Italy Nagar Kirtan: ਗੁਰਪੁਰਬ ਮੌਕੇ ਇਟਲੀ ਦੇ ਸ਼ਹਿਰ ਪੁਨਤੀਨੀਆ 'ਚ ਸਜਾਇਆ ਗਿਆ ਨਗਰ ਕੀਰਤਨ
ਸ਼ਹਿਰ ਦੇ ਮੇਅਰ ਨੇ ਉਚੇਚੇ ਤੌਰ 'ਤੇ ਪਹੁੰਚ ਕਰਕੇ ਸਿੱਖ ਕੌਮ ਨੂੰ ਨਗਰ ਕੀਰਤਨ ਦੀਆਂ ਦਿੱਤੀਆਂ ਵਧਾਈਆਂ
Nagar Kirtan organized in Italy News in punjabi : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554 ਸਾਲਾ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਵਿੱਚ ਵੱਸਦੀਆਂ ਸੰਗਤਾਂ ਦੁਆਰਾ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼-ਵਿਦੇਸ਼ 'ਚ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਪਵਿੱਤਰ ਦਿਹਾੜੇ 'ਤੇ ਇਟਲੀ ਵਿਚ ਵੀ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ। ਇਟਲੀ ਦੇ ਸ਼ਹਿਰ ਪੁਨਤੀਨੀਆ ਵਿਖੇ ਵੀ ਨਗਰ ਕੀਰਤਨ ਸਜਾਇਆ ਗਿਆ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਵਧੇਗੀ ਠੰਢ, ਕਈ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ
ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਪੁਰਾਣੀ ਇਮਾਰਤ) ਦੁਆਰਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਜਿਸ ਵਿੱਚ ਇਲਾਕੇ ਭਰ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਆਪਣੇ ਆਪ ਨੂੰ ਵਡਭਾਗਾ ਸਮਝ ਰਹੀਆਂ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ, ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਪਿਆਸਾ ਕੈਂਡੀ ਤੋਂ ਆਰੰਭ ਹੋਇਆ।
ਇਹ ਵੀ ਪੜ੍ਹੋ: Ceiling Fan News: ਛੱਤ ਵਾਲੇ ਪੱਖੇ ਖਰੀਦਣ ਵਾਲਿਆਂ ਲਈ ਜ਼ਰੂਰੀ ਖ਼ਬਰ, ਬੰਦ ਹੋਣ ਵਾਲੇ ਹਨ ਪੁਰਾਣੇ ਪੱਖੇ, ਆ ਗਏ ਨਵੇਂ ਪੱਖੇ
ਇਸ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸਾਰਾ ਸ਼ਹਿਰ ਪੁਨਤੀਨੀਆਂ ਗੂੰਜਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਮਤਿ ਗੱਤਕਾ ਅਕੈਡਮੀ ਲਵੀਨੀੳ ਦੇ ਤੇ ਗੱਤਕੇ ਦੇ ਸਿੰਘਾਂ ਨੇ ਗੱਤਕੇ ਦੇ ਹੈਰਤਅੰਗੇਜ਼ ਜੌਹਰ ਦਿਖਾਏ। ਸ਼ਾਮ ਨੂੰ ਨਗਰ ਕੀਰਤਨ ਪੁਨਤੀਨੀਆ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਪਿਆਸਾ ਕੈਂਡੀ ਵਿਖੇ ਸਮਾਪਤ ਹੋਇਆ। ਇਸ ਮੌਕੇ ਰਾਗੀ ਢਾਡੀ ਤੇ ਕੀਰਤਨ ਜੱਥਿਆਂ ਵੱਲੋ ਨਗਰ ਕੀਰਤਨ ਵਿਚ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।
ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦਸਤਾਰ ਲਹਿਰ ਇਟਲੀ ਦੇ ਸੇਵਾਦਾਰ ਦੁਆਰਾ ਨੌਜਵਾਨਾਂ ਦੇ ਸਿਰ ਦਸਤਾਰਾਂ ਸਜਾਈਆਂ ਗਈਆਂ। ਇਸ ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵੀ ਪਹੁੰਚੀਆਂ ਹੋਈਆਂ ਸਨ। ਸ਼ਹਿਰ ਦੇ ਮੇਅਰ ਨੇ ਉਚੇਚੇ ਤੌਰ 'ਤੇ ਪਹੁੰਚ ਕਰਕੇ ਸਿੱਖ ਕੌਮ ਨੂੰ ਨਗਰ ਕੀਰਤਨ ਦੀਆਂ ਵਧਾਈਆਂ ਦਿੱਤੀਆਂ।ਗੁਰਦੁਆਰਾ ਸਿੰਘ ਸਭਾ ਪੁਨਤੀਨੀਆਂ ਦੀ ਪ੍ਰਬੰਧਕ ਕਮੇਟੀ ਦੁਆਰਾ ਪੁਨਤੀਨੀਆ ਕਮੂਨੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆ ਵਧਾਈ ਦਿੰਦੇ ਹੋਏ ਸੰਗਤ ਅਤੇ ਨਗਰ ਕੀਰਤਨ ਵਿੱਚ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ।
ਮਿਲਾਨ ਤੋਂ ਦਲਜੀਤ ਮੱਕੜ ਦੀ ਰਿਪੋਰਟ