ਸਿੱਖ ਵਿਰੋਧੀਆਂ ਨੇ ਸੀਬੀਆਈ ਰਾਹੀਂ ਕਲੋਜ਼ਰ ਰੀਪੋਰਟ ਦਿਵਾ ਕੇ ਬੇਅਦਬੀਆਂ ਦੇ ਦੋਸ਼ੀ ਬਚਾਏ : ਖਾਲੜਾ ਮਿਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਜ਼ਮੀਰਾਂ ਜਗਾ ਕੇ ਪ੍ਰਕਾਸ਼ ਦਿਹਾੜਾ ਮਨਾਉਣ ਲਈ ਮਨੂੰਵਾਦੀਆਂ ਨੂੰ ਦਿਤੇ ਸੱਦੇ ਰੱਦ ਕਰਨੇ ਚਾਹੀਦੇ ਹਨ।

Paramjit Kaur Khalra

ਅੰਮ੍ਰਿਤਸਰ : ਅੱਜ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਲਈ ਲੜ ਰਹੀਆਂ ਜਥੇਬੰਦੀਆਂ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਮਨੂੰਵਾਦੀਆਂ ਨੇ ਸੀ.ਬੀ.ਆਈ ਕੋਲੋਂ ਕਲੋਜ਼ਰ ਰੀਪੋਰਟ ਦਿਵਾ ਕੇ ਬਾਬਰ ਦੇ ਵਾਰਸ ਹੋਣ ਦਾ ਸਬੂਤ ਦਿਤਾ ਹੈ। ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਕਿਹਾ ਹੈ ਕਿ ਹੁਣ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਾਲਿਆਂ ਨੂੰ ਜ਼ਮੀਰਾਂ ਜਗਾ ਕੇ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਲਈ ਮਨੂੰਵਾਦੀਆਂ ਨੂੰ ਦਿਤੇ ਸੱਦੇ ਰੱਦ ਕਰਨੇ ਚਾਹੀਦੇ ਹਨ।

ਜਥੇਬੰਦੀਆਂ ਨੇ ਕਿਹਾ ਕਿ ਸਾਰੇ ਕਾਇਦੇ ਕਾਨੂੰਨ ਛਿੱਕੇ 'ਤੇ ਟੰਗ ਕੇ ਭਾਜਪਾਕਿਆਂ ਨੇ ਬੇਅਦਬੀਆਂ ਦੇ ਦੋਸ਼ੀ ਫੜਨ ਦੀ ਬਜਾਏ ਸਗੋਂ ਉਨ੍ਹਾਂ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ-ਭਾਜਪਾ-ਬਾਦਲਕਿਆਂ ਦਾ ਗਠਜੋੜ ਇਕ ਵਾਰ ਫਿਰ ਬੇਨਕਾਬ ਹੋ ਗਿਆ ਹੈ। ਜਥੇਬੰਦੀਆਂ ਨੇ ਕਿਹਾ ਕਿ ਇਹ ਗਠਜੋੜ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਬੋਲ ਕੇ, ਨਵੰਬਰ 84 ਦਾ ਕਤਲੇਆਮ ਕਰ ਕੇ, ਪੰਜਾਬ ਦੀ ਧਰਤੀ ਤੇ 25 ਹਜ਼ਾਰ ਸਿੱਖਾਂ ਦੇ ਝੂਠੇ ਮੁਕਾਬਲੇ ਬਣਾ ਕੇ, ਦੋਸ਼ੀਆਂ ਨੂੰ ਬਚਾ ਕੇ,ਪੰਜਾਬ ਦੀ ਨਸ਼ਿਆਂ ਰਾਹੀਂ ਬੁਰੀ ਤਰ੍ਹਾਂ ਤਬਾਹੀ ਕਰ ਕੇ, ਕਿਸਾਨ-ਗ਼ਰੀਬ ਨੂੰ ਖ਼ੁਦਕੁਸ਼ੀਆਂ ਵਿਚ ਧੱਕ ਕੇ ਸਾਂਝੇ ਰੂਪ ਵਿਚ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਿਹਾ ਹੈ। 

ਹੈਰਾਨੀ ਦੀ ਗੱਲ ਹੈ ਕਿ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਮੰਗ ਕਰਨ ਵਾਲਾ ਅਕਾਲੀ ਦਲ ਅੱਜ ਬਾਦਲ ਦਲ ਦੇ ਰੂਪ ਵਿਚ ਸੂਬਿਆਂ ਦੇ ਅਧਿਕਾਰ ਖ਼ਤਮ ਕਰਨ ਦੇ ਹੱਕ ਵਿਚ ਵੋਟ ਪਾ ਰਿਹਾ ਸੀ। ਆਖ਼ਰ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਵਿਚ ਕਾਨੂੰਨ ਦੇ ਰਾਜ ਦੀ ਬਹਾਲੀ ਤੋਂ ਬਿਨਾਂ ਲੋਕਾਈ ਦਾ ਭਲਾ ਨਹੀਂ ਹੋ ਸਕਦਾ। ਇਸ ਮੌਕੇ ਪ੍ਰਵੀਨ ਕੁਮਾਰ , ਕਿਰਪਾਲ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਜੋਗਿੰਦਰ ਸਿੰਘ ਅਤੇ ਸਤਵੰਤ ਸਿੰਘ ਮਾਣਕ ਆਦਿ ਹਾਜ਼ਰ ਸਨ।