ਅਪ੍ਰੈਲ ਮਹੀਨੇ ਨੂੰ 'ਸਿੱਖ ਅਵੇਅਰਨੈਂਸ ਮਹੀਨਾ' ਐਲਾਨਣ ਲਈ ਨਵਾਂ ਕਾਨੂੰਨ ਪਾਸ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਾਨੂੰਨ ਦੇ ਬਣਨ ਹਰ ਸਾਲ ਅਪ੍ਰੈਲ ਮਹੀਨੇ ਵਿਚ ਦੁਨੀਆਂ ਦੇ ਪੰਜਵੇਂ ਵੱਡੇ ਸਿੱਖ ਧਰਮ ਤੇ ਸਿੱਖ ਕੌਮ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ 

Sikh

ਅੰਮ੍ਰਿਤਸਰ : ਅਮਰੀਕਾ ਦੇ ਨਿਊ ਜਰਸੀ ਰਾਜ ਦੀ ਸਰਕਾਰ ਨੇ 25 ਮਾਰਚ ਨੂੰ ਅਪ੍ਰੈਲ 14 ਨੂੰ ਸਿੱਖ ਦਿਵਸ ਅਤੇ ਇਸੇ ਮਹੀਨੇ ਨੂੰ ਸਿੱਖ ਅਵੇਅਰਨੈਂਸ ਤੇ ਕਦਰਦਾਨੀ ਮਹੀਨਾ ਐਲਾਨਣ ਲਈ ਨਵਾਂ ਕਾਨੂੰਨ ਪਾਸ ਕਰ ਦਿਤਾ। ਰਾਜ ਦੇ ਗਵਰਨਰ ਜਨਾਬ ਫ਼ਿਲ ਮਰਜ਼ੀ ਨੇ ਰਾਜ ਦੇ ਦੋਹਾਂ ਸਦਨਾਂ ਵਲੋਂ ਪਾਸ ਬਿਲ ਨੂੰ ਅਪਣੇ ਦਸਤਖ਼ਤਾਂ ਨਾਲ ਕਾਨੂੰਨ ਬਣਾ ਕੇ ਇਤਿਹਾਸ ਸਿਰਜ ਦਿਤਾ। ਇਸ ਕਾਨੂੰਨ ਦੇ ਬਣਨ ਨਾਲ ਹਰ ਸਾਲ ਅਪ੍ਰੈਲ ਮਹੀਨੇ ਵਿਚ ਦੁਨੀਆਂ ਦੇ ਪੰਜਵੇਂ ਵੱਡੇ ਸਿੱਖ ਧਰਮ ਤੇ ਸਿੱਖ ਕੌਮ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਇਆ ਕਰੇਗੀ। 

ਸਕੂਲਾਂ ਵਿਚ ਸਿੱਖ ਧਰਮ ਬਾਰੇ ਜਾਣਕਾਰੀ ਮੁਹਈਆ ਕਰਵਾਈ ਜਾਵੇਗੀ ਤੇ ਸਿੱਖ ਧਰਮ ਬਾਰੇ ਬੱਚਿਆਂ ਤੇ ਨੌਜਵਾਨਾਂ ਵਿਚ ਧਰਮ ਬਾਰੇ ਤੇ ਸਿੱਖ ਕੌਮ ਬਾਰੇ ਸੂਚਨਾ ਦਾ ਅਦਾਨ ਪ੍ਰਦਾਨ ਹੋਵੇਗਾ। ਇਸ ਕਾਨੂੰਨ ਦੇ ਪਾਸ ਹੋਣ ਨਾਲ ਨਿਊ ਜਰਸੀ ਰਾਜ ਦੇ ਸਿੱਖਾਂ ਵਿਚ ਤਾਂ ਖ਼ੁਸ਼ੀ ਦੀ ਲਹਿਰ ਦੌੜਨੀ ਹੀ ਸੀ, ਪਰ ਇਸ ਨਾਲ ਲੱਗਦੇ ਰਾਜਾਂ ਜਿਵੇਂ ਨਿਊਯਾਰਕ, ਡੈਲਾਵੇਅਰ, ਕਨੈਕਟੀਕਟ ਤੇ ਪੈਨਸਿਲਵੇਨੀਆ ਰਾਜ ਦੇ ਸਿੱਖਾਂ ਵਿਚ ਵੀ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਤੋਂ ਇਲਾਵਾ ਕੈਲੇਫ਼ੋਰਨੀਆ, ਮੈਰੀਲੈਂਡ, ਵਰਜੀਨੀਆ ਤੇ ਵਾਸ਼ਿੰਗਟਨ ਡੀ.ਸੀ. ਵਿਚ ਵੀ ਖ਼ੁਸ਼ੀ ਦੀ ਲਹਿਰ ਪੈਦਾ ਹੋਈ ਹੈ।

ਇਸ ਇਤਿਹਾਸਕ ਫ਼ੈਸਲੇ ਦੌਰਾਨ ਸਟੇਟ ਸੈਨੇਟਰ ਪ੍ਰੈਜ਼ੀਡੈਂਟ ਸਟੀਵ ਸਵਿੰਨੀ, ਡਿਪਟੀ ਸਪੀਕਰ ਮਿਸਟਰ ਜਾਨ ਹੁਰਾਂ ਨੇ ਸਿੱਖਾਂ ਨੂੰ ਵਧਾਈ ਪੇਸ਼ ਕੀਤੀ ਤੇ ਸ਼ੁਭ ਇੱਛਾਵਾਂ ਭੇਂਟ ਕੀਤੀਆਂ। ਹਾਊਸ ਦੇ ਲੀਡਰ ਲੂਈਸ ਗਰੀਨਵਰਡ, ਮਾਈਨਾਰਟੀ ਲੀਡਰ ਥਾਮਸ ਕੀਨ, ਨਿਊ ਜਰਸੀ ਸਟੇਟ ਦੇ ਅਟਾਰਨੀ ਜਨਰਲ ਸ. ਗੁਰਬੀਰ ਸਿੰਘ ਗਰੇਵਾਲ, ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ, ਰਵਿੰਦਰ ਸਿੰਘ ਰਿਆੜ, ਨਿਊ ਜਰਸੀ ਚੈਂਬਰ ਆਫ਼ ਕਮਰਸ ਤੇ ਏਜੀਪੀਸੀ ਦੇ ਸਾਬਕਾ ਪ੍ਰਧਾਨ ਭਾਈ ਯਾਦਵਿੰਦਰ ਸਿੰਘ, ਰਾਜਭਲਿੰਦਰ ਸਿੰਘ ਬਦੇਸ਼ਾ, ਡਾ. ਅਮਰਜੀਤ ਸਿੰਘ ਆਦਿ ਤੇ ਹੋਰ ਪਤਵੰਤੇ ਸੱਜਣ ਇਨ੍ਹਾਂ ਇਤਿਹਾਸਕ ਪਲਾਂ ਦੇ ਗਵਾਹ ਬਣੇ।