ਸ੍ਰੀ ਨਨਕਾਣਾ ਸਾਹਿਬ ਵਿਖੇ ਸਥਾਪਤ ਕੀਤੀ ਗਈ ਭਾਰਤ ਵਿਚ ਤਿਆਰ ਕੀਤੀ ਪਾਲਕੀ ਸਾਹਿਬ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਨਾਨਕ ਜੀ ਸੇਵਕ ਜਥੇ ਵੱਲੋਂ ਭਾਰਤ ਤੋਂ ਮੰਗਵਾਈ ਗਈ 50 ਕਿਲੋ ਵਜ਼ਨੀ ਪਾਲਕੀ ਸਾਹਿਬ 

Nankana Sahib

ਅੰਮ੍ਰਿਤਸਰ: ਦੁਨੀਆਂ ਭਰ ਵਿਚ ਸਿੱਖਾਂ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਸਬੰਧ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸੰਗਤ ਵੱਲੋਂ ਵਿਸ਼ੇਸ਼ ਸੇਵਾ ਕੀਤੀ ਜਾਂਦੀ ਹੈ। 

ਇਸ ਦੇ ਤਹਿਤ ਭਾਰਤ ਤੋਂ ਮੰਗਵਾਈ ਗਈ 50 ਕਿਲੋ ਵਜ਼ਨੀ ਪਾਲਕੀ ਸਾਹਿਬ ਨੂੰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਦੀਵਾਨ ਹਾਲ ਵਿਚ ਸਥਾਪਤ ਕੀਤਾ ਗਿਆ। ਇਹ ਪਾਲਕੀ ਸਾਹਿਬ ਗੁਰੂ ਨਾਨਕ ਜੀ ਸੇਵਕ ਜਥਾ ਸ੍ਰੀ ਨਨਕਾਣਾ ਸਾਹਿਬ ਵੱਲੋਂ ਅਟਾਰੀ-ਵਾਹਘਾ ਬਾਰਡਰ ਰਾਹੀਂ ਭਾਰਤ ਤੋਂ ਵਿਸ਼ੇਸ਼ ਮੰਗਵਾਈ ਗਈ। 

ਜਥੇ ਦੇ ਆਗੂਆਂ ਨੇ ਦੱਸਿਆ ਕਿ ਇਸ ਪਾਲਕੀ ਸਾਹਿਬ ਨੂੰ ਤਿਆਰ ਕਰਵਾਉਣ ਲਈ 38 ਹਜ਼ਾਰ ਰੁਪਏ ਦੀ ਲਾਗਤ ਆਈ ਹੈ ਤੇ ਇਹ ਮੁੰਬਈ ਤੋਂ ਹਰਿੰਦਰ ਸਿੰਘ, ਇਕਬਾਲ ਸਿੰਘ ਤੇ ਭੁਪਿੰਦਰ ਸਿੰਘ ਵੱਲੋਂ ਭੇਜੀ ਗਈ ਹੈ। ਦੱਸ ਦਈਏ ਕਿ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਜਾਂਦਾ ਹੈ।

ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਸੰਗਤਾਂ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਦੇ ਪਾਠ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਸੰਗਤਾਂ ਵੱਲੋਂ ਅਲੌਕਿਕ ਨਗਰ ਕੀਰਤਨ ਸਜਾ ਕੇ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ।