Panthak News: ਨਿਹੰਗ ਬਾਣੇ ਵਾਲੇ ਨੇ ਬਾਬੇ ਨਾਨਕ ਦੀ ਬਾਣੀ ਨੂੰ ਗ਼ਲਤ ਠਹਿਰਾਉਣ ਦੀ ਕੀਤੀ ਕੋਸ਼ਿਸ਼ : ਡਾ. ਪਿਆਰੇ ਲਾਲ ਗਰਗ
ਕਿਹਾ, ਸਿੱਖਾਂ ਦੀ ਸਿਰਮੌਰ ਸੰਸਥਾ ਹੁਣ ਤਕ ਚੁੱਪ ਕਿਉਂ?
Panthak News: ਪਿਛਲੇ ਦਿਨੀਂ ਜਿਹੇ ਅਯੁਧਿਆ ਵਿਚ ਰਾਮ ਮੰਦਰ ਦੇ ਉਦਘਾਟਨ ਮੌਕੇ ਲੰਗਰ ਲਗਾਉਣ ਦਾ ਐਲਾਨ ਕਰਨ ਵਾਲੇ ਜਥੇਦਾਰ ਨਿਹੰਗ ਬਾਬਾ ਫ਼ਕੀਰ ਸਿੰਘ ਦੇ ਕਥਿਤ ਅੱਠਵੇਂ ਵੰਸ਼ਜ ਹਰਜੀਤ ਸਿੰਘ ਰਸੂਲਪੁਰ ’ਤੇ ਸਿੱਖ ਮਾਮਲਿਆਂ ਬਾਰੇ ਮਾਹਰ ਡਾ. ਪਿਆਰੇ ਲਾਲ ਗਰਗ ਨੇ ਸਵਾਲ ਚੁੱਕੇ ਹਨ। ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਨਿਹੰਗ ਸਿੰਘ ਨੇ ਬਾਬੇ ਨਾਨਕ ਦੀ ਬਾਣੀ ਨੂੰ ਗ਼ਲਤ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ।
ਰੋਜ਼ਾਨਾ ਸਪੋਕਸਮੈਨ ਵੈੱਬ ਚੈਨਲ ਨਾਲ ਗੱਲ ਕਰਦਿਆਂ ਪਿਆਰੇ ਲਾਲ ਗਰਗ ਨੇ ਕਿਹਾ ਕਿ ਸਿੱਖੀ ਵਿਚ ਕਦੇ ਵੀ ਹਵਨ ਨੂੰ ਮਾਨਤਾ ਨਹੀਂ ਦਿਤੀ ਗਈ ਅਤੇ ਅਜਿਹਾ ਕਹਿਣਾ ਸਿੱਖੀ ’ਚ ਬ੍ਰਾਹਮਣਵਾਦ ਫੈਲਾਉਣ ਦਾ ਤਰੀਕਾ ਹੈ। ਉਨ੍ਹਾਂ ਕਿਹਾ, ‘‘ਗੁਰੂ ਨਾਨਕ ਦੇਵ ਜੀ ਨੇ ਥਾਂ-ਥਾਂ ਉਤੇ ਇਨ੍ਹਾਂ ਕਰਮ ਕਾਂਡਾਂ ਦਾ ਖੰਡਨ ਕੀਤਾ ਹੈ। ਨਿਹੰਗ ਸਿੰਘ, ਆਰ.ਐਸ.ਐਸ. ਦੀ ਬੋਲੀ ਬੋਲ ਰਿਹਾ ਹੈ ਅਤੇ ਇਹ ਪੰਜਾਬ ਤੇ ਸਿੱਖੀ ਨੂੰ ਢਾਹ ਲਗਾਉਣ ਦੀ ਕੋਝੀ ਸਾਜ਼ਸ਼ ਹੈ। ਇਹ ਗੁਰਬਾਣੀ ਨੂੰ ਬਦਲ ਕੇ ਇਸ ’ਚ ਬ੍ਰਾਹਮਣਵਾਦ ਘਸੋੜਨ ਦਾ ਤਰੀਕਾ ਹੈ। ਗੁਰਬਾਣੀ ਤਾਂ ਜਾਤਵਾਦ ਅਤੇ ਬ੍ਰਾਹਮਣਵਾਦ ਵਿਰੁਧ ਹੈ ਅਤੇ ਇਨਸਾਨ ਦੀ ਬਰਾਬਰਤਾ ਦੀ ਗੱਲ ਕਰਦੀ ਹੈ। ਇਹ ਰਾਮ ਮੰਦਰ ਨੂੰ ਸਿੱਖੀ ਰੂਪ ’ਚ ਨਾਜਾਇਜ਼ ਤਰੀਕੇ ਨਾਲ ਹਮਾਇਤ ਦੇਣ ਦਾ ਤਰੀਕਾ ਹੈ ਜੋ ਬਿਲਕੁਲ ਗ਼ਲਤ ਹੈ।’’
