ਧੜਿਆਂ ਵਿਚ ਵੰਡੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਸ਼ਤਾਬਦੀ ਮਨਾਉਣਗੇ
ਸਿੱਖ ਕੌਮ ਦੀਆਂ ਕੁਰਬਾਨੀਆਂ ਸ਼ਤਾਬਦੀ ਵਰ੍ਹੇ 'ਚ ਹੀ ਰੋਲੀਆਂ, ਦਸਤਾਰਾਂ ਲਾਹੀਆਂ ਤੇ ਰੋਮਾਂ ਦੀ ਹੋਈ ਬੇਅਦਬੀ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ 13 ਨਵੰਬਰ 2020 ਅਤੇ ਸ਼੍ਰੋਮਣੀ ਅਕਾਲੀ ਦਲ 14 ਦਸੰਬਰ 2020 ਨੂੰ 100 ਸਾਲ ਪੂਰੇ ਹੋ ਰਹੇ ਹਨ। ਸਿੱਖ ਕੌਮ ਦੀਆਂ ਇਹ ਮਹਾਨ ਸੰਸਥਾਵਾਂ ਹਨ ਜਿਨ੍ਹਾਂ ਦੇ ਸ਼ਤਾਬਦੀ ਸਮਾਗਮ ਮਨਾਉਣ ਲਈ ਸਿੱਖ ਲੀਡਰਸ਼ਿਪ ਨੇ ਇਨ੍ਹਾਂ ਦੀਆਂ ਤਿਆਰੀਆਂ ਸ਼ੁਰੂ ਕੀਤੀਆ ਹਨ।
ਇਨ੍ਹਾਂ ਸੰਸਥਾਵਾਂ ਦਾ ਕੁਰਬਾਨੀ ਭਰਿਆ ਇਤਿਹਾਸ ਹੈ। ਸਿੱਖ ਕੌਮ ਦੀਆਂ ਇਨ੍ਹਾਂ ਸੰਸਥਾਵਾਂ ਨੇ ਇਤਿਹਾਸਕ ਮੱਲਾਂ ਮਾਰਨ ਦੇ ਨਾਲ-ਨਾਲ, ਵੱਖ ਵੱਖ ਅੰਦੋਲਨਾਂ ਰਾਹੀਂ ਬਣਦੇ ਹੱਕ ਲੈਣ ਲਈ ਬੇਸ਼ੁਮਾਰ ਘੋਲ, ਅੰਗਰੇਜ਼ ਸਾਰਮਾਜ ਅਤੇ ਦੇਸੀ ਹਕੂਮਤ ਵਿਰੁਧ ਲੜੇ ਹਨ। ਭਾਵੇਂ ਕਿ ਸ਼੍ਰੋਮਣੀ ਕਮੇਟੀ ਤੇ ਵੱਖ ਵੱਖ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਵਿਚਾਰਾਂ ਦੇ ਮਤਭੇਦ ਹਨ ਪਰ ਵਿਸ਼ਵ ਭਰ 'ਚ ਸਿੱਖੀ ਦੀ ਵੱਖਰੀ ਪਛਾਣ ਹੈ।
ਸ਼੍ਰੋਮਣੀ ਕਮੇਟੀ ਦੀ ਸ਼ਤਾਬਦੀ ਲਈ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਅਕਾਲੀ ਦਲ ਦੀ ਸੁਖਬੀਰ ਸਿੰਘ ਬਾਦਲ ਵਿਰੋਧੀ ਅਤੇ ਨਵੇਂ ਅਕਾਲੀ ਦਲ (ਡੈਮੋਕਰੋਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਹੋਰ ਸੰਗਠਨਾਂ ਸੰਤਾਂ ਮਹਾਪੁਰਸ਼ਾਂ ਅਤੇ ਪੰਥਕ-ਸੰਗਠਨਾਂ ਨਾਲ ਆਪਸੀ ਸਹਿਯੋਗ ਕਰ ਕੇ ਮਨਾਈਆਂ ਜਾ ਰਹੀਆਂ ਹਨ।
ਪੰਥਕ ਤੇ ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਇਹ ਦੋਵੇਂ ਸ਼ਤਾਬਦੀ ਸਮਾਗਮ ਸਿੱਖ ਕੌਮ ਦੀ ਲੀਡਰਸ਼ਿਪ ਦਾ ਮੁੱਢ ਬੰਣਨਗੀਆਂ ਜੋ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਪਾਟੋਧਾੜ ਵਿਚ ਹੈ। ਇਸ ਵੇਲੇ ਸਿੱਖ ਕੌਮ ਲੀਡਰਲੈਸ ਹੈ। ਅਜ਼ਾਦੀ ਸੰਗਰਾਮ ਦੌਰਾਨ ਲਾਸਾਨੀ ਕੁਰਬਾਨੀਆਂ ਨਾਲ ਬਣੀ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਨੇ 1920-25 ਦੌਰਾਨ ਜ਼ਬਰਦਸਤ ਅੰਦੋਲਨ ਕਰ ਕੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜ਼ਬੂਰ ਕੀਤਾ। ਪੰਜਾਬੀ ਸੂਬਾ ਬਣਾਉਣ, ਧਰਮ ਯੁੱਧ ਮੋਰਚਾ,ਐਮਰਜੈਸੀ ਮੋਰਚੇ ਰਾਹੀਂ ਬਣਦੇ ਹੱਕ ਲੈਣ ਲਈ ਲਾਏ, ਪਰ ਕੇਂਦਰ ਸਰਕਾਰ ਅਜ਼ਾਦੀ ਮਿਲਣ ਉਪਰੰਤ ਸਿੱਖਾਂ ਦੀਆਂ ਮੰਨੀਆਂ ਮੰਗਾਂ ਤੋ ਮੁੱਕਰ ਗਈ।
ਸੰਨ 1984 'ਚ ਧਰਮ-ਯੁੱਧ ਮੋਰਚਾ ਲਾਇਆ ਗਿਆ ਪਰ ਕੁੱਝ ਦੇਣ ਦੀ ਥਾਂ ਸਿੱਖਾਂ ਦੇ ਮਹਾਨ ਤੀਰਥ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਤੇ ਫ਼ੌਜੀ ਹਮਲਾ ਕਰਨ ਉਪਰੰਤ ਸ਼੍ਰੀ ਅਕਾਲ ਤਖ਼ਤ ਢਾਹਿਆ ਗਿਆ, ਸਿੱਖਾਂ ਦੀ ਨਸਲਕੁਸ਼ੀ ਕੀਤੀ ਅਤੇ ਜਾਣ ਬੁੱਝ ਕੇ ਪੰਜਾਬੀ ਸੂਬਾ ਲੰਗੜਾ ਬਣਾਇਆ ਗਿਆ। ਡੈਮ ਤੇ ਦਰਿਆਈ ਪਾਣੀਆਂ ਕੇਦਰ ਸਰਕਾਰ ਨੇ ਪੰਜਾਬ ਤੋਂ ਖੋਹ ਲਏ, ਇਲਾਕਾਈ ਝਗੜੇ ਹਰਿਆਣਾ ਨਾਲ ਕਰਵਾਏ ਅਤੇ ਪੰਜਾਬ ਜ਼ੁਬਾਨ ਨੂੰ ਦਬਾਉਣ ਲਈ ਹਰ ਸੰਭਵ ਯਤਨ ਕੀਤੇ।
ਸਿੱਖ ਹਲਕਿਆਂ ਮੁਤਾਬਕ ਇਨ੍ਹਾਂ ਸੰਥਾਵਾਂ 'ਤੇ ਪ੍ਰਵਾਰਵਾਦ ਦਾ ਬੋਲਬਾਲਾ ਹੋਣ ਨਾਲ ਸਿੱਖੀ ਨੂੰ ਢਾਹ ਲਾਈ। ਇਸ ਸ਼ਤਾਬਦੀ ਵਿਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਹੋਈਆਂ ਪਰ ਦੋਸ਼ੀ ਦੀ ਸ਼ਨਾਖ਼ਤ ਕਰਨ ਵਾਸਤੇ ਇਨਸਾਫ਼ ਘੱਟ ਤੇ ਪੜਤਾਲਾਂ ਜ਼ਿਆਦਾ ਹੋਈਆਂ ਹਨ। ਪਾਵਨ ਸਰੂਪ 2015 'ਚ ਗੁੰਮ ਹੋਏ, ਉਸ ਵੇਲੇ ਬਾਦਲ ਸਰਕਾਰ ਸੀ। ਹੁਣ ਬੀਤੇ ਦਿਨ 24 ਅਕਤੂਬਰ 2020 ਨੂੰ ਸ਼ਾਂਤਮਈ ਧਰਨਾ ਦੇਣ ਵਾਲੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਟਾਸਕ ਫੋਰਸ ਵਲੋ ਕੁਟਿਆ ਗਿਆ, ਦਸਤਾਰਾਂ ਲਾਹੀਆਂ ਗਈਆਂ ਅਤੇ ਰੋਮਾਂ ਦੀ ਬੇਅਦਬੀ ਕੀਤੀ ਗਈ ਜੋ ਇਸ ਸ਼ਤਾਬਦੀ ਵਰ੍ਹੇ ਵਿਚ ਹੀ ਹੋਈ ਹੈ।