ਬਾਦਲ ਵਿਰੋਧੀ ਦਿੱਲੀ ਕਮੇਟੀ 'ਤੇ ਕਾਬਜ਼ ਹੋਣ ਲਈ ਕਾਹਲੇ, ਪਰ ਪੰਥ ਦੇ ਭਲੇ ਦਾ ਏਜੰਡਾ ਕਿਸੇ ਕੋਲ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਦਲਾਂ ਦਾ ਮੁਕਾਬਲਾ ਕਰਨ ਦੀ ਜਾਚ ਬਾਦਲ ਵਿਰੋਧੀਆਂ ਨੂੰ ਅਜੇ ਤਕ ਨਹੀਂ ਆਈ

Shiromani Akali Dal

ਨਵੀਂ ਦਿੱਲੀ (ਅਮਨਦੀਪ ਸਿੰਘ) : ਭਾਵੇਂ ਕਿ ਭਾਜਪਾ/ ਆਰ.ਐਸ.ਐਸ. ਨਾਲ ਭਾਈਵਾਲੀ ਪਿਛੋਂ ਬਾਦਲਾਂ ਵਲੋਂ ਅਕਾਲੀ ਦਲ ਦੇ ਪੰਥਕ ਖ਼ਾਸੇ ਨੂੰ ਭਗਵੇਂ ਰੰਗ ਵਿਚ ਰੰਗਣ ਤੇ ਸਿੱਖਾਂ ਵਿਰੁਧ ਭੁਗਤਣ ਕਰ ਕੇ ਪੰਥਕ ਹਲਕਿਆਂ ਵਿਚ ਉਨ੍ਹਾਂ ਵਿਰੁਧ ਰੋਹ ਰਹਿੰਦਾ ਹੈ, ਪਰ ਬਾਦਲਾਂ ਦਾ ਮੁਕਾਬਲਾ ਕਰਨ ਦੀ ਜਾਚ ਬਾਦਲ ਵਿਰੋਧੀਆਂ ਨੂੰ ਅਜੇ ਤਕ ਨਹੀਂ ਆਈ।

ਹੁਣ ਦਿੱਲੀ ਵਿਚ ਸਾਰੇ ਬਾਦਲ ਵਿਰੋਧੀ ਬਾਦਲਾਂ ਦਾ ਤਖ਼ਤਾ ਪਲਟ ਕਰ ਕੇ, ਆਪ ਗੁਰਦਵਾਰਾ ਪ੍ਰਬੰਧ 'ਤੇ ਕਾਬਜ਼ ਹੋ ਕੇ, ਦਿੱਲੀ ਦੇ ਸਿੱਖਾਂ ਦੀ ਵਾਗਡੋਰ ਅਪਣੇ ਹੱਥਾਂ ਵਿਚ ਲੈਣ ਲਈ ਕਾਹਲੇ ਹਨ ਪਰ ਸਾਰੇ ਵਿਰੋਧੀਆਂ ਦੀ ਇਕ ਗੱਲ ਸਾਂਝੀ ਹੈ ਕਿ ਨਾ ਤਾਂ ਉਨ੍ਹਾਂ ਕੋਲ ਸਾਂਝੇ ਤੌਰ 'ਤੇ ਸਿੱਖਾਂ ਦੇ ਮਸਲੇ ਹੱਲ ਕਰਨ ਦੀ ਸਮਰੱਥਾ ਹੈ ਅਤੇ ਨਾ ਹੀ ਪਿਛਲੇ 10 ਸਾਲ ਦੌਰਾਨ ਜ਼ਮੀਨੀ ਪੱਧਰ 'ਤੇ ਉਨ੍ਹਾਂ ਦੀ ਕੋਈ ਪ੍ਰਾਪਤੀ ਹੈ।

ਇਥੋਂ ਤੱਕ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਤੇ ਹੋਰ ਬੋਲੀਆਂ ਦੇ ਘਾਣ ਬਾਰੇ 26 ਦਸੰਬਰ 2016 ਨੂੰ ਕੇਜਰੀਵਾਲ ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮ ਦੇ ਵਿਰੋਧ ਵਿਚ ਕਿਸੇ ਅਖੌਤੀ ਸਿੱਖ ਪਾਰਟੀ ਨੇ ਇਕ ਅੱਖਰ ਬੋਲਣ ਤਕ ਦੀ ਹਿੰਮਤ ਨਾ ਵਿਖਾਈ। ਉਸੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨਾਲ ਜੁੜਿਆ ਇਕ ਧੜਾ ਬਾਦਲਾਂ ਦੇ ਪੁਰਾਣੇ ਵਿਰੋਧੀ ਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਸਹਾਰੇ ਦਿੱਲੀ ਗੁਰਦਵਾਰਾ ਚੋਣਾਂ ਜਿੱਤ ਲੈਣਾ ਚਾਹੁੰਦਾ ਹੈ।

