ਹਿਮਾਲਿਆ ਨੂੰ ਗਲੋਬਲ ਵਾਰਮਿੰਗ ਤੋਂ ਬਚਾਉਣਗੇ ਚੀੜ ਅਤੇ ਦੇਵਦਾਰ ਦੇ ਦਰਖ਼ਤ
ਖੋਜਾਂ ਮੁਤਾਬਕ ਹਿਮਾਲਿਆ ਦੇ ਸੰਘਣੇ ਜੰਗਲਾਂ ਵਿਚ ਕਾਰਬਨ ਨੂੰ ਸੋਖਣ ਦੀ ਸਮਰਥਾ ਬਹੁਤ ਜਿਆਦਾ ਹੈ। ਉਤਰਾਖੰਡ ਵਿਚ ਦੂਜਾ ਸੱਭ ਤੋਂ ਸੰਘਣਾ ਜੰਗਲ ਹੈ।
ਉਤਰਾਖੰਡ, ( ਪੀਟੀਆਈ ) : ਹਿਮਾਲਿਆ ਨੂੰ ਗਲੋਬਲ ਵਾਰਮਿੰਗ ਦੇ ਖਤਰੇ ਤੋਂ ਬਚਾਉਣ ਲਈ ਚੀੜ ਅਤੇ ਦੇਵਦਾਰ ਦੇ ਦਰਖ਼ਤ ਸੱਭ ਤੋਂ ਵੱਧ ਮਦਦਗਾਰ ਸਾਬਤ ਹੋਣਗੇ। ਉੱਚ ਹਿਮਾਲਿਆ ਖੇਤਰਾਂ ਵਿਚ ਜੰਗਲਾਂ ਦੀਆਂ ਇਹਨਾਂ ਕਿਸਮਾਂ ਵਿਚ ਕਾਰਬਨ ਨੂੰ ਸੋਖਣ ਦੀ ਸਮਰਥਾ ਕਿਤੇ ਵੱਧ ਹੈ। ਦਿ ਐਨਰਜੀ ਐਂਡ ਰਿਸੋਰਸਜ ਇੰਸਟੀਚਿਊਟ ਦੇ ਵਿਗਿਆਨੀ ਉਤਰਾਖੰਡ ਜੰਗਲਾਤ ਵਿਭਾਗ ਦੀ ਮਦਦ ਨਾਲ ਦਰਖ਼ਤਾਂ ਵਿਚ ਜਮ੍ਹਾਂ ਕਾਰਬਨ ਦੀ ਮਾਤਰਾ ਨੂੰ ਨਾਪ ਰਹੇ ਹਨ। ਟੀਈਆਰਆਈ ਦੇ ਸੀਨੀਅਰ ਵਿਗਿਆਨੀ ਡਾ. ਸੈਯਦ ਆਰਿਫ ਵਲੀ ਮੁਤਾਬਕ ਦੁਨੀਆ ਦੇ
200 ਦੇਸ਼ਾਂ ਨੇ 2030 ਤੱਕ ਕਾਰਬਨ ਡਾਈਆਕਸਾਈਜਡ ਵਿਚ ਕਮੀ ਲਿਆਉਣ ਦਾ ਸਮਝੌਤਾ ਕੀਤਾ ਹੈ। ਭਾਰਤ ਵਿਚ ਸਮਝੌਤੇ ਅਧੀਨ ਜੰਗਲਾਂ ਵਿਚ ਮੌਜੂਦ ਕਾਰਬਨ ਦੀ ਗਿਣਤੀ ਹੋਣੀ ਹੈ ਤਾਂ ਕਿ ਪਤਾ ਚਲੇ ਕਿ ਜੰਗਲ ਕਿੰਨਾ ਕਾਰਬਨ ਸੋਖ ਰਹੇ ਹਨ। ਇਹਨਾਂ ਅੰਕੜਿਆਂ ਦੇ ਆਧਾਰ 'ਤੇ ਹੀ ਦੁਨੀਆਂ ਭਰ ਦੇ ਵਿਗਿਆਨੀ ਜਲਵਾਯੂ ਬਦਲਾਅ ਦੇ ਖਤਰਿਆਂ ਨੂੰ ਖਤਮ ਕਰਨ ਦੀ ਯੋਜਨਾ ਬਣਾਉਣਗੇ। ਖੋਜਾਂ ਮੁਤਾਬਕ ਹਿਮਾਲਿਆ ਦੇ ਸੰਘਣੇ ਜੰਗਲਾਂ ਵਿਚ ਕਾਰਬਨ ਨੂੰ ਸੋਖਣ ਦੀ ਸਮਰਥਾ ਬਹੁਤ ਜਿਆਦਾ ਹੈ। ਉਤਰਾਖੰਡ ਵਿਚ ਦੂਜਾ ਸੱਭ ਤੋਂ ਸੰਘਣਾ ਜੰਗਲ ਹੈ।