ਉਨ੍ਹਾਂ ਸ਼੍ਰੋਮਣੀ ਕਮੇਟੀ ਉਤੇ ਸਵਾਲ ਚੁਕਦਿਆਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਇਸ ’ਤੇ ਹੁਣ ਤਕ ਚੁਪ ਕਿਉਂ ਹੈ? ਉਨ੍ਹਾਂ ਕਿਹਾ, ‘‘ਸ਼੍ਰੋਮਣੀ ਕਮੇਟੀ ਨੂੰ ਇਸ ਬਾਰੇ ਬਿਆਨ ਜਾਰੀ ਕਰਨਾ ਚਾਹੀਦਾ ਹੈ। ਜੇਕਰ ਸ਼੍ਰੋਮਣੀ ਕਮੇਟੀ ਚੁੱਪ ਰਹਿੰਦੀ ਹੈ ਤਾਂ ਸਿੱਖਾਂ ਨੂੰ ਖ਼ੁਦ ਸਮਝਣਾ ਚਾਹੀਦਾ ਹੈ ਕਿ ਗੁਰਬਾਣੀ ਦੇ ਲੜ ਲੱਗ ਕੇ ਅਜਿਹੀਆਂ ਗੱਲਾਂ ਤੋਂ ਬਚਿਆ ਜਾਵੇ।’’ ਉਨ੍ਹਾਂ ਕਿਹਾ ਕਿ ਸੌਦਾ ਸਾਧ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਪਾ ਕੇ ਉਨ੍ਹਾਂ ਦੀ ਨਕਲ ਕੀਤੀ ਸੀ ਜਿਸ ਕਾਰਨ ਉਸ ਦਾ ਏਨਾ ਵਿਰੋਧ ਹੋਇਆ ਸੀ, ਇਸ ਨਿਹੰਗ ਸਿੰਘ ਨੇ ਵੀ ਸਿੱਖੀ ਬਾਣਾ ਪਾ ਕੇ ਸਿੱਖੀ ਵਿਰੁਧ ਕਰਮਕਾਂਡਾਂ ਦੀ ਹਮਾਇਤ ਕੀਤੀ ਜਿਸ ਕਾਰਨ ਇਸ ਦਾ ਵਿਰੋਧ ਹੋਣਾ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਨ ਦੌਰਾਨ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਸੀ ਕਿ ਨਵੰਬਰ 1858 ਵਿਚ ਨਿਹੰਗ ਬਾਬਾ ਫ਼ਕੀਰ ਸਿੰਘ ਦੀ ਅਗਵਾਈ ਵਿਚ 25 ਨਿਹੰਗ ਸਿੰਘਾਂ ਨੇ ਬਾਬਰੀ ਮਸਜਿਦ ਦੇ ਢਾਂਚੇ ’ਤੇ ਕਬਜ਼ਾ ਕੀਤਾ ਅਤੇ ਇਸ ਵਿਚ ਹਵਨ ਕਰਨ ਦੇ ਨਾਲ-ਨਾਲ ਕੰਧਾਂ ’ਤੇ ‘ਰਾਮ ਰਾਮ’ ਲਿਖ ਕੇ ਅਤੇ ਭਗਵੇਂ ਝੰਡੇ ਲਹਿਰਾਏ ਗਏ। ਉਨ੍ਹਾਂ ਕਿਹਾ ਕਿ ਇਸ ਬਾਰੇ ਸਬੂਤ ਵਜੋਂ ਉਨ੍ਹਾਂ ਵਿਰੁਧ ਉਸ ਵੇਲੇ ਕੀਤੀ ਐਫ਼.ਆਈ.ਆਰ. ਸੁਪਰੀਮ ਕੋਰਟ ਦੇ ਫ਼ੈਸਲੇ ’ਚ ਵੀ ਦਰਜ ਹੈ। ਹਾਲਾਂਕਿ ਉਨ੍ਹਾਂ ਦੇ ਇਸ ਐਲਾਨ ਮਗਰੋਂ ਕਈ ਸਿੱਖ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਵਿਚ ਰੋਸ ਵੇਖਣ ਨੂੰ ਮਿਲ ਰਿਹਾ ਹੈ।