ਇਹ ਵੀ ਇਕ ਕੌੜਾ ਸੱਚ ਹੈ ਕਿ ਸਿੱਖ ਧੜੇ ਸਰਕਾਰਾਂ ਦੇ ਸਹਾਰੇ ਹੀ ਗੁਰਦਵਾਰਾ ਚੋਣਾਂ ਜਿੱਤਦੇ ਆ ਰਹੇ ਹਨ ਤੇ ਫਿਰ ਸਰਕਾਰਾਂ ਦੀ ਬੋਲੀ ਬੋਲ ਕੇ, 'ਪੰਥ ਦਾ ਸੰਵਾਦ' ਪਿਛੇ ਛੱਡ ਦਿੰਦੇ ਹਨ। ਫਿਰ ਸਿੱਖ ਕਿਵੇਂ ਯਕੀਨ ਕਰਨ ਕਿ ਮੁੜ ਉਨ੍ਹਾਂ ਨਾਲ ਧੋਖਾ ਨਹੀਂ ਹੋਵੇਗਾ? ਭਾਈ ਰਣਜੀਤ ਸਿੰਘ ਹੁਣ ਪੰਥਕ ਲਹਿਰ ਦੇ ਬੈਨਰ ਹੇਠ ਦਿੱਲੀ ਦੇ ਸਿੱਖਾਂ ਨੂੰ ਇਹ ਸੁਨੇਹਾ ਦੇਣ ਲਈ 24 ਅਕਤੂਬਰ ਨੂੰ ਪੁੱਜ ਰਹੇ ਹਨ ਕਿ ਉਹ ਦਿੱਲੀ ਗੁਰਦਵਾਰਾ ਕਮੇਟੀ ਚੋਣਾਂ ਵਿਚ ਅਪਣਾ ਦਿਲਚਸਪੀ ਲੈਣੀ ਸ਼ੁਰੂ ਕਰ ਦਿਤੀ ਹੈ।

ਪਰ ਦਿੱਲੀ ਦੇ ਸਿੱਖ ਉਨ੍ਹਾਂ ਤੋਂ ਪੁੱਛਣਾ ਚਾਹੁੰਦੇ ਹਨ ਕਿ ਕੀ ਕਾਰਨ ਰਿਹਾ ਕਿ ਪਿਛਲੀਆਂ ਦਿੱਲੀ ਗੁਰਦਵਾਰਾ ਚੋਣਾਂ ਵਿਚ ਉਨ੍ਹਾਂ ਪ੍ਰੈੱਸ ਕਲੱਬ ਵਿਖੇ 1 ਫ਼ਰਵਰੀ 2017 ਨੂੰ ਜ਼ੋਰ ਸ਼ੋਰ ਨਾਲ ਅਪਣੀ ਵੱਖਰੀ ਜਥੇਬੰਦੀ 'ਅਕਾਲ ਸਹਾਏ ਵੈੱਲਫ਼ੇਅਰ ਸੁਸਾਇਟੀ' ਮੈਦਾਨ ਵਿਚ ਉਤਾਰ ਕੇ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਉਦੋਂ ਉਨ੍ਹਾਂ ਦੇ 11 'ਚੋਂ 2 ਉਮੀਦਵਾਰ ਹਰਜਿੰਦਰ ਸਿੰਘ ਚੋਣਾਂ ਜਿੱਤਣ ਪਿਛੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਪਲਟੀ ਮਾਰ ਗਏ ਤੇ ਮਨਜੀਤ ਸਿੰਘ ਜੀ ਕੇ ਨੂੰ ਅਪਣਾ ਪ੍ਰਧਾਨ ਪ੍ਰਵਾਨ ਕਿਉਂ ਕਰ ਲਿਆ?

ਦਿੱਲੀ ਦੇ ਸਿੱਖਾਂ ਦੇ ਹੋਰ ਮੁੱਦਿਆਂ ਬਾਰੇ ਵੀ ਉਹ ਮੌਨ ਹੀ ਰਹੇ ਤੇ ਹੁਣ ਅਗਲੇ ਸਾਲ 2021 ਵਿਚ ਹੋਣ ਵਾਲੀਆਂ ਦਿੱਲੀ ਗੁਰਦਵਾਰਾ ਚੋਣਾਂ ਤੋਂ 5 ਮਹੀਨੇ ਪਹਿਲਾਂ ਉਹ ਅਜਿਹੀ ਕਿਹੜੀ ਜਾਦੂ ਦੀ ਛੜੀ ਦੇ ਜਾਣਗੇ ਜਿਸ ਸਹਾਰੇ ਉਨ੍ਹਾਂ ਦੇ ਹਮਾਇਤੀ 'ਪੰਥਕ ਸੰਵਾਦ' ਰਚਾ ਕੇ, ਜਿੱਤ ਜਾਣਗੇ?

ਰਾਗੀ ਬਲਦੇਵ ਸਿੰਘ ਵਡਾਲਾ ਦੀ ਪਾਰਟੀ ਸਿੱਖ ਸਦਭਾਨਾ ਦਲ ਦੀ ਵੀ ਇਹੀ ਹਾਲਤ ਹੈ। ਇਸ ਤੋਂ ਇਲਾਵਾ ਦਿੱਲੀ ਦੀਆਂ ਹੋਰ ਪਾਰਟੀਆਂ ਤਾਂ ਨਾ ਹੋਇਆਂ ਵਰਗੀਆਂ ਹੀ ਹਨ। ਜਿਨ੍ਹਾਂ ਨੇ ਏ.ਸੀ. ਕਮਰਿਆਂ ਵਿਚ ਬੈਠ ਕੇ ਅਪਣੇ ਏਜੰਡੇ ਚਲਾ ਰਹੀਆਂ ਹਨ ਅਤੇ ਚੋਣਾਂ ਤੋਂ ਪਹਿਲਾਂ ਹੀ ਸਾਰਿਆਂ ਦਾ ਪੰਥ ਪ੍ਰਤੀ ਪਿਆਰ ਡੁੱਲ੍ਹ ਡੁੱਲ ਪੈਂਦਾ ਹੈ।