ਪੰਜਾਬ ਅੰਦਰ ਮੁੜ 1978 ਵਾਲਾ ਮਾਹੌਲ ਸਿਰਜਿਆ ਜਾ ਰਿਹੈ : ਭਾਈ ਭਿਉਰਾ
ਕਿਹਾ, ਬੇਗੁਨਾਹ ਸਿੱਖਾਂ ਦੀ ਹੋਲੀ ਖੇਡਣ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦੈ........
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਾਂਡ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਈ ਪਰਮਜੀਤ ਸਿੰਘ ਭਿਉਰਾ ਨੇ ਬੀਤੇ ਦਿਨੀਂ ਅਪਣੇ ਵੱਡੇ ਭਰਾਤਾ ਸ. ਜਰਨੈਲ ਸਿੰਘ ਭਿਉਰਾ ਨਾਲ ਕੀਤੀ ਮੁਲਾਕਾਤ ਵਿਚ ਕੌਮ ਦੇ ਨਾਮ ਭੇਜੇ ਸੰਦੇਸ਼ ਵਿਚ ਕਿਹਾ ਹੈ ਕਿ ਪੰਜਾਬ ਅੰਦਰ ਮੁੜ 1978 ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ। ਉਸ ਸਮੇਂ ਵੀ ਨਿਰੰਕਾਰੀ ਕਾਂਡ ਨੇ ਇਸ ਵਿਚ ਮੁੱਖ ਭੂਮਿਕਾ ਨਿਭਾਈ ਸੀ ਤੇ ਹੁਣ ਵੀ ਨਿਰੰਕਾਰੀ ਕਾਂਡ ਕਰ ਕੇ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਸਮੇਂ ਦੀ ਸਰਕਾਰ ਨੂੰ ਬੀਤੇ ਸਮੇਂ ਨੂੰ ਧਿਆਨ ਵਿਚ ਰਖਣਾ ਚਾਹੀਦਾ ਹੈ ਤੇ ਪੰਜਾਬ ਨੂੰ ਮੁੜ ਅੱਗ ਦੀ ਭੱਠੀ ਵਿਚ ਝੋਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸਾਡੀ ਇਹ ਚਿਰੋਕਣੀ ਮੰਗ ਹਮੇਸ਼ਾ ਤੋਂ ਰਹੀ ਹੈ ਕਿ ਗੁਰੂ ਖ਼ਾਲਸਾ ਪੰਥ ਦੀ ਅਗਵਾਈ ਅਤਿ ਦੇ ਕਾਬਲ ਲੋਕਾਂ ਦੇ ਹੱਥ ਵਿਚ ਹੋਣੀ ਚਾਹੀਦੀ ਹੈ। ਪਿਛਲੇ ਸਮਿਆਂ ਵਿਚ ਇਹ ਆਮ ਹੀ ਦੇਖਿਆ ਗਿਆ ਹੈ ਕਿ ਸਿੱਖ ਕੌਮ ਤੇ ਜਦੋਂ ਵੀ ਕੋਈ ਬਿਪਤਾ ਆਈ ਹੈ ਤਾਂ ਗੁਰੂ ਪੰਥ ਉਸ ਸਿਰ ਪਈ ਬਿਪਤਾ ਨੂੰ ਹੱਲ ਕਰਨ ਦੇ ਨੇੜੇ ਜਾ ਕੇ ਯੋਗ ਅਗਵਾਈ ਘਾਟ ਕਾਰਨ ਹਮੇਸ਼ਾ ਹੀ ਪ੍ਰਾਪਤੀ ਦੇ ਨੇੜੇ ਆ ਕੇ ਅਸੀ ਫ਼ੇਲ੍ਹ ਹੋ ਜਾਂਦੇ ਹਾਂ।
