ਬੇਅਦਬੀ ਦੇ ਦੋਸ਼ੀ ਨਾ ਫੜਨ ਤੇ ਸੌਦਾ-ਸਾਧ ਨਾਲ ਯਾਰੀ ਬਾਦਲਾਂ ਦੇ ਪਤਨ ਦਾ ਕਾਰਨ ਬਣੀ?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਿਸ਼ਕਾਮ ਸਿੱਖ ਲੀਡਰਸ਼ਿਪ ਹੀ ਸਿੱਖ ਕੌਮ ਦੀ ਬੇੜੀ ਪਾਰ ਲਾ ਸਕਦੀ ਹੈ

Photo

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨਾ ਫੜਨ ਅਤੇ ਸੌਦਾ-ਸਾਧ ਨਾਲ ਵੋਟਾਂ ਦੀ ਯਾਰੀ ਪਾਉਣ ਕਰ ਕੇ ਹੀ ਬਾਦਲ ਪਰਵਾਰ ਦੇ ਪਤਨ ਦਾ ਕਾਰਨ ਬਣਨ ਜਾਣ  ਦੀ ਚਰਚਾ ਸਿੱਖ-ਕੌਮ, ਪੰਥਕ ਤੇ ਸਿਆਸੀ ਹਲਕਿਆਂ ਵਿਚ  ਹੈ। ਬੇਅਦਬੀ ਕਾਂਡ ਬਾਦਲ ਸਰਕਾਰ ਸਮੇਂ ਹੋਇਆ ਸੀ।

ਸਿੱਖ ਸਿਆਸਤ ਨੂੰ ਸਮਝਣ ਵਾਲਿਆਂ ਦਾ ਕਹਿਣਾ ਹੈ ਕਿ 'ਜਥੇਦਾਰਾਂ' ਨੂੰ ਘਰ ਸੱਦ ਕੇ ਸੌਦਾ-ਸਾਧ ਨੂੰ ਬਿਨਾਂ ਪੇਸ਼ੀ ਦਿਤੀ ਗਈ ਮਾਫ਼ੀ ਨੇ ਬਾਦਲ ਪ੍ਰਵਾਰ ਦੇ ਪਤਨ ਦੀ ਨੀਂਹ ਰੱਖ ਦਿਤੀ ਸੀ। ਬਰਗਾੜੀ ਇਨਸਾਫ਼ ਮੋਰਚੇ ਦੀ ਅਸਫ਼ਲਤਾ ਨੇ ਸਿੱਖ ਕੌਮ ਦਾ ਮਨ ਖੱਟਾ ਕਰ ਦਿਤਾ ਸੀ। ਪਰ ਸੁਖਦੇਵ ਸਿੰਘ ਢੀਂਡਸਾ ਵਲੋਂ ਬਾਦਲਾਂ ਵਿਰੁਧ ਝੰਡਾ ਚੁਕਣ ਤੇ ਆਸ ਜਾਪੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ  ਅਤੇ ਸਿੱਖ ਸੰਸਥਾਵਾਂ ਅਜ਼ਾਦ ਕਰਵਾਉਣ ਲਈ ਹੁਣ ਸੰਘਰਸ਼ ਤਿੱਖਾ ਹੋ ਸਕੇਗਾ।

ਸਿੱਖ ਮਸਲੇ ਬਹੁਤ ਹਨ ਜਿਸ ਵਾਸਤੇ ਨਿਸ਼ਕਾਮ ਲੀਡਰਸ਼ਿਪ ਦੀ ਬੇਹੱਦ ਲੋੜ ਹੈ। ਇਸ ਵੇਲੇ ਸੱਭ ਤੋਂ ਵੱਡਾ ਗੰਭੀਰ ਮਸਲਾ ਹਰਿਆਣਾ ਦੀ ਵਖਰੀ ਗੁਰਦਵਾਰਾ ਕਮੇਟੀ ਦਾ ਹੈ। ਇਸ ਗੰਭੀਰ ਮਾਮਲੇ ਕਾਰਨ ਸਿੱਖ-ਕੌਮ ਦੀ ਮਿੰਨੀ ਸੰਸਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ  ਕਮੇਟੀ ਦਾ ਕੇਸ ਸੁਪਰੀਮ ਕੋਰਟ ਵਿਚ ਹੈ।

ਸਿੱਖ ਸਿਆਸਤ ਦਾ ਧੁਰਾ ਸ਼੍ਰੋਮਣੀ ਕਮੇਟੀ ਹੈ ਜਿਸ ਕੋਲ ਇਸ ਦੀ ਸੱਤਾ ਹੈ। ਉਹ ਹੀ ਪੰਜਾਬ ਵਿਚ ਸੱਤਾਧਾਰੀ ਬਣਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਹੋ ਸਕਦਾ ਹੈ। ਮੌਜੂਦਾ ਸਿੱਖ ਸਿਆਸਤ ਬੜੀ ਗੁੰਝਲਦਾਰ ਤੇ ਕੰਡਿਆਂ ਭਰੀ ਬਣ ਚੁਕੀ ਹੈ। ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਉਣ ਲਈ ਅਧਿਕਾਰ ਕੇਂਦਰ ਸਰਕਾਰ ਕੋਲ ਹੈ। ਕੇਂਦਰ ਦੀ ਮੋਦੀ ਸਰਕਾਰ ਦੀ ਸਾਂਝ ਬਾਦਲਾਂ ਨਾਲ ਹੈ।

