ਧਰਮ ਦੇ ਨਾਂ 'ਤੇ ਸ਼ੋਸ਼ਣ ਸ਼ੁਭ ਸੰਕੇਤ ਨਹੀਂ: ਭਾਈ ਰਣਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਜਾਗਰੂਕਾਂ ਦੇ ਸਿਰ 'ਚ ਧਰਮ ਦਾ ਡੰਡਾ ਮਾਰ ਕੇ ਕਰਵਾ ਦਿਤਾ ਜਾਂਦੈ ਚੁੱਪ

Bhai Ranjit Singh

ਕੋਟਕਪੂਰਾ : 'ਉੱਚਾ ਦਰ ਬਾਬੇ ਨਾਨਕ ਦਾ' ਦੇ ਲਾਈਫ਼ ਮੈਂਬਰਾਂ ਮਨਪ੍ਰੀਤ ਸਿੰਘ ਅਤੇ ਜਗਵੀਰ ਸਿੰਘ ਦੇ ਪਿਤਾ ਸ. ਜੋਗਿੰਦਰ ਸਿੰਘ ਬਰਾੜ ਨਮਿਤ ਪਿੰਡ ਖਾਰਾ ਦੇ ਗੁਰਦਵਾਰਾ ਸਾਹਿਬ ਵਿਖੇ ਹੋਏ ਸ਼ਰਧਾਂਜ਼ਲੀ ਸਮਾਗਮ ਮੌਕੇ ਕਥਾਵਾਚਕ ਭਾਈ ਰਣਜੀਤ ਸਿੰਘ ਵਾੜਾਦਰਾਕਾ ਨੇ ਜਨਮ-ਮੌਤ, ਵਰ-ਸਰਾਪ, ਮੁਕਤੀ, ਰਸਮਾਂ ਅਤੇ ਕਰਮਕਾਂਡ ਬਾਰੇ ਸਮਝਾਇਆ। 

ਉਨਾਂ ਦਸਿਆ ਕਿ ਅੱਜ ਦੁਨੀਆਂ ਭਰ 'ਚ ਧਰਮ ਦੇ ਨਾਂ 'ਤੇ ਵਪਾਰ, ਪਖੰਡ ਅਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਜੋ ਸ਼ੁਭ ਸੰਕੇਤ ਨਹੀਂ ਹਨ ਪਰ ਜੇ ਕੋਈ ਜਾਗਰੂਕ ਸੱਜਣ ਇਸ ਵਿਰੁਧ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਸਿਰ 'ਚ ਧਰਮ ਦਾ ਡੰਡਾ ਮਾਰ ਕੇ ਉਸ ਨੂੰ ਚੁੱਪ ਕਰਵਾ ਦਿਤਾ ਜਾਂਦਾ ਹੈ। ਉਨਾ ਕਿਹਾ ਕਿ ਹਿੰਦੂ, ਇਸਲਾਮ, ਜੈਨ, ਬੋਧ, ਸਿੱਖ ਅਤੇ ਪਾਰਸੀ ਧਰਮ 'ਚ ਮ੍ਰਿਤਕ ਪ੍ਰਾਣੀ ਨੂੰ ਅਗਨੀ ਭੇਂਟ ਕਰਨ, ਧਰਤੀ 'ਚ ਦਫ਼ਨਾਉਣ ਜਾਂ ਕਿਸੇ ਉੱਚੇ ਚਬੂਤਰੇ 'ਤੇ ਖੁੱਲ੍ਹੇ ਅਸਮਾਨ ਹੇਠ ਰੱਖ ਕੇ ਪੰਛੀਆਂ ਨੂੰ ਖੁਆ ਦੇਣ ਦੀਆਂ ਆਪੋ ਆਪਣੀਆਂ ਮਾਨਤਾਵਾਂ ਹਨ ਪਰ ਵਿਅਕਤੀ ਦੇ ਮਰਨ ਤੋਂ ਬਾਅਦ ਮੁਕਤੀ ਦੇ ਨਾਂ 'ਤੇ ਵੀ ਧਰਮ ਦੀ ਆੜ 'ਚ ਲੋਕਾਂ ਦਾ ਆਰਥਕ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਜ਼ਿਉਂਦੇ ਬਜ਼ੁਰਗਾਂ ਦੀ ਸੇਵਾ ਕਰਨ ਵਾਲੀਆਂ ਗੱਲ੍ਹਾਂ ਹੀ ਗੁਰਬਾਣੀ ਅਨੁਸਾਰ ਪ੍ਰਵਾਨਤ ਹਨ ਪਰ ਮਰਨ ਤੋਂ ਬਾਅਦ ਮ੍ਰਿਤਕ ਪ੍ਰਾਣੀ ਦੇ ਮੂੰਹ 'ਚ ਦੇਸੀ ਘਿਓ ਜਾਂ ਹੋਰ ਸਮੱਗਰੀ ਪਾਉਣੀ ਮਨਮੱਤ ਹੈ ਕਿਉਂਕਿ ਧਰਮ ਦੀ ਆੜ 'ਚ ਜਿੰਨਾਂ ਦੇਸੀ ਘਿਓ, ਤੇਲ, ਦੁੱਧ ਜਾਂ ਡਰਾਈ ਫਰੂਟ ਅੱਗ 'ਚ ਸਾੜਿਆ ਅਤੇ ਬੇਅਰਥ ਡੋਲਿਆ ਜਾ ਰਿਹੈ, ਉਸ ਨਾਲ ਕਿਸੇ ਗ਼ਰੀਬ, ਬੇਵੱਸ, ਲਾਚਾਰ ਅਤੇ ਮੁਥਾਜ ਦੀ ਜ਼ਰੂਰਤ ਪੂਰੀ ਕੀਤੀ ਜਾ ਸਕਦੀ ਹੈ।