ਹਿਮਾਲਿਆ ਖੇਤਰ ਦੇ ਪੰਜ ਰਾਜਾਂ ( ਜੰਮੂ-ਕਸ਼ਮੀਰ, ਹਿਮਾਚਲ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ) ਵਿਚ 4.22 ਲੱਖ ਵਰਗ ਕਿਮੀ ਤੋਂ ਜਿਆਦਾ ਇਲਾਕਾ ਜੰਗਲਾਂ ਨਾਲ ਘਿਰਿਆ ਹੋਇਆ ਹੈ। ਇਹਨਾਂ ਜੰਗਲਾਂ ਨੂੰ ਖੁਲ੍ਹੇ , ਸੰਘਣੇ ਅਤੇ ਬਹੁਤ ਸੰਘਣੇ ਜੰਗਲਾਂ ਦੇ ਵਰਗ ਵਿਚ ਵੰਡਿਆ ਗਿਆ ਹੈ। ਅਤਿ ਸੰਘਣੇ ਜੰਗਲਾਂ ਦਾ ਸੱਭ ਤੋਂ ਵੱਡਾ ਖੇਤਰਫਲ ਅਰੁਣਾਚਲ ਪ੍ਰਦੇਸ਼ ਵਿਚ ਹੈ। ਦੂਜੇ ਨੰਬਰ 'ਤੇ ਉਤਰਾਖੰਡ ਹੈ। ਵੱਧ ਕਾਰਬਨ ਸੋਖ ਲੈਣ ਵਾਲੀਆਂ ਜੰਗਲ ਦੀਆਂ ਕਿਸਮਾਂ ਇਹਨਾਂ ਜੰਗਲਾਂ ਵਿਚ ਸੱਭ ਤੋਂ ਵੱਧ ਮਿਲਦੀਆਂ ਹਨ। ਜਿੰਨੇ ਵੱਧ ਦਰਖਤ ਹੋਣਗੇ ਉਨੀ ਹੀ
ਵੱਧ ਕਾਰਬਨ ਡਾਈਆਕਸਾਈਡ ਹਵਾ ਤੋਂ ਘੱਟ ਹੋ ਕੇ ਦਰਖ਼ਤਾਂ ਵਿਚ ਸਮਾ ਜਾਵੇਗੀ। ਦਰਖਤ ਦੇ ਤਣੇ, ਪੱਤੇ, ਮੋਟਾਈ ਦੀ ਜਾਂਚ ਰਾਹੀ ਉਸ ਵਿਚ ਮੌਜੂਦ ਕਾਰਬਨ ਡਾਈਆਕਸਾਈਡ ਦੀ ਮਾਤਰਾ ਨੂੰ ਮਾਪਿਆ ਜਾਵੇਗਾ। ਕਾਰਬਨ ਡਾਈਆਕਸਾਈਡ ਦੇ ਪੱਧਰ ਦੇ ਘੱਟ ਹੋਣ 'ਤੇ ਦੁਨੀਆ ਦੇ ਵਿਕਸਤ ਦੇਸ਼ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਮੁਦਦ ਮੁਹੱਈਆ ਕਰਵਾਉਣਗੇ। ਉਤਰਾਖੰਡ ਵਿਚ ਵੱਧ ਜੰਗਲਾਂ ਕਾਰਨ ਵਾਤਾਵਰਣ ਨੂੰ ਸਵੱਛ ਰੱਖਣ ਵਿਚ ਮਦਦ ਮਿਲਦੀ ਹੈ।