ਵਿਦੇਸ਼ 'ਚ ਗ੍ਰੰਥੀ ਸਿੰਘ 'ਤੇ ਹਮਲਾ ਮੰਦਭਾਗਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ ਕੇਂਦਰ ਸਰਕਾਰ : ਬਾਬਾ ਬਲਬੀਰ ਸਿੰਘ

Union Government to ensure Sikhs' safety: Baba Balbir Singh

ਤਲਵੰਡੀ ਸਾਬੋ : ਅਮਰੀਕਾ ਦੇ ਕੈਲੇਫ਼ੋਰਨੀਆ ਦੇ ਇਕ ਗੁਰਦਵਾਰਾ ਸਾਹਿਬ ਵਿਚ ਗ੍ਰੰਥੀ ਸਿੰਘ ਭਾਈ ਅਮਰਜੀਤ ਸਿੰਘ 'ਤੇ ਨਸਲੀ ਹਮਲਾ ਨਿੰਦਣਯੋਗ ਘਟਨਾ ਹੈ ਤੇ ਇਸ ਦਾ ਕੇਂਦਰ ਸਰਕਾਰ ਨੂੰ ਤੁਰਤ ਨੋਟਿਸ ਲੈ ਕੇ ਅਮਰੀਕਾ ਸਰਕਾਰ ਨਾਲ ਗੱਲਬਾਤ ਕਰ ਕੇ ਉਥੇ ਰਹਿ ਰਹੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁਕਣੇ ਚਾਹੀਦੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਮੌਜੂਦਾ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਜਥੇ: ਬਾਬਾ ਬਲਬੀਰ ਸਿੰਘ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

ਬੁੱਢਾ ਦਲ ਦੇ ਗਿਆਰ੍ਹਵੇਂ ਮੁਖੀ ਸੱਚਖੰਡ ਵਾਸੀ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ ਬਰਸੀ ਦੇ ਦੂਜੇ ਦਿਨ ਦੇ ਸਮਾਗਮਾਂ ਵਿਚ ਸ਼ਿਰਕਤ ਕਰਨ ਉਪਰੰਤ ਗੁ: ਬੇਰ ਸਾਹਿਬ ਦੇਗਸਰ ਛਾਉਣੀ ਨਿਹੰਗ ਸਿੰਘਾਂ ਵਿਖੇ ਗੱਲਬਾਤ ਦੌਰਾਨ ਬੁੱਢਾ ਦਲ ਮੁਖੀ ਨੇ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਖ਼ਾਲਸਾਈ ਜਾਹੋ ਜਲਾਲ ਨਾਲ ਸ਼ਿਰਕਤ ਕਰਨਗੀਆਂ ਅਤੇ ਬੁੱਢਾ ਦਲ ਵਲੋਂ ਇਸ ਮੌਕੇ ਜਿਥੇ ਇੰਟਰਨੈਸ਼ਨਲ ਗਤਕਾ ਕੱਪ ਕਰਵਾਇਆ ਜਾਣਾ ਹੈ ਉਥੇ ਹੋਰ ਧਾਰਮਕ ਸਮਾਗਮ ਵੀ ਕਰਵਾਏ ਜਾਣਗੇ।

ਉਧਰ ਅੱਜ ਬਾਬਾ ਸਾਹਿਬ ਸਿੰਘ ਕਲਾਧਾਰੀ ਦੇ ਬਰਸੀ ਸਮਾਗਮਾਂ ਦੇ ਦੂਜੇ ਦਿਨ ਵੀ ਗੁਰਮਤਿ ਸਮਾਗਮ ਜਾਰੀ ਰਹੇ ਤੇ ਬਾਬਾ ਬਲਬੀਰ ਸਿੰਘ ਨੇ ਪੁੱਜੇ ਜਥਿਆਂ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ। ਉਨ੍ਹਾਂ ਦਸਿਆ ਕਿ ਮੁੱਖ ਸਮਾਗਮ 30 ਜੁਲਾਈ ਨੂੰ ਹੋਣਗੇ ਜਿਸ ਵਿਚ ਤਖ਼ਤ ਸਾਹਿਬਾਨ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਤੇ ਧਾਰਮਕ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਸ਼ਮੂਲੀਅਤ ਕਰਨਗੇ। ਅੰਮ੍ਰਿਤ ਸੰਚਾਰ ਹੋਵੇਗਾ ਤੇ ਨਿਹੰਗ ਸਿੰਘਾਂ ਦੇ ਲਾਇਸੰਸ ਨਵੇਂ ਬਣਾਏ ਅਤੇ ਰਿਨੀਊ ਕੀਤੇ ਜਾਣਗੇ।

ਇਸ ਮੌਕੇ ਬਾਬਾ ਜੱਸਾ ਸਿੰਘ, ਬਾਬਾ ਅਰਜੁਨ ਸਿੰਘ ਸ਼ਿਵਜੀ, ਭਾਈ ਮੇਜਰ ਸਿੰਘ ਮੁਖਤਿਆਰ ਏ ਆਮ, ਭਾਈ ਰਣਯੋਧ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਸੁਖਮੰਦਰ ਸਿੰਘ ਮੋਰ, ਭਾਈ ਸਰਵਣ ਸਿੰਘ ਮਝੈਲ, ਭਾਈ ਬਲਦੇਵ ਸਿੰਘ ਢੋਡੀਵਿੰਡੀਆ, ਭਾਈ ਜੋਗਾ ਸਿੰਘ, ਭਾਈ ਪਿਆਰਾ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਜਗਦੇਵ ਸਿੰਘ ਮਾਨਸਾ ਆਦਿ ਨਿਹੰਗ ਆਗੂ ਹਾਜ਼ਰ ਸਨ।