ਸੰਗਤ ਨੇ ਤਖਤ ਸ੍ਰੀ ਆਨੰਦਪੁਰ ਸਾਹਿਬ ਦੇ ਜਥੇਦਾਰ ਤੋਂ ਬਾਬੇ ਵਿਰੁਧ ਕਾਰਵਾਈ ਕਰਨ ਦੀ ਕੀਤੀ ਮੰਗ
ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਮੁੱਦਾ ਗਰਮਾਇਆ
ਕੁਰਾਲੀ/ਮਾਜਰੀ : ਪਿੰਡ ਖਿਜਰਾਬਾਦ ਬਾਗ ਬਾਬਾ ਨਾਗਾ ਵਿਖੇ ਸਾਲਾਨਾ ਸਮਾਗਮ ਦੌਰਾਨ ਕੀਰਤਨ ਕਰਨ ਲਈ ਪਹੁੰਚੇ ਪੰਥ ਦੇ ਮਹਾਨ ਕੀਰਤਨੀਏ ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਗਟਾਵਾ ਕੀਤਾ ਹੈ ਕਿ ਬਾਗ ਬਾਬਾ ਨਾਗਾ ਦੇ ਮੁੱਖ ਪ੍ਰਬੰਧਕ ਵਲੋਂ ਮੈਨੂੰ ਇਹ ਕਹਿ ਕੇ ਬੁਲਾਇਆ ਗਿਆ ਕਿ ਸਾਡੇ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਕੋਲ 24 ਮਾਰਚ ਨੂੰ ਦੁਪਹਿਰ ਬਾਅਦ ਕੋਈ ਪ੍ਰੋਗਰਾਮ ਨਹੀਂ ਸੀ। ਮੁੱਖ ਪ੍ਰਬੰਧਕ ਗੁਜਿੰਦਰ ਸਿੰਘ ਨੂੰ ਫ਼ੋਨ ਰਾਹੀਂ ਦਸ ਦਿੱਤਾ ਗਿਆ ਹੈ ਤੇ ਇਨ੍ਹਾਂ ਵਲੋਂ ਸਾਲਾਨਾ ਸਮਾਗਮ ਵੀ 24 ਮਾਰਚ ਨੂੰ ਰੱਖ ਲਿਆ ਗਿਆ। ਕੀਰਤਨ ਦੀ ਸਮਾਪਤੀ ਉਪਰੰਤ ਜਦ ਪ੍ਰਬੰਧਕਾਂ ਨੇ ਹੁਕਮਨਾਮਾ ਲਿਆ ਤਾ ਉਸ ਤੋਂ ਪਤਾ ਲੱਗਾ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਹੈ, ਕੋਈ ਹੋਰ ਪੰਥੀ ਰੱਖੀ ਗਈ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਆਕਾਰ ਦੀ ਹੈ ਤੇ ਉਸ ਤਰ੍ਹਾ ਹੀ ਚੰਦੋਆ ਸਾਹਿਬ ਲਾ ਕੇ ਇਸ ਪੋਥੀ ਤੇ ਚੌਰ ਵੀ ਕੀਤੀ ਜਾ ਰਹੀ ਸੀ।
ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆ ਨੇ ਇਸ ਦਾ ਸੋਸਲ ਮੀਡੀਆ 'ਤੇ ਪ੍ਰਗਟਾਵਾ ਕਰ ਕੇ ਸਿੱਖ ਪੰਥ ਤੇ ਸੰਗਤ ਕੋਲੋਂ ਮੁਆਫ਼ੀ ਮੰਗੀ ਹੈ ਕਿ ਉਨ੍ਹਾਂ ਨਾਲ ਪ੍ਰਬੰਧਕਾਂ ਨੇ ਧੋਖਾ ਕੀਤਾ ਹੈ ਜਿਸ ਦਾ ਉਨ੍ਹਾਂ ਨੂੰ ਪਛਤਾਵਾ ਹੈ। ਇਸ ਮਾਮਲੇ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਵਲੋਂ ਇਕ ਲਿਖਤੀ ਦਰਖ਼ਾਸਤ ਪੁਲਿਸ ਥਾਣਾ ਮਾਜਰੀ ਤੇ ਤਖਤ ਸ੍ਰੀ ਆਨੰਦਪੁਰ ਸਾਹਿਬ ਦੇ ਜਥੇਦਾਰ ਭਾਈ ਰਘਵੀਰ ਸਿੰਘ ਜੀ ਨੂੰ ਦਿਤੀ ਗਈ ਕਿ ਇਸ ਬਾਬੇ ਵਲੋਂ ਲੋਕਾਂ ਨੂੰ ਵਹਿਮਾ ਭਰਮਾ ਵਿਚ ਪਾਉਣ ਤੇ ਸਿੱਖ ਮਰਿਆਦਾ ਤੋਂ ਉਲਟ ਕੰਮ ਕੀਤੇ ਜਾਦਾ ਹੈ।
ਪਿੰਡ ਖਿਜਰਾਬਾਦ ਦੇ ਅਮਰ ਸਿੰਘ, ਨਾਗਰ ਸਿੰਘ, ਕਮਲਜੀਤ ਸਿੰਘ, ਹਰਮੀਤ ਸਿੰਘ, ਜਸਵਿੰਦਰ ਸਿੰਘ, ਸਿਵ ਸਿੰਘ, ਕੁਲਵਿੰਦਰ ਸਿੰਘ, ਗੁਰਚਰਨ ਸਿੰਘ , ਜਗਤਾਰ ਸਿੰਘ, ਜਸਵੀਰ ਸਿੰਘ ਬਰਸਾਲਪੁਰ ਨੇ ਅਧਿਕਾਰੀਆਂ ਤੇ ਜਥੇਦਾਰ ਸ੍ਰੀ ਆਨੰਦਪੁਰ ਸਾਹਿਬ ਤੋਂ ਮੰਗ ਕੀਤੀ ਬਾਬੇ ਵਿਰੁਧ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਮੁੱਖ ਪ੍ਰਬੰਧਕ ਗੁਜਿੰਦਰ ਸਿੰਘ ਨਾਲ ਨੇ ਕਿਹਾ ਕਿ ਉਨ੍ਹਾਂ ਬਾਬਾ ਸ੍ਰੀ ਚੰਦ ਜੀ ਦੇ ਸੀਦਾਤ ਸਾਗਰ ਗ੍ਰੰਥ ਦਾ ਪ੍ਰਕਾਸ ਕੀਤਾ ਹੋਇਆ ਸੀ। ਸ਼੍ਰੋਮਣੀ ਕਮੇਟੀ ਮੈਂਬਰ ਜਥੇ ਅਜਮੇਰ ਸਿੰਘ ਖੇੜਾ ਨੇ ਕਿਹਾ ਕਿ ਸੰਗਤ ਸਿਰਫ਼ ਗੁਰੂ ਘਰ ਤੇ ਹੀ ਵਿਸਵਾਸ ਰੱਖਣ ਤੇ ਮੜੀਆਂ ਮਸਾਣਾ ਤੇ ਜਾਣਾ ਬੰਦ ਕਰਨ ਤਾ ਕਿ ਬਾਬਿਆਂ ਦੀ ਲੁੱਟ ਖਸੁੱਟ ਬਚਿਆ ਜਾ ਸਕੇ।
ਭਾਈ ਰਘਵੀਰ ਸਿੰਘ ਜਥੇਦਾਰ ਸ੍ਰੀ ਆਨੰਦਪੁਰ ਸਾਹਿਬ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਸਾਡੇ ਪਾਸ ਇਕ ਦਰਖ਼ਾਸਤ ਆਈ ਹੈ। ਇਸ ਦੀ ਜਾਂਚ ਕਰਨ ਲਈ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ। ਐਚਐਚਓ ਪੁਲਿਸ ਥਾਣਾ ਮਾਜਰੀ ਨਾਲ ਫ਼ੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾ ਉਨ੍ਹਾਂ ਕਿਹਾ ਕਿ ਉਹ ਮੀਟਿੰਗ ਵਿਚ ਹਨ ਜਿਸ ਕਰ ਕੇ ਗੱਲਬਾਤ ਨਹੀ ਹੋ ਸਕੀ।