ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ ; ਕਰਤਾਰਪੁਰ ਲਾਂਘਾ ਖੋਲ੍ਹਣ ਦੀ ਕਾਗ਼ਜ਼ੀ ਕਾਰਵਾਈ ਸਿਰੇ ਚੜ੍ਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ-ਪਾਕਿ ਵਿਚਾਲੇ ਸਮਝੌਤੇ 'ਤੇ ਹੋਏ ਹਸਤਾਖਰ 

Kartarpur corridor: India and Pakistan sign deal on Sikh temple project

ਅੰਮ੍ਰਿਤਸਰ : ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਦੇ ਸਬੰਧ ਵਿਚ ਸਮਝੌਤੇ 'ਤੇ ਅੱਜ ਹਸਤਾਖਰ ਕਰ ਦਿੱਤੇ ਹਨ। ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਅਧਿਕਾਰੀ ਅੱਜ ਜ਼ੀਰੋ ਪੁਆਇੰਟ 'ਤੇ ਮੀਟਿੰਗ ਲਈ ਪਹੁੰਚੇ ਅਤੇ ਸਮਝੌਤੇ 'ਤੇ ਹਸਤਾਖਰ ਕੀਤੇ। ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਰਨਗੇ। ਇਹ ਲਾਂਘਾ ਭਾਰਤ ਦੇ ਪੰਜਾਬ 'ਚ ਡੇਰਾ ਬਾਬਾ ਨਾਨਕ ਗੁਰਦਵਾਰੇ ਨੂੰ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜੇਗਾ ਜੋ ਅੰਤਰਰਾਸ਼ਟਰੀ ਸਰਹੱਦ ਤੋਂ ਸਿਰਫ਼ 4 ਕਿਲੋਮੀਟਰ ਦੂਰ ਹੈ।

ਭਾਰਤ ਵਲੋਂ ਗ੍ਰਹਿ ਮੰਤਰਾਲੇ 'ਚ ਸੰਯੁਕਤ ਸਕੱਤਰ ਐਸ.ਸੀ.ਐਸ. ਦਾਸ ਅਤੇ ਪਾਕਿਸਤਾਨ ਵਲੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਜ਼ਲ ਨੇ ਸਮਝੌਤਾ ਮੈਮੋਰੈਂਡਮ (ਮੰਗ ਪੱਤਰ) 'ਤੇ ਹਸਤਾਖਰ ਕਰ ਕੇ ਦਸਤਾਵੇਜ਼ਾਂ ਦਾ ਅਦਾਨ-ਪ੍ਰਦਾਨ ਕੀਤਾ। ਇਹ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਵਿਖੇ ਦਰਬਾਰ ਸਾਹਿਬ ਨੂੰ ਡੇਰਾ ਬਾਬਾ ਨਾਨਕ ਸਾਹਿਬ ਗੁਰਦਾਸਪੁਰ ਪੰਜਾਬ ਨਾਲ ਜੋੜੇਗਾ। ਭਾਰਤੀ ਸ਼ਰਧਾਲੂ ਲਾਂਘੇ ਰਾਹੀਂ ਬਿਨਾਂ ਵੀਜ਼ਾ ਕਰਤਾਰਪੁਰ ਜਾ ਸਕਣਗੇ। ਕਰਤਾਰਪੁਰ ਅਧਾਰਤ ਦਰਬਾਰ ਸਾਹਿਬ ਦੀ ਸਥਾਪਨਾ 1522 'ਚ ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਸੀ।

ਸਮਝੌਤੇ ਦੇ ਤਹਿਤ ਰੋਜ਼ਾਨਾ ਘੱਟ ਤੋਂ ਘੱਟ 5000 ਸ਼ਰਧਾਲੂਆਂ ਨੂੰ ਕਰਤਾਰਪੁਰ ਸਥਿਤ ਗੁਰਦੁਆਰੇ ਦੇ ਦਰਸ਼ਨ ਦੀ ਆਗਿਆ ਦਿੱਤੀ ਜਾਏਗੀ। ਭਾਰਤ ਵਲੋਂ ਉਥੇ ਜਾਣ ਵਾਲੇ ਸ਼ਰਧਾਲੂਆਂ ਦੀ ਸੂਚੀ 10 ਦਿਨ ਪਹਿਲਾਂ ਪਾਕਿਸਤਾਨ ਨੂੰ ਉਪਲੱਬਧ ਕਰਾਉਣੀ ਹੋਵੇਗੀ। ਪਾਕਿਸਤਾਨ ਸੂਚੀ ਦੀ ਜਾਂਚ ਕਰ ਕੇ ਯਾਤਰਾ ਤੋਂ 4 ਦਿਨ ਪਹਿਲਾਂ ਇਸ ਨੂੰ ਮਨਜ਼ੂਰ ਕਰ ਕੇ ਭਾਰਤ ਨੂੰ ਜਾਣੂ ਕਰਾਏਗਾ। ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਆਉਣ ਵਾਲੇ ਪ੍ਰਤੀ ਵਿਅਕਤੀ 'ਤੇ 20 ਡਾਲਰ ਦੀ ਫੀਸ ਰੱਖੀ ਹੈ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ। ਭਾਰਤ ਵਲੋਂ ਪਾਕਿਸਤਾਨ ਨੂੰ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਫੀਸ ਨਾ ਰੱਖਣ ਦੀ ਮੰਗ ਕੀਤੀ ਸੀ ਪਰ ਪਾਕਿ ਇਸ ਗੱਲ 'ਤੇ ਹੀ ਅੜਿਆ ਰਿਹਾ। ਕਰਤਾਰਪੁਰ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਦਿਨ ਬਿਤਾਏ ਸਨ ਅਤੇ ਉਨ੍ਹਾਂ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਲਾਂਘੇ ਨੂੰ ਖੋਲ੍ਹਿਆ ਜਾਣਾ ਹੈ, ਜਿਸ ਨਾਲ ਭਾਰਤ ਦੇ ਸਿੱਖ ਭਾਈਚਾਰੇ ਦੇ ਲੋਕ ਦਰਸ਼ਨ ਲਈ ਆਸਾਨੀ ਨਾ ਇੱਥੇ ਆ ਸਕਣ।