ਬਾਬਾ ਬਲਬੀਰ ਸਿੰਘ ਨੇ ਭਾਰਤ-ਪਾਕਿ ਸਰਕਾਰਾਂ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨ ਦੀ ਦਿਤੀ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ : ਪੁਲਵਾਮਾ ਵਿਚ ਵਾਪਰੇ ਦੁਖਦਾਈ ਕਾਂਡ ਨੇ ਦੋਹਾਂ ਦੇਸ਼ਾਂ ਦੀ ਆਵਾਮ ਨੂੰ ਗਹਿਰੀ ਚਿੰਤਾ ਵਿਚ ਪਾ ਦਿੱਤਾ ਹੈ। ਦੋਵੇਂ ਦੇਸ਼ ਬੜੀ ਤੇਜ਼ੀ ਨਾਲ ਜੰਗ ਦੇ ਖੇਤਰ...

Baba Balbir Singh

ਅੰਮ੍ਰਿਤਸਰ : ਪੁਲਵਾਮਾ ਵਿਚ ਵਾਪਰੇ ਦੁਖਦਾਈ ਕਾਂਡ ਨੇ ਦੋਹਾਂ ਦੇਸ਼ਾਂ ਦੀ ਆਵਾਮ ਨੂੰ ਗਹਿਰੀ ਚਿੰਤਾ ਵਿਚ ਪਾ ਦਿੱਤਾ ਹੈ। ਦੋਵੇਂ ਦੇਸ਼ ਬੜੀ ਤੇਜ਼ੀ ਨਾਲ ਜੰਗ ਦੇ ਖੇਤਰ ਵਲ ਵਧ ਰਹੇ ਹਨ। ਇਹ ਮਨੁੱਖ ਮਾਰੂ ਤੇ ਦੇਸ਼ ਮਾਰੂ ਨੀਤੀ ਦੇ ਸਿੱਟੇ ਬਹੁਤ ਹੀ ਦੁਖਦਾਈ ਤੇ ਨਿਰਾਸ਼ਾਜਨਕ ਹੋਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਇਕ ਪ੍ਰੈਸ ਰਲੀਜ਼ ਵਿਚ ਕੀਤਾ। 
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਦਫ਼ਤਰ ਬੁਰਜ ਅਕਾਲੀ ਫੂਲਾ ਸਿੰਘ ਤੋਂ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ ਪਰ ਇਸ ਸਮੇਂ ਭਾਰਤ ਪਾਕਿਸਤਾਨ ਵਿਚ ਵਾਪਰ ਰਹੀਆਂ ਘਟਨਾਵਾਂ ਚਿੰਤਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਆਪਸੀ ਲੱਗੇ ਜ਼ਖ਼ਮਾਂ ਨੂੰ ਗੱਲਬਾਤ ਰਾਹੀਂ ਭਰਨਾ ਚਾਹੀਦਾ ਹੈ ਅਤੇ ਮਨੁੱਖ ਮਾਰੂ ਮਨਸੂਬਿਆਂ ਤੋਂ ਬਚਣਾ ਚਾਹੀਦਾ ਹੈ। ਅੱਜ ਦਾ ਵਿਗਿਆਨ ਬਹੁਤ ਹੀ ਐਡਵਾਂਸ ਤਕਨੀਕਾਂ ਅਪਣਾ ਚੁੱਕਾ ਹੈ। ਸਾਇੰਸਦਾਨਾਂ ਨੇ ਵਿਗਿਆਨ ਦੀ ਪਹੁੰਚ ਰਾਹੀਂ ਦੂਜੇ ਗ੍ਰਹਿ ਤਕ ਪੈਰ ਪਸਾਰ ਲਏ ਹਨ। ਉਸ ਵੇਲੇ ਅਸੀਂ ਹਉਮੈ ਈਰਖਾ ਤੇ ਨਫ਼ਰਤ ਦਾ ਸ਼ਿਕਾਰ ਹੋ ਕੇ ਬਾਰੂਦ ਦੇ ਢੇਰ 'ਤੇ ਖੜਨ ਦਾ ਯਤਨ ਕਰ ਰਹੇ ਹਾਂ। ਉਨ੍ਹਾਂ ਅਪੀਲ ਕੀਤੀ ਕਿ ਦੋਹਾਂ ਦੇਸ਼ਾਂ ਨੂੰ ਸਾਰਥਿਕ ਤੇ ਅਗਾਂਹਵਧੂ ਮਾਹੌਲ ਲਈ ਵੱਡੀ ਪੱਧਰ 'ਤੇ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ 1947 ਦੀ ਵੰਡ ਵੇਲੇ ਅਤੇ 1965 ਤੇ 1971 ਦੀਆਂ ਜੰਗਾਂ ਦਰਮਿਆਨ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਹੈ। ਦੋਹਾਂ ਪਾਸਿਆਂ ਤੋਂ ਹੀ ਪੰਜਾਬ ਲਹੂ ਲੁਹਾਣ ਹੁੰਦਾ ਹੋਇਆ ਉਜਾੜੇ ਦਾ ਸਾਹਮਣਾ ਕਰਦਾ ਰਿਹਾ ਹੈ। ਉਨ੍ਹਾਂ ਦੋਹਾਂ ਦੇਸ਼ਾਂ ਨੂੰ ਅਤੀਤ ਤੋਂ ਸਬਕ ਸਿੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜੰਗ ਦੇਸ਼ ਨੂੰ ਕਈ ਦਹਾਕੇ ਪਿੱਛੇ ਧਕੇਲ ਦਿੰਦੀ ਹੈ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਵਾਰ ਵਾਰ ਭਾਰਤ ਵਿਚ ਹੁੰਦੇ ਅਤਿਵਾਦੀ ਹਮਲਿਆਂ ਨੂੰ ਰੋਕਣ ਲਈ ਪਾਕਿਸਤਾਨ ਵਿਚ ਸਥਿਤ ਅਤਿਵਾਦੀ ਕੈਂਪਾਂ ਤੇ ਤੁਰਤ ਕਾਰਵਾਈ ਕਰੇ ਤਾਂ ਕਿ ਮਨੁੱਖਤਾ ਦੇ ਘਾਣ ਨੂੰ ਰੋਕਿਆ ਜਾ ਸਕੇ। ਉਨ੍ਹਾਂ ਸ਼ਾਤੀ ਪਸੰਦ ਦੇਸ਼ਾਂ ਦੇ ਮੁੱਖੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ਦੇ ਹੱਲ ਲਈ ਅੱਗੇ ਆਉਣ।