ਗ੍ਰੰਥੀ ਨੇ ਸੁਣਾਇਆ ਫੁਰਮਾਨ, ਪਿੰਡ ’ਚ ਇਸ਼ਕ ਕਰਨ ਵਾਲਿਆਂ ਦੇ ਪਰਵਾਰਾਂ ਦਾ ਹੋਵੇਗਾ ਬਾਈਕਾਟ
ਗ੍ਰੰਥੀ ਨੇ ਸਪੱਸ਼ਟ ਕੀਤਾ ਕਿ ਜੇਕਰ ਪਿੰਡ ਦੇ ਕਿਸੇ ਮੁੰਡੇ-ਕੁੜੀ ਨੇ ਇਸ਼ਕ ਕੀਤਾ ਤਾਂ ਉਨ੍ਹਾਂ ਦੀ ਖੈਰ ਨਹੀਂ
ਸ਼੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਪਿੰਡ ਵੱਟੂ ਦੀ ਗੁਰਦੁਆਰਾ ਕਮੇਟੀ ਵਲੋਂ ਇਕ ਅਜਿਹਾ ਫਰਮਾਨ ਜਾਰੀ ਕੀਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਗੁਰਦੁਆਰਾ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਪਿੰਡ ਦੇ ਕਿਸੇ ਮੁੰਡੇ-ਕੁੜੀ ਨੇ ਪਿਆਰ ਕੀਤਾ ਤਾਂ ਉਨ੍ਹਾਂ ਦੀ ਕਦੇ ਵੀ ਬਖ਼ਸ਼ਿਆ ਨਹੀਂ ਜਾਵੇਗਾ। ਜੇਕਰ ਪਿੰਡ ਦੇ ਕਿਸੇ ਵੀ ਮੁੰਡੇ ਜਾਂ ਕੁੜੀ ਨੇ ਪ੍ਰੇਮ ਸਬੰਧ ਬਣਾਏ ਤਾਂ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੇ ਪੂਰੇ ਪਰਵਾਰ ਦਾ ਬਾਈਕਾਟ ਕੀਤਾ ਜਾਵੇਗਾ।
ਪਿੰਡ ਵੱਟੂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਇਹ ਫਰਮਾਨ ਪੜ੍ਹ ਕੇ ਸਾਫ਼ ਕਿਹਾ ਹੈ ਕਿ ਜੇਕਰ ਪਿੰਡ ਦੇ ਕਿਸੇ ਮੁੰਡੇ-ਕੁੜੀ ਨੇ ਇਸ਼ਕ ਕੀਤਾ ਤਾਂ ਉਨ੍ਹਾਂ ਦੀ ਖੈਰ ਨਹੀਂ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਮੁੰਡਾ ਜਾਂ ਕੁੜੀ ਪ੍ਰੇਮ ਸਬੰਧ ਬਣਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਪ੍ਰੇਮੀ ਜੋੜੇ ਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਦੋਵਾਂ ਪਰਵਾਰਾਂ ਦਾ ਪਿੰਡ ਵਲੋਂ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇਗਾ ਤੇ ਉਨ੍ਹਾਂ ਦੀ ਜ਼ਮੀਨ ਜਾਂ ਘਰ-ਬਾਰ ਕੋਈ ਠੇਕੇ ’ਤੇ ਜਾਂ ਕਿਰਾਏ ’ਤੇ ਨਹੀਂ ਲਵੇਗਾ ਤੇ ਨਾ ਹੀ ਪਿੰਡ ਵਿਚ ਉਨ੍ਹਾਂ ਦਾ ਕੋਈ ਸਾਥ ਦਵੇਗਾ।
