ਹਿੰਮਤ ਸਿੰਘ ਦੀ ਕਮਿਸ਼ਨ ਨੂੰ ਦਿਤੀ ਗਵਾਹੀ ਮੁਕਰਨ ਦੀ ਘਟਨਾ ਬਹੁਤੀ ਮਹੱਤਵਪੂਰਨ ਨਹੀਂ
ਜਸਟਿਸ ਰਣਜੀਤ ਸਿੰਘ ਦੀ ਸਪੋਕਸਮੈਨ ਟੀਵੀ ਚੈਨਲ ਲਈ ਨੀਲ ਭਲਿੰਦਰ ਸਿੰਘ ਵਲੋਂ ਕੀਤੀ ਗਈ ਇੰਟਰਵਿਊ ਲੱਖਾਂ ਲੋਕਾਂ ਨੇ ਵੇਖੀ ਅਤੇ ਰੋਜ਼ਾਨਾ ਸਪੋਕਸਮੈਨ 'ਚ.................
ਕੋਟਕਪੂਰਾ : ਜਸਟਿਸ ਰਣਜੀਤ ਸਿੰਘ ਦੀ ਸਪੋਕਸਮੈਨ ਟੀਵੀ ਚੈਨਲ ਲਈ ਨੀਲ ਭਲਿੰਦਰ ਸਿੰਘ ਵਲੋਂ ਕੀਤੀ ਗਈ ਇੰਟਰਵਿਊ ਲੱਖਾਂ ਲੋਕਾਂ ਨੇ ਵੇਖੀ ਅਤੇ ਰੋਜ਼ਾਨਾ ਸਪੋਕਸਮੈਨ 'ਚ ਪ੍ਰਕਾਸ਼ਤ ਇੰਟਰਵਿਊ ਨੂੰ ਵੀ ਲੱਖਾਂ ਲੋਕਾਂ ਨੇ ਪੜ੍ਹਿਆ ਕਿ ਕਮਿਸ਼ਨ ਦੀ ਰੀਪੋਰਟ 'ਚ ਗਵਾਹ ਨੰਬਰ 245, ਹਿੰਮਤ ਸਿੰਘ ਵਲੋਂ ਅਪਣੀ ਗਵਾਹੀ ਤੋਂ ਮੁਕਰ ਜਾਣ ਨਾਲ ਕੇਸ ਉਪਰ ਕੋਈ ਫ਼ਰਕ ਨਹੀਂ ਪਵੇਗਾ, ਕਿਉਂਕਿ ਹਿੰਮਤ ਸਿੰਘ ਮੁੱਖ ਗਵਾਹ ਨਹੀਂ ਸੀ ਤੇ ਉਸ ਦੀ ਗਵਾਹੀ ਵੀ ਸੱਚਮੁੱਚ ਮਹੱਤਵਪੂਰਨ ਨਹੀਂ ਮੰਨੀ ਜਾ ਸਕਦੀ।
ਕਮਿਸ਼ਨ ਦੀ ਰੀਪੋਰਟ ਮੁਤਾਬਕ ਜੇਕਰ ਹਿੰਮਤ ਸਿੰਘ ਦੀ ਗਵਾਹੀ ਦੇ ਮੁੱਖ ਬਿੰਦੂਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਸਪਸ਼ਟ ਹੋ ਜਾਵੇਗਾ ਕਿ ਵਾਕਈ ਹਿੰਮਤ ਸਿੰਘ ਦੀ ਗਵਾਹੀ ਕੋਈ ਬਹੁਤੀ ਮਹੱਤਤਾ ਨਹੀਂ ਰੱਖਦੀ। ਹਿੰਮਤ ਸਿੰਘ ਨੇ ਕਮਿਸ਼ਨ ਨੂੰ ਸੌਦਾ ਸਾਧ ਵਲੋਂ ਅਕਾਲ ਤਖ਼ਤ ਨੂੰ ਲਿਖੇ ਉਸ ਪੱਤਰ ਦੀ ਕਾਪੀ ਮੁਹਈਆ ਕਰਵਾਈ, ਜੋ ਪਹਿਲਾਂ ਹੀ ਕਮਿਸ਼ਨ ਕੋਲ ਮੌਜੂਦ ਸੀ। ਇਸੇ ਤਰ੍ਹਾਂ ਹਿੰਮਤ ਸਿੰਘ ਨੇ ਕਮਿਸ਼ਨ ਨੂੰ 24 ਸਤੰਬਰ 2015 ਦੇ ਤਖ਼ਤਾਂ ਦੇ ਜਥੇਦਾਰਾਂ ਵਲੋਂ ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲੇ ਗੁਰਮਤੇ ਦੀ ਕਾਪੀ ਦਿਤੀ ਗਈ, ਇਹ ਵੀ ਕਮਿਸ਼ਨ ਕੋਲ ਪਹਿਲਾਂ ਤੋਂ ਹੀ ਪੁੱਜ ਚੁਕੀ ਸੀ, 29 ਸਤੰਬਰ 2015 ਦੇ ਅਕਾਲ ਤਖ਼ਤ ਵਲੋਂ ਭੇਜੇ ਨੋਟਿਸ ਦੀ ਕਾਪੀ,
