ਚੋਣਾਂ ਦੇ ਨਤੀਜਿਆਂ ਨੇ ਅਕਾਲੀ ਦਲ ਬਾਦਲ ਨੂੰ ਇਕ ਵਾਰੀ ਫਿਰ ਲਿਆਂਦਾ ਹਾਸ਼ੀਏ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜਾਬ ਅਤੇ ਹਰਿਆਣੇ ਤੋਂ ਬਾਅਦ ਯੂ.ਪੀ. 'ਚ ਰੈਲੀ ਕਰਨ ਜਾ ਰਿਹੈ ਅਕਾਲੀ ਦਲ..........

Parkash Singh Badal

ਕੋਟਕਪੂਰਾ : ਪਹਿਲਾਂ ਹਰਿਆਣੇ 'ਚ ਰੈਲੀ ਕਰ ਕੇ ਪਾਣੀ ਦੇ ਮੁੱਦੇ 'ਤੇ ਪੰਜਾਬ ਜਾਂ ਹਰਿਆਣਾ ਦੇ ਹੱਕ ਜਾਂ ਵਿਰੋਧ 'ਚ ਸਟੈਂਡ ਲੈਣ 'ਚ ਉਲਝਿਆ ਅਕਾਲੀ ਦਲ ਬਾਦਲ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾ ਦੇ ਆਏ ਨਤੀਜਿਆਂ ਤੋਂ ਬਾਅਦ ਪੰਜਾਬ 'ਚ ਕੀਤੀਆਂ ਰੈਲੀਆਂ ਦੇ ਮਾਮਲੇ 'ਚ ਵੀ ਉਲਝ ਸਕਦਾ ਹੈ, ਕਿਉਂਕਿ ਪਾਰਟੀ ਪ੍ਰਧਾਨ ਅਤੇ ਸਰਪ੍ਰਸਤ ਸਮੇਤ ਮੂਹਰਲੀ ਕਤਾਰ ਦੇ ਆਗੂਆਂ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ ਕਿ ਅਕਾਲੀ ਦਲ ਦੀਆਂ ਰੈਲੀਆਂ ਨੇ ਕੈਪਟਨ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦਿਤੀਆਂ ਹਨ

ਪਰ ਚੋਣਾਂ ਦੇ ਨਤੀਜਿਆਂ ਨੇ ਜਿਥੇ ਅਕਾਲੀ ਦਲ ਦੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿਤੀ ਹੈ, ਉਥੇ ਅਕਾਲੀ ਆਗੂਆਂ ਦੇ ਭਵਿੱਖ ਲਈ ਅਕਾਲੀ ਦਲ 'ਚ ਬੈਠੇ ਕੁੱਝ ਸੂਝਵਾਨ ਆਗੂਆਂ ਨੂੰ ਚਿੰਤਤ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਉਹ ਪੰਜਾਬ 'ਚ ਸਫ਼ਲਤਾ ਪੂਰਵਕ ਰੈਲੀਆਂ ਕਰਨ ਤੋਂ ਬਾਅਦ ਹਰਿਆਣੇ 'ਚ ਵੀ ਕਾਮਯਾਬ ਰੈਲੀ ਕਰ ਚੁੱਕੇ ਹਨ ਤੇ ਹੁਣ ਉਹ ਯੂ ਪੀ ਦੇ ਵੱਡੇ ਸ਼ਹਿਰ ਸਹਾਰਨਪੁਰ 'ਚ ਅਕਾਲੀ ਦਲ ਦੀ ਵਿਸ਼ਾਲ ਰੈਲੀ ਕਰਨਗੇ।

