ਸਿੱਖਜ਼ ਫਾਰ ਜਸਟਿਸ ਤੇ ਪਾਬੰਦੀ ਕਿਸੇ ਮਸਲੇ ਦਾ ਹੱਲ ਨਹੀਂ : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਐਡੋਵੋਕੇਟ ਇੰਦਰਾ ਜੈ ਸਿੰਘ ਦੇ ਘਰ ਸੀ ਬੀ ਆਈ  ਦੇ ਛਾਪਿਆਂ ਦੀ ਆਲੋਚਨਾ 

Bibi Paramjit Kaur Khalra

ਅੰਮ੍ਰਿਤਸਰ : ਖਾਲੜਾ  ਮਿਸ਼ਨ ਆਰਗੇਨਾਈਜ਼ੇਸ਼ਨ,ਪੰਜਾਬ ਮਨੁੱਖੀ ਅਧਿਕਾਰ ਸੰਗਠਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਸਿੱਖਜ਼ ਫ਼ਾਰ ਜਸਟਿਸ ਜਥੇਬੰਦੀ ਤੇ ਐਡਵੋਕੇਟ ਇੰਦਰਾ ਜੈ ਸਿੰਘ ਦੇ ਘਰ ਸੀ ਬੀ ਆਈ ਦੇ ਛਾਪਿਆਂ ਦੀ ਨਿੰਦਾ ਕੀਤੀ ਹੈ। ਬੀਬੀ ਪਰਮਜੀਤ ਕੌਰ ਖਾਲੜਾ ਸਰਪ੍ਰਸਤ, ਐਡਵੋਕੇਟ ਜਗਦੀਪ ਸਿੰਘ ਰੰਧਾਵਾ  ਸਲਾਹਕਾਰ ਖਾਲੜਾ ਮਿਸ਼ਨ, ਕਿਪਾਲ ਸਿੰਘ ਰੰਧਾਵਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਬਾਬਾ ਦਰਸ਼ਨ ਸਿੰਘ ਪ੍ਰਧਾਨ ਕਾਨੂੰਨੀ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼  ਕਮੇਟੀ, ਸਤਵਿੰਦਰ ਸਿੰਘ ਪਲਾਸੌਰ, ਸਤਵੰਤ ਸਿੰਘ ਮਾਣਕ, ਜੋਗਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਨੇ ਕਿਹਾ ਕਿ ਸਿੱਖਜ਼ ਫ਼ਾਰ ਜਸਟਿਸ 'ਤੇ ਪਾਬੰਦੀ ਕਿਸੇ ਮਸਲੇ ਦਾ ਹੱਲ ਨਹੀਂ ਸਗੋਂ ਕੇਂਦਰ ਸਰਕਾਰ ਨੂੰ ਗੋਲੀ ਦੀ ਰਾਜਨੀਤੀ ਛੱਡ ਕੇ ਗੱਲਬਾਤ ਦਾ ਰਸਤਾ ਅਪਣਾਉਣਾ ਚਾਹੀਦਾ ਹੈ।

ਸਾਡੇ ਹਾਕਮ ਗੁਰੂ ਨਾਨਕ ਸਾਹਿਬ ਦਾ 550 ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦੀਆ ਗੱਲਾਂ ਤਾਂ ਕਰਦੇ ਹਨ ਪਰ ਗੁਰੂ ਨਾਨਕ ਸਾਹਿਬ  ਦੁਆਰਾ ਵਿਖਾਇਆਂ ਸੰਵਾਦ ਦਾ ਰਾਹ ਨਹੀਂ ਅਪਣਾਉਂਦੇ । ਗੁਰੂ ਸਾਹਿਬ ਨੇ ਤਾਂ ਹਲੇਮੀ ਰਾਜ ਦੀ ਸੇਧ ਦਿਤੀ ਸੀ ਪਰ ਸਾਡੇ ਹਾਕਮ ਜੰਗਲ ਰਾਜ ਚਲਾ ਰਹੇ ਹਨ। ਜਥੇਬੰਦੀਆਂ ਨੇ ਘੱਟ ਗਿਣਤੀਆਂ, ਦਲਿਤਾਂ ਅਤੇ ਗਰੀਬਾਂ ਦੇ ਹਕਾਂ ਲਈ ਲੜਨ ਵਾਲੀ ਬੀਬੀ ਐਡਵੋਕੇਟ ਇੰਦਰਾ ਜੈ ਸਿੰਘ ਦੇ ਘਰ  ਸੀਬੀਆਈ ਦੇ ਛਾਪੇ ਲੋਕਾਈ ਦੇ ਦੁਸ਼ਮਣ ਮੰਨੂਵਾਦੀਆਂ ਦੀ ਸੋਚੀ ਸਮਝੀ ਯੋਯਨਾਬੰਦੀ ਹੈ ਅਤੇ ਉਹ ਮਨੁੱਖੀ ਅਧਿਕਾਰਾਂ ਲਈ ਉਠ ਰਹੀ ਹਰ ਆਵਾਜ਼ ਨੂੰ ਕੁਚਲ ਦੇਣਾ ਚਾਹੁੰਦੇ ਹਨ।

ਅੰਬਾਨੀ, ਅਦਾਨੀ, ਟਾਟਾ, ਬਿਰਲੇ ਸਰਕਾਰਾਂ ਦੀ ਛਤਰ ਛਾਇਆ ਹੇਠ ਅਰਬਾਂ ਖਰਬਾਂ ਦੀ ਜਾਇਦਾਦ ਬਣਾ ਲੈਣ,  ਉਹ ਸੱਭ ਕਾਨੂੰਨੀ ਹੈ।ਪੰਜਾਬ ਅੰਦਰ ਬਾਦਲ-ਭਾਜਪਾਕਿਆਂ ਨੇ 31 ਹਜਾਰ ਕਰੋੜ ਦਾ ਅਨਾਜ ਘੋਟਾਲਾ ਕੀਤਾ, ਥਰਮਲ ਪਲਾਟ ਖੜੇ ਕਰ ਕੇ ਹਰ ਸਾਲ 2800 ਕਰੋੜ ਰੁਪਿਆ ਕੰਪਨੀਆਂ ਨੂੰ ਫਰੀ ਲੁਟਾਇਆ ਜਾਂਦਾ ਹੈ ਪਰ ਕਿਤੇ ਕਾਨੂੰਨ ਦੀ ਉਲੰਘਣਾ ਨਜ਼ਰ ਨਹੀਂ ਆਉਂਦੀ।