ਡਾ. ਗਰਗ ਨੇ ਦਾਅਵੇ ਨੂੰ ਝੂਠ ਦਸਦਿਆਂ ਕਿਹਾ,“ਨਿਹੰਗ ਸਿੰਘ ਨੇ ਗ਼ਲਤ ਕਿਹਾ ਹੈ, ਕਿਸੇ ਸਿੱਖ ਨੇ ਕੋਈ ਹਵਨ ਨਹੀਂ ਕੀਤਾ। ਇਹ ਸਿਰਫ਼ ਸਿੱਖਾਂ ਨੂੰ ਮੁਸਲਮਾਨਾਂ ਵਿਰੁਧ ਕਰਨ ਦੀ ਸਾਜ਼ਸ਼ ਹੈ ਕਿਉਂਕਿ ਮੁਸਲਮਾਨ ਇਸ ਵੇਲੇ ਸਮਝ ਰਹੇ ਹਨ ਕਿ ਉਨ੍ਹਾਂ ਨਾਲ ਇਨਸਾਫ਼ ਨਹੀਂ ਹੋਇਆ। ਸੁਪਰੀਮ ਕੋਰਟ ਨੇ ਅਪਣੇ ਫ਼ੈਸਲੇ ’ਚ ਕਿਹਾ ਹੈ ਕਿ ਦੋਵੇਂ ਧਿਰਾਂ ਥਾਂ ’ਤੇ ਅਪਣਾ ਕਬਜ਼ਾ ਸਾਬਤ ਕਰਨ ’ਚ ਨਾਕਾਮ ਰਹੀਆਂ ਪਰ ਕਿਉਂਕਿ ਇਕ ਧਿਰ ਦੀ ਸ਼ਰਧਾ ਇਸ ਥਾਂ ਨਾਲ ਜੁੜੀ ਹੈ ਇਸ ਲਈ ਇਸ ਦੇ ਹੱਕ ’ਚ ਫੈਸਲਾ ਦਿਤਾ ਜਾਂਦਾ ਹੈ। ਇਹ ਫ਼ੈਸਲਾ ਕੋਈ ਇਨਸਾਫ਼ ਵਾਲੀ ਗੱਲ ਨਹੀਂ ਅਤੇ ਸਿੱਖੀ ਹਮੇਸ਼ਾ ਬੇਇਨਸਾਫ਼ੀ ਵਿਰੁਧ ਖੜਦੀ ਆਈ ਹੈ।’’ ਡਾ. ਗਰਗ ਨੇ ਵਿਅੰਗ ਕਰਦਿਆਂ ਕਿਹਾ, “ਨਿਹੰਗ ਸਿੰਘ ਖ਼ੁਦ ਨੂੰ ਬਾਬਾ ਫ਼ਕੀਰ ਸਿੰਘ ਦਾ ਵਾਰਸ ਹੋਣ ਦਾ ਦਾਅਵਾ ਕਰਦੇ ਹਨ ਤਾਂ ਉਹ ਅਪਣੇ 10 ਪੁਰਖਿਆਂ ਦੇ ਨਾਂ ਬੋਲ ਕੇ ਵਿਖਾਉਣ।’’
ਉਨ੍ਹਾਂ ਕਿਹਾ, “ਸਿੱਖੀ, ਸਨਾਤਨੀ ਰਹੁ ਰੀਤਾਂ ਤੋਂ ਵਖਰੀ ਹੈ। ਇਸੇ ਲਈ ਭਾਈ ਕਾਨ੍ਹ ਸਿੰਘ ਨਾਭਾ ਨੂੰ ਕਿਤਾਬ ਲਿਖਣੀ ਪਈ ਸੀ ਕਿ ‘ਹਮ ਹਿੰਦੂ ਨਹੀਂ’। ਹੁਣ ਇਹ ਨਿਹੰਗ ਸਿੰਘ ਕਹਿ ਰਹੇ ਹਨ ਕਿ ਸਿੱਖ ‘ਕੇਸਧਾਰੀ ਹਿੰਦੂ ਹਨ’ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ‘ਵੇਦਾਂ ਦਾ ਨਿਚੋੜ’ ਹੈ। ਸਾਨੂੰ ਸਪੱਸ਼ਟ ਹੋਣ ਚਾਹੀਦਾ ਹੈ ਕਿ ਨਾ ਅਸੀਂ ਸਨਾਤਨੀ ਹਾਂ, ਨਾ ਹਿੰਦੂ ਹਾਂ ਅਤੇ ਨਾ ਹੀ ਮੁਸਲਮਾਨ ਹਾਂ, ਅਸੀਂ ਇਨਸਾਨ ਹਾਂ।’’ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਚੌਕਸ ਹੋਣ ਦੀ ਜ਼ਰੂਰਤ ਹੈ ਨਹੀਂ ਤਾਂ ਸਿੱਖੀ ’ਤੇ ਵੱਡਾ ਹਮਲਾ ਹੋਵੇਗਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।