ਚੋਣਾਂ ਤੋਂ ਮਹਿਜ਼ ਕੁੱਝ ਦਿਨ ਪਹਿਲਾਂ ਫ਼ਰੀਦਕੋਟ ਵਿਖੇ ਅਕਾਲੀ ਦਲ ਵਲੋਂ ਕੀਤੀ ਗਈ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਨੇ ਇਕ ਤੋਂ ਵੱਧ ਵਾਰ ਲੱਖਾਂ ਦਾ ਇਕੱਠ ਦਸਿਆ, ਪ੍ਰਕਾਸ਼ ਸਿੰਘ ਬਾਦਲ ਸਮੇਤ ਦੂਜੇ ਆਗੂਆਂ ਨੇ ਦਾਅਵਾ ਕੀਤਾ ਕਿ ਇਸ ਇਕੱਠ ਨੇ ਕੈਪਟਨ ਸਰਕਾਰ ਦੀ ਨੀਂਦ ਹਰਾਮ ਕਰ ਕੇ ਰੱਖ ਦੇਣੀ ਹੈ ਪਰ ਫ਼ਰੀਦਕੋਟ ਜ਼ਿਲ੍ਹੇ ਦੀਆਂ ਸਾਰੀਆਂ ਅਰਥਾਤ 10 ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਤੇ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਦਾ ਬਿਲਕੁਲ ਸਫ਼ਾਇਆ ਹੋ ਗਿਆ, ਜਦਕਿ ਜ਼ਿਲ੍ਹਾ ਫ਼ਰੀਦਕੋਟ ਬਲਾਕ ਸੰਮਤੀ ਦੀਆਂ ਚੋਣਾਂ 'ਚ ਅਕਾਲੀ ਦਲ ਕੁਲ 62 ਸੀਟਾਂ ਵਿਚੋਂ ਮਹਿਜ 5 ਸੀਟਾਂ ਹੀ ਲਿਜਾ ਸਕਿਆ

ਅਤੇ 2 ਆਜ਼ਾਦ ਉਮੀਦਵਾਰ ਤੇ ਬਾਕੀ 55 ਕਾਂਗਰਸ ਦੇ ਹਿੱਸੇ ਆਈਆਂ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ 'ਚ ਆਮ ਆਦਮੀ ਪਾਰਟੀ ਨੂੰ ਇਕ ਵੀ ਸੀਟ ਨਸੀਬ ਨਾ ਹੋਈ। ਰਾਜਨੀਤਕ ਵਿਸ਼ਲੇਸ਼ਕਾਂ ਅਨੁਸਾਰ ਅਕਾਲੀ ਦਲ ਵਲੋਂ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਕੀਤੀ ਗਈ ਵਿਸ਼ਾਲ ਰੈਲੀ 'ਚ ਇਕੱਠ ਕਰਨ ਲਈ ਪੈਸੇ ਅਤੇ ਹੋਰ ਜਾਇਜ਼ ਨਾਜਾਇਜ਼ ਢੰਗ ਤਰੀਕਿਆਂ ਦੀ ਵਰਤੋਂ ਕੀਤੀ ਗਈ ਸੀ ਕਿਉਂਕਿ ਜੇਕਰ ਅਕਾਲੀ ਦਲ ਦੀਆਂ ਨੀਤੀਆਂ ਨੂੰ ਪ੍ਰਵਾਨ ਕਰ ਕੇ ਲੋਕ ਉਥੇ ਇਕੱਠੇ ਹੁੰਦੇ ਤਾਂ ਅਕਾਲੀ ਦਲ ਬਾਦਲ ਦੀ ਹਾਰ ਐਨੀ ਨਮੌਸ਼ੀਜਨਕ ਨਹੀਂ ਸੀ ਹੋਣੀ।

ਇਸ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਬੇਅਦਬੀ ਕਾਂਡ ਅਤੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਦਾ ਦਰਦ ਪੰਜਾਬੀ ਅਜੇ ਵੀ ਪੂਰੀ ਤਰ੍ਹਾਂ ਮਹਿਸੂਸ ਕਰ ਰਹੇ ਹਨ ਤੇ ਇਸ ਮੁੱਦੇ 'ਤੇ ਉਨ੍ਹਾਂ ਅਕਾਲੀ ਦਲ ਬਾਦਲ ਤੋਂ ਦੂਰੀ ਬਣਾ ਲਈ ਹੈ। ਸਪੱਸ਼ਟ ਸੰਕੇਤ ਹਨ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਐਤਕੀ ਵੀ ਅਕਾਲੀ ਦਲ ਬਾਦਲ ਇਕ ਵਾਰ ਫਿਰ ਹਾਸ਼ੀਏ 'ਤੇ ਜਾ ਪਿਆ ਹੈ।