ਨਨਕਾਣਾ ਸਾਹਿਬ ਜਾਣ ਵਾਲੇ ਜਥੇ ਲਈ ਸ਼੍ਰੋਮਣੀ ਕਮੇਟੀ ਗ੍ਰਹਿ ਮੰਤਰਾਲੇ ਦੀ ਇਜਾਜ਼ਤ ਦੀ ਕਰ ਰਹੀ ਹੈ ਉਡੀਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

27 ਨਵੰਬਰ ਤੋਂ 30 ਨਵੰਬਰ ਤਕ ਚਲਣ ਵਾਲੇ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੌਣ ਲਈ 1500 ਦੇ ਕਰੀਬ ਸ਼ਰਧਾਲੂਆਂ ਨੇ ਦਿਤੀਆਂ ਸਨ ਅਰਜ਼ੀਆਂ

Nankana Sahib

ਅੰਮ੍ਰਿਤਸਰ (ਗੁਰਿੰਦਰ ਸਿੰਘ ਜੌਹਲ): ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਜਾਣ ਵਾਲੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਥੇ ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਸ਼੍ਰੋਮਣੀ ਕਮੇਟੀ ਨੂੰ ਅਜੇ ਤਕ ਕੋਈ ਵੀ ਵਿਭਾਗੀ ਲਿਖਤੀ ਇਜਾਜ਼ਤ ਨਹੀਂ ਭੇਜੀ ਹੈ, ਹਾਲਾਂਕਿ ਗ੍ਰਹਿ ਮੰਤਰਾਲੇ ਨੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਜਥਾ ਭੇਜਣ ਲਈ ਸ਼ਰਧਾਲੂਆਂ ਕੋਲੋਂ ਪਾਸਪੋਰਟ ਤਾਂ ਮੰਗੇ ਹਨ ਪਰ ਅਜੇ ਤਕ ਸ਼੍ਰੋਮਣੀ ਕਮੇਟੀ ਨੂੰ ਕੁੱਝ ਵੀ ਲਿਖਤੀ ਪ੍ਰਾਪਤ ਨਹੀਂ ਹੋਇਆ ਹੈ।

ਜਦਕਿ ਜਥੇ ਨੇ ਪ੍ਰਕਾਸ਼ ਪੁਰਬ ਮਾਨਉਣ ਲਈ 27 ਨਵੰਬਰ ਨੂੰ ਵਾਹਗਾ ਦੇ ਰਸਤਿਉਂ ਪਾਕਿਸਤਾਨ ਵਿਚ ਦਾਖ਼ਲ ਹੋ ਕਿ ਨਨਕਾਣਾ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਿਰਕਤ ਕਰਨੀ ਹੈ।

27 ਨਵੰਬਰ ਤੋਂ 30 ਨਵੰਬਰ ਤਕ ਚਲਣ ਵਾਲੇ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੌਣ ਲਈ 1500 ਦੇ ਕਰੀਬ ਸ਼ਰਧਾਲੂਆਂ ਨੇ ਅਰਜ਼ੀਆਂ ਦਿਤੀਆਂ ਸਨ ਪਰ ਸ਼੍ਰੋਮਣੀ ਕਮੇਟੀ ਵਲੋਂ ਲਗਭਗ 500 ਦੇ ਕਰੀਬ ਅਰਜ਼ੀਆਂ ਦੀ ਪੁਸ਼ਟੀ ਕੀਤੀ ਗਈ ਸੀ। ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਨੇ ਮੀਡੀਆ ਜ਼ਰੀਏ ਜਥਾ ਭੇਜਣ ਦੀ ਗੱਲ ਤਾਂ ਕਬੂਲੀ ਹੈ ਪਰ ਅਜੇ ਤਕ ਵਿਭਾਗੀ ਤੌਰ 'ਤੇ ਸ਼੍ਰੋਮਣੀ ਕਮੇਟੀ ਕੋਲ ਕੋਈ ਦਸਤਾਵੇਜ਼ ਨਹੀਂ ਆਇਆ ਹੈ।