ਵਾਤਾਵਰਣ ਸ਼ੁਧਤਾ ਲਈ ਰੁੱਖ ਲਗਾਉਣੇ ਹੀ ਗਲੋਬਲ ਵਾਰਮਿੰਗ ਦਾ ਅਸਲ ਹੱਲ : ਹਰਨਾਮ ਸਿੰਘ ਖ਼ਾਲਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਲਾਕੇ ਦੀਆਂ 6 ਦਰਜਨ ਪੰਚਾਇਤਾਂ ਨੂੰ 15 ਹਜ਼ਾਰ ਛਾਂਅਦਾਰ ਬੂਟੇ ਵੰਡੇ

Harnam Singh Khalsa and others

ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਵਧਦੇ ਹਵਾ ਪ੍ਰਦੂਸ਼ਣ ਦੀ ਸਮੱਸਿਆ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਵਾਤਾਵਰਣ ’ਚ ਸ਼ੁਧਤਾ ਬਣਾਈ ਰਖਣਾ ਹੀ ਗਲੋਬਲ ਵਾਰਮਿੰਗ ਦਾ ਅਸਲ ਹੱਲ ਹੈ ਜਿਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਹਰਨਾਮ ਸਿੰਘ ਖ਼ਾਲਸਾ ਦਮਦਮੀ ਟਕਸਾਲ ਦੇ ਹੈਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸ਼ਤਾਬਦੀ (50 ਸਾਲਾ) ਨੂੰ ਸਮਰਪਿਤ ਬੂਟੇ ਵੰਡਦਿਆਂ ਵਾਤਾਵਰਣÎ ਸ਼ੁਰਧਾ ਪ੍ਰਤੀ ਰੁੱਖ ਲਗਾਉਣ ਦੀ ਹਰਿਆਵਲੀ ਮੁਹਿੰਮ ਦਾ ਆਗਾਜ਼ ਕਰ ਰਹੇ ਸਨ। 

ਅੱਜ ਇਸ ਮੁਹਿੰਮ ਤਹਿਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਚੈਰੀਟੇਬਲ ਟਰੱਸਟ ਅਤੇ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਅਕੈਡਮੀ ਵਲੋਂ ਇਲਾਕੇ ਦੀਆਂ 6 ਦਰਜਨ ਪੰਚਾਇਤਾਂ ਨੂੰ 15 ਹਜ਼ਾਰ ਛਾਂਅਦਾਰ ਬੂਟੇ ਵੰਡੇ ਗਏ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਭਰੂਣ ਹਤਿਆ, ਦਾਜ, ਨਸ਼ਾ ਆਦਿ ਸਮਾਜਕ ਬੁਰਾਈਆਂ ਚਿੰਤਾ ਦਾ ਵਿਸ਼ਾ ਹਨ, ਜਿਨ੍ਹਾਂ ਦਾ ਖ਼ਾਤਮਾ ਜ਼ਰੂਰੀ ਹੈ। ਪਰ ਉਥੇ ਹੀ ਇਕ ਹੋਰ ਅਫ਼ਸੋਸਨਾਕ ਜੋ ਕਿ ਇਕ ਕੌੜਾ ਸੱਚ ਇਹ ਵੀ ਹੈ ਕਿ ਪ੍ਰਦੂਸ਼ਣ ਰਾਹੀਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਾਸਤ ਵਿਚ ਕੇਵਲ ਜ਼ਹਿਰੀਲਾ ਵਾਤਾਵਰਣ ਅਤੇ ਨਾਮੁਰਾਦ ਬੀਮਾਰੀਆਂ ਦਾ ਸੰਤਾਪ ਦੇਣ ਜਾ ਰਹੇ ਹਾਂ।

ਉਨ੍ਹਾਂ ਵਧਦੇ ਪ੍ਰਦੂਸ਼ਣ ਅਤੇ ਆਲਮੀ ਤਪਸ਼ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਪੰਚਾਇਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਾਉਣ, ਦੂਜਿਆਂ ਨੂੰ ਵੀ ਇਸ ਕਾਰਜ ਲਈ ਪ੍ਰੇਰਿਤ ਕਰਨ ਅਤੇ ਰੁੱਖਾਂ ਪੌਦਿਆਂ ਦੀ ਵਧੀਆ ਢੰਗ ਅਤੇ ਪੂਰੀ ਤਨਦੇਹੀ ਨਾਲ ਸਾਂਭ-ਸੰਭਾਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮੌਜੂਦ ਪੰਚਾਇਤਾਂ ਅਤੇ ਸੰਗਤ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਸੇਵਾ ਸੰਭਾਲ ਦਾ ਭਰੋਸਾ ਦਿਤਾ।