ਸੁਖਬੀਰ ਹੱਥੋਂ ਅਕਾਲੀ ਦਲ ਦੀ ਡੋਰ ਛੁਟਦੀ ਵੇਖ ਵੱਡੇ ਬਾਦਲ ਨੇ ਮੁੜ ਕਮਾਨ ਸੰਭਾਲੀ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪੈਰ ਲਗਾਤਾਰ ਉਖੜਦੇ ਗਏ ਹਨ
ਚੰਡੀਗੜ੍ਹ, 19 ਸਤੰਬਰ (ਕਮਲਜੀਤ ਸਿੰਘ ਬਨਵੈਤ): ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪੈਰ ਲਗਾਤਾਰ ਉਖੜਦੇ ਗਏ ਹਨ। ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਜਨਤਕ ਹੋਣ ਤੋਂ ਬਾਅਦ ਅਕਾਲੀ ਦਲ ਖਿੰਡਪੁੰਡ ਜਾਣ ਦੇ ਨੇੜੇ ਆ ਖੜਾ ਹੋਇਆ ਹੈ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੱਥੋਂ ਦਲ ਦੀ ਵਾਗਡੋਰ ਛੁਟਦੀ ਵਿਖਾਈ ਦੇਣ ਲੱਗੀ ਤਾਂ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅਪਣੇ ਹੱਥ ਵਿਚ ਮੁੜ ਤੋਂ ਕਮਾਂਡ ਲੈਣੀ ਪੈ ਗਈ।
ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਸਿਆਸੀ ਤੌਰ 'ਤੇ ਸੰਨਿਆਸ ਲੈ ਚੁਕੇ ਵੱਡੇ ਬਾਦਲ ਨੂੰ ਪੁੱਤਰ ਦੀ ਕੁਰਸੀ ਅਤੇ ਅਪਣੀ ਪਾਰਟੀ ਬਚਾਉਣ ਲਈ ਘਰੋਂ ਬਾਹਰ ਨਿਕਲਣਾ ਪਿਆ ਹੈ। ਸਾਲ 1920 ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਅਕਾਲੀ ਦਲ ਨੂੰ ਏਨੀ ਵੱਡੀ ਨਮੋਸ਼ੀ ਦਾ ਮੂੰਹ ਦੇਖਣਾ ਪਿਆ ਹੈ। ਅਕਾਲੀ ਦਲ ਕੇਵਲ 15 ਸੀਟਾਂ 'ਤੇ ਆ ਕੇ ਸਿਮਟ ਗਿਆ ਹੈ ਤੇ ਮੁੱਖ ਵਿਰੋਧੀ ਧਿਰ ਵਿਚ ਬੈਠਣ ਜੋਗਾ ਵੀ ਨਹੀਂ ਰਿਹਾ। ਇਸ ਦਾ ਵੱਡਾ ਕਾਰਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵਲੋਂ ਪੰਜਾਬ ਅਤੇ ਖ਼ਾਸ ਤੌਰ 'ਤੇ ਸਿੱਖ ਮਸਲਿਆਂ ਪ੍ਰਤੀ ਅਪਣਾਈ ਬੇਰੁਖ਼ੀ ਸੀ
ਜਿਸ ਕਾਰਨ ਸਿੱਖ ਨਿਰਾਸ਼ ਹੋਏ ਬੈਠੇ ਸਨ ਜਿਸ ਨੂੰ ਬਾਹਰ ਨਿਕਲਣ ਦਾ ਮੌਕਾ 2015 ਦੌਰਾਨ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਵਾਪਰੀਆਂ ਘਟਨਾਵਾਂ ਨੇ ਪ੍ਰਦਾਨ ਕਰ ਦਿਤਾ। ਇਸ ਨੂੰ ਕਾਂਗਰਸ ਪਾਰਟੀ ਨੇ ਵੀ ਚੋਣਾਂ ਵਿਚ ਮੁੱਦਾ ਬਣਾਇਆ ਸੀ। ਪਿਛਲੇ ਸਮੇਂ ਵਿਚ ਸਾਬਕਾ ਉਪ ਮੁੱਖ ਮੰਤਰੀ ਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਵਲੋਂ ਸੌਦਾ ਸਾਧ ਨੂੰ ਤਖ਼ਤਾਂ ਦੇ ਜਥੇਦਾਰਾਂ ਤੋਂ ਮਾਫ਼ੀ ਦੁਆਉਣ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਤਾਂ ਇਕ ਤਰ੍ਹਾਂ ਨਾਲ ਉਸ ਦੀ 'ਮਿੱਟੀ ਹੀ ਪੁਲੀਤ' ਹੋ ਗਈ ਹੈ।
