ਸੁਪਰੀਮ ਕੋਰਟ ਦੇ ਜੱਜ ਨੇ ਸੱਜਣ ਕੁਮਾਰ ਦੀ ਅਪੀਲ ਦੀ ਸੁਣਵਾਈ ਤੋਂ ਖ਼ੁਦ ਨੂੰ ਕੀਤਾ ਅਲੱਗ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸੱਜਣ ਦੀ ਅਪੀਲ 'ਤੇ ਹੁਣ 2 ਹਫ਼ਤਿਆਂ ਬਾਅਦ ਸੁਣਵਾਈ ਹੋਵੇਗੀ

Justice Sanjiv Khanna

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਜਸਟਿਸ ਸੰਜੀਵ ਖੰਨਾ ਨੇ ਸਿੱਖ ਕਤਲੇਆਮ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਦੀ ਅਪੀਲ ਦੀ ਸੁਣਵਾਈ ਤੋਂ ਇਕ ਵਾਰ ਫਿਰ ਖ਼ੁਦ ਨੂੰ ਵੱਖ ਕਰ ਲਿਆ ਹੈ। ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਨੂੰ ਸੱਜਣ ਕੁਮਾਰ ਨੇ ਸੁਪਰੀਮ ਕੋਰਟ ਵਿਚ ਚੁਨੌਤੀ ਦਿਤੀ ਹੈ। 

ਜੱਜ ਸੰਜੀਵ ਖੰਨਾ ਨੇ ਇਸ ਤੋਂ ਪਹਿਲਾਂ 25 ਫ਼ਰਵਰੀ ਨੂੰ ਵੀ ਸੱਜਣ ਕੁਮਾਰ ਦੀ ਅਪੀਲ ਦੀ ਸੁਣਵਾਈ ਤੋਂ ਖ਼ੁਦ ਨੂੰ ਵੱਖ ਕਰ ਲਿਆ ਸੀ। ਜੱਜ ਖੰਨਾ ਉਸ ਸਮੇਂ ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਵਿਚ ਸ਼ਾਮਲ ਸਨ। ਸੱਜਣ ਕੁਮਾਰ ਦੀ ਅਪੀਲ ਸੋਮਵਾਰ ਨੂੰ ਜਸਟਿਸ ਐਸ.ਏ. ਬੋਬੜੇ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਦੇ ਸਾਹਮਣੇ ਸੂਚੀਬੱਧ ਸੀ। ਬੈਂਚ ਨੇ ਕਿਹਾ ਕਿ ਸੱਜਣ ਦੀ ਅਪੀਲ 'ਤੇ ਹੁਣ 2 ਹਫ਼ਤਿਆਂ ਬਾਅਦ ਸੁਣਵਾਈ ਕੀਤੀ ਜਾਵੇਗੀ।

ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਦਖਣੀ-ਪੱਛਮੀ ਦਿੱਲੀ ਦੇ ਛਾਉਣੀ ਇਲਾਕੇ ਵਿਚ ਰਾਜ ਨਗਰ ਪਾਰਟ-1 ਵਿਚ 2 ਨਵੰਬਰ 1984 ਨੂੰ 5 ਸਿੱਖਾਂ ਦੇ ਕਤਲ ਅਤੇ ਰਾਜ ਨਗਰ ਪਾਰਟ-2 ਵਿਚ ਇਕ ਗੁਰਦੁਆਰਾ ਸਾੜਨ ਦੀ ਘਟਨਾ ਨਾਲ ਸਬੰਧਤ ਮਾਮਲੇ ਵਿਚ 17 ਦਸੰਬਰ 2018 ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਕੋਰਟ ਦੇ ਆਦੇਸ਼ 'ਤੇ ਸੱਜਣ ਕੁਮਾਰ ਨੇ 31 ਦਸੰਬਰ ਨੂੰ ਕੋਰਟ ਵਿਚ ਆਤਮ-ਸਮਰਪਣ ਕਰ ਦਿਤਾ ਸੀ। (ਪੀ.ਟੀ.ਆਈ)