ਸੇਵਾਵਾਂ ਯਾਨੀ ਹਲਵਾਈ ਕਿਹਾ ਜਾ ਸਕਦਾ ਹੈ। ਜੇ ਤਾਂ ਕੜਾਹ ਪ੍ਰਸ਼ਾਦ ਬਣਾਉਣ ਤਕ ਦੀ ਸੇਵਾ ਹੈ ਤਾਂ ਕੋਈ ਮਾੜੀ ਗੱਲ ਨਹੀਂ ਪਰ ਤਾਂ ਵੀ ਇਸ ਨੂੰ ਵਖਰੇ ਤੌਰ ਤੇ ਲਿਖਣ ਦੀ ਲੋੜ ਨਹੀਂ ਸੀ। ਪਰ ਇਸ ਤੋਂ ਇਹ ਸਾਬਤ ਜ਼ਰੂਰ ਹੁੰਦਾ ਹੈ ਕਿ ਰਸੋਈ ਵਿਚ ਪ੍ਰਧਾਨ ਸਾਹਿਬ ਜਾਂ ਹੋਰ ਮੈਂਬਰਾਂ ਜਾਂ ਫਿਰ ਕਿਸੇ ਹੋਰ ਮਕਸਦ ਲਈ ਭੋਜਨ ਤੇ ਚਾਹ ਆਦਿ ਦੇ ਪ੍ਰਬੰਧ ਕਰਨ ਦੀ ਸੇਵਾ ਸੇਵਾਦਾਰ ਕੋਲੋਂ ਲਈ ਜਾ ਸਕਦੀ ਹੈ।

 

ਜਦਕਿ ਰਸੋਈ ਕਲਾ ਲਈ ਅਪਣੇ ਲਈ ਪਕਾਉਣ ਦਾ ਤਾਂ ਹਰ ਕੋਈ ਯਤਨ ਕਰ ਸਕਦਾ ਹੈ ਪਰ ਇਕ ਰਸੋਈਏ ਦਾ ਕੰਮ ਵੀ ਸੇਵਾਦਾਰ-ਕਮ-ਕੀਰਤਨੀਆ-ਕਮ-ਤਬਲਾ ਵਾਦਕ-ਕਮ-ਗ੍ਰੰਥੀ ਸਿੰਘ ਕੋਲੋਂ ਹੀ ਲੈਣ ਦੀ ਇੱਛਾ ਕਰਨਾ ਪੂਰਨ ਤੌਰ ਤੇ ਲਾਲਚੀ ਬਿਰਤੀ ਹੈ। ਪੰਜਾਬੀ ਪੜ੍ਹਨੀ ਬੋਲਣੀ ਆਉਂਦੀ ਹੋਣਾ, ਇਕ ਸੇਵਾਦਾਰ ਲਈ ਬਹੁਤ ਜ਼ਰੂਰੀ ਹੈ। ਇਹ ਸ਼ਰਤ ਬਿਲਕੁਲ ਵਾਜਬ ਹੈ। ਇਥੇ ਭਾਵੇਂ ਇਹ ਵੀ ਸ਼ਾਮਲ ਕਰ ਲਿਆ ਜਾਂਦਾ ਕਿ ਮੁਢਲੀ ਅੰਗ੍ਰੇਜ਼ੀ ਦੀ ਵੀ ਜਾਣਕਾਰੀ ਹੋਵੇ ਤਾਂ ਕੋਈ ਉਜ਼ਰ ਨਹੀਂ ਸੀ ਹੋਣਾ। ਸੋਹਣਾ ਤਜੁਰਬਾ ਹੋਵੇ। ਇਹ ਸਮਝਣਾ ਥੋੜਾ ਔਖਾ ਸੀ ਕਿ ਹੁਣ ਸੋਹਣਾ ਤਜ਼ੁਰਬਾ ਸਾਰੇ ਕੰਮਾਂ ਦਾ ਹੋਵੇ ਜਾਂ ਫਿਰ ਕਿਸੇ ਇਕ ਕੰਮ ਦਾ?

ਉੁਪਰੋਕਤ ਇਸ਼ਤਿਹਾਰ ਵਿਚ ਗੁਰਸਿੱਖ ਧਾਰਮਕ ਸੇਵਾਦਾਰ ਦੇ ਕੰਮ ਅਤੇ ਸ਼ਰਤਾਂ ਪੜ੍ਹ ਕੇ ਪਾਠਕਾਂ ਦੇ ਮਨਾਂ ਅੰਦਰ ਵੀ ਹੈਰਾਨੀ ਤਾਂ ਜ਼ਰੂਰ ਪੈਦਾ ਹੋਈ ਹੋਵੇਗੀ। ਕਿਹੜਾ ਮਾਤਾ-ਪਿਤਾ ਚਾਹੇਗਾ ਕਿ ਸਾਡਾ ਬੱਚਾ ਇਸ ਖੇਤਰ ਵਿਚ ਜਾਵੇ? ਸਾਡਾ ਫ਼ਰਜ਼ ਤਾਂ ਹੋਣਾ ਚਾਹੀਦੈ ਕਿ ਕੌਮ ਦੇ ਯੋਗ ਕੀਰਤਨੀਏ, ਤਬਲਾ ਵਾਦਕਾਂ, ਗ੍ਰੰਥੀ ਸਿੰਘਾਂ, ਸੇਵਾਦਾਰਾਂ ਦਾ ਦਿਲੋਂ ਮਾਣ ਸਤਿਕਾਰ ਕਰ ਕੇ ਉਨ੍ਹਾਂ ਦੀ ਆਰਥਕ ਸਥਿਤੀ ਦੀ ਮਜ਼ਬੂਤੀ ਵਲ ਧਿਆਨ ਦਿਤਾ ਜਾਵੇ ਪਰ ਹੋ ਇਸ ਸੱਭ ਤੋਂ ਉਲਟ ਰਿਹਾ ਹੈ।