ਉਸ ਤੋਂ ਬਾਅਦ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਤੇ ਬਹਿਸ ਕਰਨ ਤੋਂ ਭੱਜਣ ਕਰ ਕੇ ਇਕ ਤਰ੍ਹਾਂ ਨਾਲ ਅਕਾਲੀ ਦਲ, ਵਿਸ਼ੇਸ਼ ਕਰ ਕੇ ਸੁਖਬੀਰ ਸਿੰਘ ਬਾਦਲ ਵਿਰੁਧ ਲਹਿਰ ਖੜੀ ਹੋ ਗਈ ਸੀ। ਲੋਕ ਤਾਂ ਇਥੋਂ ਤਕ ਬਾਗ਼ੀ ਹੋ ਗਏ ਕਿ ਉਨ੍ਹਾਂ ਨੇ ਅਕਾਲੀ ਨੇਤਾਵਾਂ ਦਾ ਪਿੰਡਾਂ ਵਿਚ ਵੜਨਾ ਹੀ ਬੰਦ ਕਰ ਦਿਤਾ ਸੀ। ਦਲ ਦੀ ਇਕ ਕੋਰ ਕਮੇਟੀ ਨੇ ਮੀਟਿੰਗ ਕਰ ਕੇ ਅੰਦਰਖਾਤੇ ਪ੍ਰਧਾਨ ਬਦਲਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਾਂਭੇ ਕਰਨ ਦੀ ਸਲਾਹ ਦਿਤੀ ਸੀ
ਪਰ ਇਸ ਸੰਕਟ ਦੀ ਘੜੀ ਵਿਚ ਸਾਰਿਆਂ ਦੇ ਪਿੱਛੇ ਹਟਣ ਤੋਂ ਬਾਅਦ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨਿਆਸ ਛੱਡ ਕੇ ਬਾਹਰ ਆ ਗਏ। ਮੁੱਖ ਮੰਤਰੀ ਅਮਰਿੰਦਰ ਸਿੰਘ ਆਉਣ ਵਾਲੇ ਦਿਨਾਂ ਵਿਚ ਬਾਦਲਾਂ ਦੇ ਹਲਕੇ ਮਲੋਟ ਵਿਚ ਰੈਲੀ ਕਰਨ ਦੇ ਕੀਤੇ ਐਲਾਨ ਨੂੰ ਉਨ੍ਹਾਂ ਨੇ ਅਮਰਿੰਦਰ ਦੇ ਹਲਕਾ ਪਟਿਆਲਾ ਵਿਚ ਬਰਾਬਰ ਦੀ ਰੈਲੀ ਕਰਨ ਦੇ ਦਿਤੇ ਬਿਆਨ ਨਾਲ ਹਮਲੇ ਰੋਕਣ ਲੱਗੇ ਹਨ। ਅਕਾਲੀ ਦਲ ਨੂੰ ਕਾਂਗਰਸ ਸਰਕਾਰ 'ਤੇ ਗਰਮਦਲੀਆਂ ਨਾਲ ਰਲ ਕੇ ਚਲਣ ਦਾ ਦੋਸ਼ ਵੀ ਰਾਸ ਆਉਣ ਲੱਗਾ ਹੈ।
ਉਨ੍ਹਾਂ ਨੇ ਚਲਾਕੀ ਭਰੇ ਦਿਤੇ ਬਿਆਨ ਵਿਚ ਇਹ ਵੀ ਕਹਿ ਦਿਤਾ ਹੈ ਕਿ ਜੇ ਕੈਪਟਨ ਚੋਣਾਂ ਵਿਚ ਕੀਤੇ ਵਾਅਦੇ ਪੂਰੇ ਕਰ ਕੇ ਆਉਣ ਤਾਂ ਉਹ ਲੋਕਾਂ ਦੀ ਸੇਵਾ ਕਰਨ ਲਈ ਲੰਗਰ ਲਾਉਣ ਵਾਸਤੇ ਤਿਆਰ ਹਨ। ਇਕ ਵਾਰ ਚਾਲ ਫੜਨ ਤੋਂ ਬਾਅਦ ਹਾਲੇ ਤਕ ਬਾਦਲ ਸਰਗਰਮ ਚਲੀ ਆ ਰਹੇ ਹਨ। ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਬੀਮਾਰ ਸਨ ਅਤੇ ਆਰਾਮ ਕਰਨਾ ਚਾਹ ਰਹੇ ਸਨ ਪਰ ਕਾਂਗਰਸ ਨੇ ਘਟੀਆ ਚਾਲਾਂ ਚੱਲ ਕੇ ਮੁੜ ਤੋਂ ਸਰਗਰਮ ਹੋਣ ਲਈ ਮੁੜ ਤੋਂ ਮਜਬੂਰ ਕੀਤਾ ਹੈ।