ਸਿੱਖ ਕੌਮ ਦੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੇ ਸੀਸ ਤਲੀ 'ਤੇ ਟਿਕਾ ਕੇ ਲਿਖਿਆ ਬਹਾਦਰੀ ਦਾ ਬੇਮਿਸਾਲ ਇਤਿਹਾਸ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਜਉ ਤਉ ਪ੍ਰੇਮ ਖੇਲਣ ਕਾ ਚਾਉ ।। ਸਿਰੁ ਧਰਿ ਤਲੀ ਗਲੀ ਮੇਰੀ ਆਉ ।।

Baba Deep Singh Ji

ਸਿੱਖ ਕੌਮ ਦੇ ਮਹਾਨ ਸ਼ਹੀਦਾਂ 'ਚ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇੱਕ ਵੱਖਰਾ ਸਥਾਨ ਰੱਖਦੇ ਹਨ। ਮਾਝੇ ਦੀ ਧਰਤੀ 'ਤੇ ਜਨਮ ਲੈਣ ਵਾਲੇ ਬਾਬਾ ਦੀਪ ਸਿੰਘ ਜੀ ਨੇ ਇੱਕ ਸੱਚੇ ਗੁਰਸਿੱਖ, ਬਹਾਦਰ ਸਿਪਾਹੀ, ਪ੍ਰਚਾਰਕ ਅਤੇ ਫ਼ੌਜੀ ਜਰਨੈਲ ਵਜੋਂ ਹਰ ਜ਼ਿੰਮੇਵਾਰੀ ਬੜੀ ਤਨਦੇਹੀ ਨਾਲ ਨਿਭਾਈ।ਜਿੱਥੇ ਬਾਬਾ ਜੀ ਨੂੰ ਸ਼ੁਰੂ ਤੋਂ ਹੀ ਸ਼ਸਤਰ ਵਿੱਦਿਆ ਦਾ ਸ਼ੌਕ ਸੀ, ਉੱਥੇ ਹੀ ਧਰਮ ਪ੍ਰਚਾਰ ਦੇ ਕਾਰਜਾਂ 'ਚ ਵੀ ਉਹ ਬੜੇ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ।

ਸ੍ਰੀ ਅਨੰਦਪੁਰ ਸਾਹਿਬ ਵਿਖੇ ਰਹਿੰਦੇ ਹੋਏ ਉਨ੍ਹਾਂ ਨੇ ਆਪਣੇ ਰਣ ਕੁਸ਼ਲਤਾ ਦੇ ਹੁਨਰ ਨੂੰ ਨਿਖਾਰਿਆ, ਉੱਥੇ ਹੀ ਭਾਈ ਮਨੀ ਸਿੰਘ ਜੀ ਵਰਗੇ ਵਿਦਵਾਨਾਂ ਦੀ ਸੰਗਤ 'ਚ ਰਹਿ ਕੇ ਗੁਰਬਾਣੀ ਵਿਆਖਿਆ ਅਤੇ ਪ੍ਰਚਾਰ ਬਾਰੇ ਵੀ ਬੇਅੰਤ ਗਿਆਨ ਵੀ ਹਾਸਲ ਕੀਤਾ। ਨਿਡਰ ਜਰਨੈਲ ਵਜੋਂ ਸ਼ਹੀਦਾਂ ਮਿਸਲ ਦੇ ਮੁਖੀ ਅਤੇ ਵਿਦਵਾਨ ਵਜੋਂ ਦਮਦਮੀ ਟਕਸਾਲ ਦੇ ਮੁਖੀ, ਉਨ੍ਹਾਂ ਵੱਲੋਂ ਨਿਭਾਈਆਂ ਭੂਮਿਕਾਵਾਂ ਉਨ੍ਹਾਂ ਦੀ ਸ਼ਖ਼ਸੀਅਤ ਦੇ ਵੱਖੋ-ਵੱਖ ਪਹਿਲੂਆਂ ਨੂੰ ਉਜਾਗਰ ਕਰਦੀਆਂ ਹਨ। 