ਜਦੋਂ ਤਕ ਸਿੱਖ ਕੌਮ ਦੀ ਵਾਂਗਡੋਰ ਸੱਚੇ-ਸੁੱਚੇ ਗੁਰੂ ਪੰਥ ਨੂੰ ਸਮਰਪਿਤ ਸਿੱਖਾਂ ਦੇ ਹੱਥ 'ਚ ਨਹੀਂ ਆਉਂਦੀ ਉਦੋਂ ਤਕ ਕੌਮੀ ਪ੍ਰਾਪਤੀਆਂ ਬਹੁਤ ਹੀ ਮੁਸ਼ਕਲ ਹਨ। ਅਜੇ ਥੋੜਾ ਪਿਛੇ ਝਾਤ ਮਾਰਦਿਆਂ ਪਤਾ ਚਲ ਜਾਂਦਾ ਹੈ ਕਿ ਭਾਰਤ ਦੀ ਅਜ਼ਾਦੀ ਲਈ ਸਿੱਖਾਂ ਨੇ ਘੱਟ ਗਿਣਤੀ ਹੁੰਦਿਆਂ ਵੀ ਸੱਭ ਤੋਂ ਵੱਧ ਕੁਰਬਾਨੀ ਕੀਤੀਆਂ ਪਰ ਜਦੋਂ 1947 ਵੇਲੇ ਕੁੱਝ ਖੱਟਣ ਦਾ ਸਮਾਂ ਆਾਇਆ ਤਾਂ ਸਾਡੇ ਨਾਲਾਇਕ ਲੀਡਰ ਟੱਕੇ-ਟੱਕੇ ਦੇ ਭਾਅ ਵਿਕ ਗਏ ਭਾਵ ਕਿ ਬਿਨਾਂ ਕਿਸੇ ਪ੍ਰਾਪਤੀ ਤੋਂ ਕੌਮ ਖ਼ਾਲੀ ਹੱਥ ਰਹਿ ਗਈ ਜਿਸ ਦਾ ਖਮਿਆਜ਼ਾ ਅਸੀ ਅੱਜ ਤਕ ਭੁਗਤ ਰਹੇ ਹਾਂ। ਸੰਨ 2015 ਵਿਚ ਤਾਂ ਬਰਗਾੜੀ ਵਿਖੇ ਸੌਦਾ ਸਾਧ ਦੇ ਗੁੰਡਿਆਂ ਨੇ ਹੱਦ ਕਰ ਹੀ ਕਰ ਦਿਤੀ।
ਅਸੀ ਅੱਜ ਤਕ ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੁਰਾ, ਬਹਿਬਲ ਕਲਾਂ ਗੋਲੀਕਾਂਡ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦੇਣ ਲਈ ਸੰਘਰਸ਼ ਕਰ ਰਹੇ ਹਾਂ। ਗਿਆਨੀ ਗੁਰਬਚਨ ਸਿੰਘ ਦਾ ਅਕਾਲ ਤਖ਼ਤ ਦੀ ਜਥੇਦਾਰੀ ਦਾ ਕਾਰਜਕਾਲ ਸਿੱਖ ਇਤਿਹਾਸ ਵਿਚ ਸੱਭ ਤੋਂ ਕਲੰਕਿਤ ਸਮੇਂ ਦੇ ਰੂਪ ਵਿਚ ਯਾਦ ਕੀਤਾ ਜਾਵੇਗਾ। ਇੰਨਾ ਨਿਕੰਮਾ ਅਤੇ ਕੌਮ ਧ੍ਰੋਹੀ ਜਥੇਦਾਰ ਕੌਮ ਨੇ ਕਦੇ ਵੀ ਨਹੀਂ ਸੀ ਦੇਖਿਆ। ਸੌਦਾ ਸਾਧ ਨੂੰ ਮਾਫ਼ੀ ਦੇਣ ਦੀ ਬਜਰ ਗ਼ਲਤੀ ਕਰ ਕੇ ਜਿਵੇਂ ਗੁਰਬਚਨ ਸਿੰਘ ਬੇਸ਼ਰਮਾਂ ਵਾਂਗ ਜਥੇਦਾਰੀ ਨੂੰ ਚਿੰਬੜਿਆ ਰਿਹਾ ਇਹ ਉਸ ਦੀ ਘਟੀਆ ਸੋਚ ਨੂੰ ਉਜਾਗਰ ਕਰਦਾ ਹੈ।