ਮੇਰਾ ਮਕਸਦ ਕਿਸੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਹੇਠੀ ਕਰਨਾ ਨਹੀਂ ਪਰ ਅੱਜ ਆਪਾ ਪੜਚੋਲਣ ਦੀ ਲੋੜ ਜ਼ਰੂਰ ਹੈ। ਮੈਨੂੰ ਯਾਦ ਹੈ ਜਦ ਦਸਵੀਂ ਜਮਾਤ ਤੋਂ ਬਾਅਦ ਤਬਲਾ ਵਾਦਨ ਵਿਚ ਤਿੰਨ ਸਾਲਾ ਕੋਰਸ ਪੂਰਾ ਕੀਤਾ ਤੇ ਨਾਲ ਹੀ ਪ੍ਰਾਚੀਨ ਕਲਾ ਕੇਂਦਰ ਤੋਂ ਤਬਲਾ ਵਾਦਨ ਵਿਚ ਸੰਗੀਤ ਭੂਸ਼ਨ ਕਰਨ ਉਪਰੰਤ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿਖੇ ਤਬਲਾ ਵਾਦਕ (ਜੋੜੀ ਵਾਲਾ) ਦੀ ਆਸਾਮੀ ਲਈ ਪੱਤਰ ਦੇਣ ਗਿਆ ਤਾਂ ਇਹ ਕਹਿ ਕੇ ਮੈਨੂੰ ਮੋੜ ਦਿਤਾ ਗਿਆ ਸੀ ਕਿ ਮੇਰੀ ਵਿਦਿਅਕ ਯੋਗਤਾ ਪੂਰੀ ਨਹੀਂ ਸੀ। ਉਸ ਤੋਂ ਬਾਅਦ ਬਾਰ੍ਹਵੀਂ ਜਮਾਤ ਵੀ ਪਾਸ ਕਰ ਲਈ ਪਰ ਨੌਕਰੀ ਨਾ ਮਿਲੀ। ਹੁਣ ਅਕਾਲ ਪੁਰਖ ਦੀ ਮਿਹਰ ਨਾਲ ਯੂਨੀਵਰਸਟੀ ਤੋਂ ਤਬਲਾ ਵਾਦਨ ਵਿਚ ਐੱਮ.ਏ. ਵੀ ਕਰ ਚੁਕਿਆ ਹਾਂ ਤੇ 'ਤਬਲਾ-ਸਿਧਾਂਤਕ ਪੱਖ' ਨਾਮੀ ਮੇਰੀ ਲਿਖੀ ਕਿਤਾਬ ਤੋਂ ਤਬਲਾ ਵਾਦਨ ਦੇ ਖੇਤਰ ਦੇ ਹਜ਼ਾਰਾਂ ਵਿਦਿਆਰਥੀ ਲਾਹਾ ਲੈ ਰਹੇ ਹਨ।

ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਸਨਿਮਰ ਬੇਨਤੀ ਹੈ ਕਿ ਕੁੱਝ ਤਾਂ ਲਿਹਾਜ਼ ਰੱਖੋ। ਜਿਹੜੀ ਯੋਗਤਾ ਅਸੀ ਸੇਵਾਦਾਰਾਂ, ਗ੍ਰੰਥੀ ਸਿੰਘਾਂ, ਗੁਰੂ ਕੇ ਕੀਰਤਨੀਏ ਤੋਂ ਭਾਲਦੇ ਹਾਂ ਉਹੀ ਯੋਗਤਾ ਪ੍ਰਬੰਧਕਾਂ ਵਿਚ ਵੀ ਵੇਖ ਲਿਆ ਕਰੋ। ਸਾਡੇ ਪ੍ਰਧਾਨ, ਮੀਤ ਪ੍ਰਧਾਨ, ਮੈਨੇਜਰ, ਜਨਰਲ ਮੈਨੇਜਰ, ਮੁੱਖ ਸਕੱਤਰ ਜਾਂ ਹੋਰ ਅਹੁਦਿਆਂ ਤੇ ਬੈਠੇ ਕੀ ਉਹ ਅਪਣੀ ਯੋਗਤਾ ਮੁਤਾਬਕ ਸਹੀ ਹਨ? ਆਉ! ਯੋਗ ਪ੍ਰਬੰਧਕਾਂ, ਸੇਵਾਦਾਰਾਂ ਤੇ ਗੁਰੂ ਘਰ ਦੇ ਪ੍ਰੇਮੀਆਂ ਦਾ ਬਣਦਾ ਮਾਣ ਸਤਿਕਾਰ ਕਰੀਏ ਤਾਕਿ ਉਹ ਗੁਰੂ ਦੀ ਗੱਲ ਹੋਰ ਵੀ ਮਜ਼ਬੂਤੀ, ਦਲੇਰੀ ਅਤੇ ਨਿਡਰਤਾ ਨਾਲ ਲੋਕਾਂ ਅੱਗੇ ਰੱਖ ਸਕਣ। ਵੱਧ-ਘੱਟ ਲਿਖੇ ਕਿਸੇ ਸ਼ਬਦ ਲਈ ਦਿਲੋਂ ਮਾਫ਼ੀ।
ਸੰਪਰਕ : 98150-24920