ਅਫ਼ਗ਼ਾਨ ਹਮਲਾਵਰ ਅਹਿਮਦ ਸ਼ਾਹ ਦੁੱਰਾਨੀ ਦੇ ਜਰਨੈਲ ਜਹਾਨ ਖਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਬਾਰੇ ਸੁਣ ਕੇ ਬਾਬਾ ਜੀ ਦਾ ਲਹੂ ਉਬਾਲੇ ਮਾਰਨ ਲੱਗਿਆ ਅਤੇ ਉਨ੍ਹਾਂ ਨੇ ਪ੍ਰਣ ਕੀਤਾ ਕਿ ਜੇਕਰ ਇਸ ਦੀ ਸਜ਼ਾ ਦੇਣ ਦੌਰਾਨ ਉਨ੍ਹਾਂ ਨੂੰ ਸ਼ਹੀਦੀ ਵੀ ਦੇਣੀ ਪਈ ਤਾਂ ਉਹ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਬਿਨਾਂ ਸ਼ਹੀਦ ਨਹੀਂ ਹੋਣਗੇ। ਸਿੱਖਾਂ ਦੇ ਇਕੱਤਰ ਹੋਣ 'ਤੇ ਉਨ੍ਹਾਂ ਨੇ ਆਪਣੇ 18 ਸਿਰ ਦੇ ਖੰਡੇ ਨਾਲ ਲਕੀਰ ਖਿੱਚ ਕੇ ਆਖਿਆ ਕਿ ਇਸ ਲਕੀਰ ਨੂੰ ਉਹੀ ਪਾਰ ਕਰੇ ਜੋ ਸ਼ਹੀਦ ਹੋਣ ਲਈ ਤਿਆਰ ਹੈ। 

ਤਰਨਤਾਰਨ ਇਲਾਕੇ ਦੇ ਗੋਹਲਵੜ ਤੋਂ ਸ਼ੁਰੂ ਹੋਈ ਜੰਗ ਵਿੱਚ, ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਚਾਟੀਵਿੰਡ ਦਰਵਾਜ਼ੇ ਨੇੜੇ ਪਹੁੰਚਣ 'ਤੇ ਅਫ਼ਗ਼ਾਨ ਕਮਾਂਡਰ ਅਮਾਨ ਖਾਂ ਨਾਲ ਲੜਦੇ ਹੋਏ ਦੋਵਾਂ ਨੇ ਇੱਕ-ਦੂਜੇ 'ਤੇ ਜ਼ੋਰਦਾਰ ਵਾਰ ਕੀਤੇ। ਅਮਾਨ ਖਾਂ ਤਾਂ ਬਾਬਾ ਜੀ ਦੇ ਵਾਰ ਨਾਲ ਥਾਏਂ ਢੇਰੀ ਹੋ ਗਿਆ ਅਤੇ ਬਾਬਾ ਜੀ ਦਾ ਵੀ ਸੀਸ ਧੜ ਤੋਂ ਵੱਖ ਹੋ ਗਿਆ।

Amar Shaheed Baba Deep Singh Ji

ਇੱਕ ਸਿੰਘ ਨੇ ਬਾਬਾ ਜੀ ਨੂੰ ਉਨ੍ਹਾਂ ਦਾ ਪ੍ਰਣ ਯਾਦ ਕਰਵਾਇਆ ਅਤੇ ਕਹਿਣੀ ਕਥਨੀ ਦੇ ਪੂਰੇ ਬਾਬਾ ਦੀਪ ਸਿੰਘ ਜੀ ਨੇ ਸੀਸ ਤਲੀ 'ਤੇ ਟਿਕਾਇਆ ਅਤੇ ਖੰਡਾ ਵਾਹੁੰਦੇ ਹੋਏ ਮੁੜ ਜੰਗ ਕਰਦੇ-ਕਰਦੇ, ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਪਹੁੰਚ ਕੇ ਸ਼ਹੀਦੀ ਪ੍ਰਾਪਤ ਕੀਤੀ। ਇਸ ਬੇਮਿਸਾਲ ਬਹਾਦਰੀ ਸਦਕਾ ਹੀ ਬਾਬਾ ਦੀਪ ਸਿੰਘ ਜੀ ਨੂੰ ਅਨੋਖੇ ਅਮਰ ਸ਼ਹੀਦ ਕਹਿ ਕੇ ਯਾਦ ਕੀਤਾ ਜਾਂਦਾ ਹੈ। ਸਿੱਖ ਕੌਮ ਦੇ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਸਤਿਕਾਰ ਲਈ ਬਾਬਾ ਦੀਪ ਸਿੰਘ ਜੀ ਵੱਲੋਂ ਦਿੱਤੀ ਸ਼ਹਾਦਤ, ਸਮੁੱਚੀ ਸਿੱਖ ਕੌਮ ਨੂੰ ਪ੍ਰੇਰਦੀ ਰਹੇਗੀ।