ਗਿਆਨੀ ਗੁਰਬਚਨ ਸਿੰਘ ਵਲੋਂ 16 ਅਕਤੂਬਰ 2015 ਸੌਦਾ ਸਾਧ ਦੀ ਮਾਫ਼ੀ ਤੋਂ ਬਾਅਦ ਪਏ ਰੋਲੇ ਨੂੰ ਠੰਡਾ ਪਾਉਣ ਲਈ ਵਿਦਵਾਨਾਂ ਦੀ ਬਣਾਈ ਕਮੇਟੀ ਵਾਲੇ ਪੱਤਰਾਂ ਸਮੇਤ ਜੋ ਕੁੱਝ ਵੀ ਕਮਿਸ਼ਨ ਨੂੰ ਸੌਂਪਿਆ, ਉਹ ਕਮਿਸ਼ਨ ਨੇ ਅਪਣੇ ਵਸੀਲਿਆਂ ਅਤੇ ਢੰਗ ਤਰੀਕਿਆਂ ਰਾਹੀਂ ਪਹਿਲਾਂ ਹੀ ਪ੍ਰਾਪਤ ਕਰ ਲਿਆ ਸੀ। ਹਿੰਮਤ ਸਿੰਘ ਇਸ ਖ਼ੁਸ਼ਫ਼ਹਿਮੀ 'ਚ ਰਿਹਾ ਕਿ ਉਸ ਨੇ ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਦੇ ਜਥੇਦਾਰਾਂ ਦੇ ਅੰਦਰਲੇ ਭੇਦ ਸਬੂਤਾਂ ਸਮੇਤ ਕਮਿਸ਼ਨ ਨੂੰ ਸੌਂਪੇ ਹਨ ਪਰ ਉਹ ਇਸ ਗੱਲੋਂ ਅਣਜਾਣ ਸੀ ਕਿ ਉਸ ਸਾਰੇ ਭੇਦ ਪਹਿਲਾਂ ਹੀ ਕਮਿਸ਼ਨ ਕੋਲ ਪਹੁੰਚ ਚੁਕੇ ਸਨ।
ਉਕਤ ਮਾਮਲੇ ਦਾ ਇਕ ਅਣਛੋਹਿਆ ਪਹਿਲੂ ਇਹ ਹੈ ਕਿ ਹਿੰਮਤ ਸਿੰਘ ਨੇ ਕਮਿਸ਼ਨ ਸਾਹਮਣੇ ਮਾਫ਼ੀਨਾਮੇ ਅੰਦਰਲੀ ਉਹ ਸਾਰੀ ਕਹਾਣੀ ਦੁਹਰਾਈ, ਜੋ ਉਸ ਦੇ ਭਰਾ ਗਿਆਨੀ ਗੁਰਮੁਖ ਸਿੰਘ ਵਲੋਂ ਪਹਿਲਾਂ ਹੀ ਕੈਮਰਿਆਂ ਸਾਹਮਣੇ ਜਨਤਕ ਕੀਤੀ ਜਾ ਚੁਕੀ ਸੀ। ਭਾਵੇਂ ਸ਼੍ਰੋਮਣੀ ਕਮੇਟੀ ਵਲੋਂ ਸੌਦਾ ਸਾਧ ਨੂੰ ਦਿਤੀ ਮਾਫ਼ੀ ਨੂੰ ਸਹੀ ਠਹਿਰਾਉਣ ਲਈ 91 ਲੱਖ ਰੁਪਿਆ ਇਸ਼ਤਿਹਾਰਾਂ 'ਤੇ ਖ਼ਰਚਣ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਤਲਬ ਕਰਨ ਵਾਲੀਆਂ ਅੰਦਰਲੀਆਂ ਗੱਲਾਂ ਵੀ ਹਿੰਮਤ ਸਿੰਘ ਨੇ ਕਮਿਸ਼ਨ ਨਾਲ ਲਿਖਤੀ ਤੌਰ 'ਤੇ ਸਾਂਝੀਆਂ ਕੀਤੀਆਂ
ਪਰ ਹੁਣ ਹਿੰਮਤ ਸਿੰਘ ਦੀ ਗਵਾਹੀ ਮੁਕਰਨ ਦੀ ਘਟਨਾ ਕੋਈ ਮਹੱਤਵ ਨਹੀਂ ਰੱਖਦੀ, ਕਿਉਂਕਿ ਉਕਤ ਦਸਤਾਵੇਜ਼ ਜਾਂ ਤਾਂ ਕਮਿਸ਼ਨ ਕੋਲ ਪਹਿਲਾਂ ਹੀ ਪੁੱਜ ਚੁਕੇ ਸਨ ਤੇ ਜਾਂ ਗਵਾਹੀ ਦੇ ਤੌਰ 'ਤੇ ਅਜੇ ਵੀ ਸੋਸ਼ਲ ਮੀਡੀਏ ਰਾਹੀਂ ਘੁੰਮ ਰਹੇ ਗਿਆਨੀ ਗੁਰਮੁਖ ਸਿੰਘ ਦੇ ਉਨ੍ਹਾਂ ਵੀਡੀਉ ਕਲਿਪਾਂ ਨੂੰ ਵਰਤਿਆ ਜਾ ਚੁਕਾ ਹੈ, ਜਿਸ ਵਿਚ ਗਿਆਨੀ ਗੁਰਮੁਖ ਸਿੰਘ 'ਜਥੇਦਾਰਾਂ' ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਅਤੇ ਬਾਦਲਾਂ ਨੂੰ ਵੀ ਜਵਾਬਦੇਹ ਬਣਾ ਰਹੇ ਹਨ।