ਇੰਨਾ ਹੀ ਨਹੀਂ ਅਗਲੇ ਮਤੇ ਅਨੁਸਾਰ ਜੇਕਰ ਕੋਈ ਵੀ ਮੁੰਡਾ-ਕੁੜੀ ਗਲਤ ਕਦਮ ਚੁੱਕਦਾ ਹੈ ਤੇ ਮਾਪਿਆਂ ਦੇ ਸਮਝਾਉਣ ’ਤੇ ਵੀ ਨਹੀਂ ਸਮਝਦੇ ਤਾਂ ਮਾਪੇ ਉਸ ਮੁੰਡੇ-ਕੁੜੀ ਦਾ ਜੋ ਮਰਜ਼ੀ ਨੁਕਸਾਨ ਕਰ ਦੇਣ, ਜੇਕਰ ਕਿਸੇ ਹੋਰ ਥਾਂ ਤੋਂ ਮੁੰਡਾ-ਕੁੜੀ ਗਲਤ ਹਰਕਤ ਕਰਕੇ ਪਿੰਡ ਆਉਂਦੇ ਹਨ ਤਾਂ ਪਨਾਹ ਦੇਣ ਵਾਲੇ ਨੂੰ ਵੀ ਬਰਾਬਰ ਦਾ ਦੋਸ਼ੀ ਮੰਨਿਆ ਜਾਵੇਗਾ। ਗੁਰਦੁਆਰਾ ਕਮੇਟੀ ਵਲੋਂ ਬੇਸ਼ੱਕ ਅਜਿਹਾ ਫੁਰਮਾਨ ਜਾਰੀ ਕਰ ਦਿਤਾ ਗਿਆ ਹੈ ਤੇ ਭਾਵੇਂ ਪਿੰਡ ਵਾਸੀ ਵੀ ਸਹਿਮਤ ਨਜ਼ਰ ਆ ਰਹੇ ਹਨ
ਪਰ ਪਿੰਡ ਦੀ ਸਰਪੰਚ ਨੇ ਦੱਸਿਆ ਕਿ ਅਜਿਹਾ ਕੋਈ ਫਰਮਾਨ ਪੰਚਾਇਤ ਵਲੋਂ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਪੰਚਾਇਤ ਦੇ ਲੈਟਰਪੈਡ ’ਤੇ ਕੁਝ ਅਜਿਹਾ ਲਿਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸੇ ਪਿੰਡ ਦੀ ਇਕ ਨੂੰਹ ਅਪਣੇ ਛੋਟੇ ਬੱਚੇ ਨੂੰ ਲੈ ਕੇ ਪਿੰਡ ਦੇ ਹੀ ਕਿਸੇ ਮੁੰਡੇ ਨਾਲ ਫ਼ਰਾਰ ਹੋ ਗਈ ਹੈ, ਜਿਸ ਕਾਰਨ ਪਿੰਡ ਵਾਸੀਆਂ ਵਿਚ ਗੁੱਸਾ ਹੈ ਪਰ ਪਿੰਡ ਦੀ ਪੰਚਾਇਤ ਮੁਤਾਬਕ ਪ੍ਰੇਮੀ ਜੋੜਿਆਂ ਵਿਰੁਧ ਕੋਈ ਮਤਾ ਪਾਸ ਨਹੀਂ ਕੀਤਾ ਗਿਆ ਹੈ।
ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਜੇਕਰ ਇਸ ਮਤੇ ਵਿਚ ਪਿੰਡ ਦੀ ਪੰਚਾਇਤ ਸਹਿਮਤ ਨਹੀਂ ਤਾਂ ਗੁਰਦੁਆਰਾ ਕਮੇਟੀ ਨੂੰ ਕਿਸ ਨੇ ਹੱਕ ਦਿਤਾ ਕਿ ਅਜਿਹੇ ਤੁਗਲਕੀ ਫੁਰਮਾਨ ਜਾਰੀ ਕਰਨ ਤੇ ਸ਼ਰੇਆਮ ਪ੍ਰੇਮੀ ਜੋੜਿਆਂ ਨੂੰ ਧਮਕੀ ਦੇਣ।