ਬਾਦਲਾਂ ਕਾਰਨ ਹੀ ਸ਼੍ਰੋਮਣੀ ਕਮੇਟੀ ਦੀ ਚੋਣ ਵਿਚ ਰੁਕਾਵਟ ਹੈ। ਇਹ ਚੋਣ ਕਰਵਾਉਣ ਲਈ ਬਾਦਲ ਵਿਰੋਧੀਆਂ ਨੂੰ ਸਿਰੇ ਦੀ ਡਿਪਲੋਮੇਸੀ, ਅੰਦੋਲਨ, ਕਾਨੂੰਨੀ ਚਾਰਾਜੋਈ ਦੇ ਨਾਲ ਮੋਦੀ ਹਕੂਮਤ ਤਕ ਪਹੁੰਚ ਕਰਨ ਦੀ ਹੈ। ਦੂਸਰੇ ਪਾਸੇ ਸਿਆਸੀ ਤੇ ਪੰਥਕ ਹਲਕਿਆਂ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਵੱਡੇ ਬਾਦਲ ਦੇ ਸਾਰੇ ਰਾਜਨੀਤਕ ਦਾਅ ਜਾਣਦੇ ਹਨ।

ਉਨ੍ਹਾਂ ਮੁਤਾਬਕ ਸੰਨ 1979-80 ਵਿਚ ਸ. ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਮਝੈਲ ਨੇਤਾਵਾਂ ਸਵਰਗੀ ਪ੍ਰਕਾਸ਼ ਸਿੰਘ ਮਜੀਠਾ, ਲੇਟ ਦਲਬੀਰ ਸਿੰਘ ਰਣੀਕੇ ਨੇ ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਵਿਰੁਧ ਝੰਡਾ ਚੁਕਿਆ ਸੀ ਅਤੇ ਪ੍ਰਧਾਨਗੀ ਤੋਂ ਲਾਹ ਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਬਣਾਇਆ ਸੀ।

ਹੁਣ ਉਸ ਫ਼ਾਰਮੂਲੇ 'ਤੇ ਹੀ ਮਾਲਵੇ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਮਾਝੇ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਨੇ ਬਾਦਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਜ਼ਾਦ ਕਰਵਾਉਣ ਲਈ ਮੋਰਚਾ ਸੰਭਾਲਿਆ ਹੈ। ਬਾਦਲਾਂ ਦੇ ਮੁਕਾਬਲੇ  ਤਰਨ-ਤਾਰਨ ਵਿਚ ਠੱਠੀਆਂ ਮਹੰਤਾਂ ਵਿਖੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੰਗਰੂਰ ਵਿਚ ਸੁਖਦੇਵ ਸਿੰਘ ਢੀਂਡਸਾ ਦੀਆਂ ਰੈਲੀਆਂ ਸਫ਼ਲ ਹੋਈਆਂ ਹਨ।

ਸੰਗਰੂਰ ਰੈਲੀ ਦੇ ਐਨ ਮੌਕੇ ਸੁਰਜੀਤ ਸਿੰਘ ਰੱਖੜਾ ਤੇ ਹਮਾਇਤੀਆਂ ਦੀ ਸ਼ਮੂਲੀਅਤ ਦਾ ਲਾਭ ਢੀਂਡਸਾ ਨੂੰ ਹੋਇਆ ਹੈ। ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਕੈਂਪ ਵਿਚ ਮਾਯੂਸੀ ਦੀਆਂ ਖ਼ਬਰਾਂ ਹਨ। ਚਰਚਾ ਹੈ ਕਿ ਮਾਝੇ ਦੇ ਕਾਫ਼ੀ ਆਗੂਆਂ ਸੁਖਦੇਵ ਸਿੰਘ ਢੀਂਡਸਾ ਨਾਲ ਸੰਪਰਕ ਬਣਾਇਆ ਹੈ ਜੋ ਕਿਸੇ ਵੇਲੇ ਵੀ ਬਾਦਲਾਂ ਨੂੰ ਅਲਵਿਦਾ ਆਖ ਸਕਦੇ ਹਨ।

ਇਸ ਵੇਲੇ ਬਾਦਲਾਂ ਦਾ ਸਾਥ ਸਮਾਂ ਨਹੀਂ ਦੇ ਰਿਹਾ ਹੈ। ਬੇਅਦਬੀ ਕਾਂਡ ਕਾਰਨ ਸਿੱਖ ਕੌਮ ਵਿਚ ਰੋਹ ਹੈ। ਜੇਕਰ ਬਾਦਲ ਅਕਾਲ ਤਖ਼ਤ 'ਤੇ ਪੇਸ਼ ਹੋ ਕੇ ਮਾਫ਼ੀ ਮੰਗ ਲੈਂਦੇ ਤਾਂ ਸ਼ਾਇਦ ਸਥਿਤੀ ਬਦਲ ਜਾਂਦੀ ਪਰ ਧਾਰਮਕ ਮਸਲਾ ਹੋਣ ਕਰ ਕੇ ਸਿੱਖਾਂ ਵਿਚ ਗੁੱਸਾ ਹੈ।