ਗੁਰੂ ਹਰਿਗੋਬਿੰਦ ਜੀ ਦੀ ਜੀਵਨੀ ਤੇ ਚਾਨਣਾ ਪਾਉਂਦੀ ਫ਼ਿਲਮ 'ਦਾਸਤਾਨ ਏ ਮੀਰੀ ਪੀਰੀ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਫ਼ਿਲਮ 'ਦਾਸਤਾਨ ਏ ਮੀਰੀ-ਪੀਰੀ' ਆਉਂਦੀ 5 ਜੂਨ ਨੂੰ ਸਿਨੇਮਾ ਘਰਾਂ ਵਿਚ ਆਏਗੀ

'Dastan E Miri Piri'

ਗੁਰਜੋਤ ਸਿੰਘ ਆਹਲੂਵਾਲੀਆ ਵੱਲੋਂ ਲਿਖੀ ਅਤੇ ਵਿਨੋਦ ਲੰਜੇਵਰ ਨਾਲ ਨਿਰਦੇਸ਼ਤ ਕੀਤੀ ਗਈ ਫ਼ਿਲਮ 'ਦਾਸਤਾਨ ਏ ਮੀਰੀ-ਪੀਰੀ' ਆਉਂਦੀ 5 ਜੂਨ ਨੂੰ ਸਿਨੇਮਾ ਘਰਾਂ ਵਿਚ ਆਏਗੀ। ਇਸ ਫ਼ਿਲਮ ਵਿਚ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਦੀ ਜੀਵਨੀ ਤੇ ਬਣੀ ਇਹ ਫ਼ਿਲਮ ਉਹਨਾਂ ਦੇ ਜੀਵਨ ਕਾਲ ਦੌਰਾਨ ਵਾਪਰੀਆਂ ਮੁੱਖ ਘਟਨਾਵਾਂ ਤੇ ਕੇਂਦਰਿਤ ਹੈ। ਇਸ ਫ਼ਿਲਮ ਵਿਚ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਜੀਵਨੀ ਦੇ ਨਾਲ ਨਾਲ ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਦੀ ਜੀਵਨੀ ਦੇ ਕੁੱਝ ਅੰਸ਼ ਨੂੰ ਵੀ ਦਰਸਾਇਆ ਗਿਆ ਹੈ।

ਸੰਨ 1604 ਈ. ਵਿਚ ਹਰਿਮੰਦਰ ਸਾਹਿਬ ਵਿਚ ਆਦਿ ਗ੍ਰੰਥ ਦਾ ਪ੍ਰਕਾਸ਼ ਕੀਤਾ ਗਿਆ ਪਰ ਉਸ ਸਮੇਂ ਦੀ ਹਕੂਮਤ ਇਸ ਨੂੰ ਬਰਦਾਸ਼ਤ ਨਾ ਕਰ ਸਕੀ। ਅਕਬਰ ਦਾ ਪੁੱਤਰ ਜਹਾਂਗੀਰ ਜਦੋਂ ਤਖ਼ਤ ਤੇ ਬੈਠਾ ਤਾਂ ਵਿਰੋਧੀਆ ਨੇ ਗੁਰੂ ਅਰਜਨ ਦੇਵ ਜੀ ਵਿਰੁੱਧ ਕੰਨ ਭਰਨੇ ਸ਼ੁਰੂ ਕਰ ਦਿੱਤੇ। ਇਸ ਕੰਮ ਵਿਚ ਚੰਦੂ ਦਾ ਸਭ ਤੋਂ ਵੱਡਾ ਹੱਥ ਹੈ। ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਕਿਹਾ ਕਿ ਗੁਰੂ ਜੀ ਦਾ ਮਾਲ ਜ਼ਬਤ ਕਰਕੇ ਉਨ੍ਹਾਂ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਕਿਹਾ ਜਿਸ ਤੇ ਗੁਰੂ ਜੀ ਨੇ ਸਾਫ਼ ਇਨਕਾਰ ਕਰ ਦਿੱਤਾ।

ਗੁਰੂ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਰਿਸ਼ਤਾ ਚੰਦੂ ਦੀ ਲੜਕੀ ਨਾਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਅਖ਼ੀਰ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ, ਗੁਰੂ ਜੀ ਨੂੰ ਸ਼ਹੀਦ ਕਰਨ ਦੀ ਜ਼ਿੰਮੇਵਾਰੀ ਚੰਦੂ ਨਿਰਦਈ ਨੂੰ ਦਿੱਤੀ ਗਈ। ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬਿਠਾ ਕੇ ਸੀਸ ਤੇ ਤੱਤੀ ਰੇਤ ਪਾਈ ਗਈ ਅਤੇ ਬਾਅਦ ਵਿਚ ਉਬਲਦੇ ਪਾਣੀ ਦੀ ਦੇਗ ਵਿਚ ਪਾਇਆ ਗਿਆ ਪਰ ਗੁਰੂ ਜੀ ਨੇ 'ਤੇਰਾ ਕੀਆ ਮੀਠਾ ਲਾਗੈ।।' ਦੀ ਧੁਨ ਨੂੰ ਜਾਰੀ ਰੱਖਿਆ। ਅੰਤ 30 ਮਈ 1606 ਈ. ਨੂੰ ਗੁਰੂ ਸਾਹਿਬ ਦਾ ਪਾਵਨ ਸਰੀਰ ਰਾਵੀ ਦਰਿਆ ਦੇ ਕਿਨਾਰੇ ਲਿਜਾਇਆ ਗਿਆ ਅਤੇ ਰਾਵੀ ਦਰਿਆ ਵਿਚ ਵਹਾ ਦਿੱਤਾ ਗਿਆ।

ਗੁਰੂ ਅਰਜਨ ਦੇਵ ਜੀ ਲਾਹੌਰ ਜਾਣ ਤੋਂ ਪਹਿਲਾਂ ਆਪਣੇ ਪੁੱਤਰ ਗੁਰੂ ਹਰਿ ਗੋਬਿੰਦ ਨੂੰ 25 ਮਈ 1606 ਈ. ਵਿਚ ਆਪਣੀ ਗੁਰਗੱਦੀ ਦਾ ਵਾਰਸ ਬਣਾ ਗਏ ਸਨ। ਸੰਗਤ ਵੱਲੋਂ ਗੁਰੂ ਹਰਿ ਗੋਬਿੰਦ ਜੀ ਨੂੰ ਗੁਰਗੱਦੀ 24 ਜੂਨ 1606 ਨੂੰ ਸੌਂਪੀ ਗਈ ਅਤੇ ਉਹਨਾਂ ਨੇ ਗੁਰੂ ਪਿਤਾ ਦੇ ਹੁਕਮ ਅਨੁਸਾਰ ਸਿੱਖਾਂ ਨੂੰ ਇਕ ਜੰਗੀ ਕੌਮ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਦੇ ਇਸ ਸਫ਼ਰ ਦੀਆਂ ਝਲਕੀਆਂ ਇਸ ਆਉਣ ਵਾਲੀ ਫ਼ਿਲਮ 'ਦਾਸਤਾਨ ਏ ਮੀਰੀ ਪੀਰੀ' ਵਿਚ ਨਜ਼ਰ ਆਉਣਗੀਆਂ।