ਸਿੱਖ ਰਵਾਇਤਾਂ ਦੀ ਖਿੱਲੀ ਉਡਾਉਣ ਬਾਰੇ ਚੈਨਲ ਨੇ ਹਲਫ਼ਨਾਮਾ ਦੇ ਕੇ ਮੰਗੀ ਮਾਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਦੀ ਸਿੱਖ ਵਕੀਲ ਨੀਨਾ ਸਿੰਘ ਦੀ ਘਾਲਣਾ ਰੰਗ ਲਿਆਈ, ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਦਖ਼ਲ ਪਿਛੋਂ ਮਸਲਾ ਹੋਇਆ ਹੱਲ

Photo

ਨਵੀਂ ਦਿੱਲੀ (ਅਮਨਦੀਪ ਸਿੰਘ) : ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਦਖ਼ਲ ਪਿਛੋਂ, 'ਛੋਟੀ ਸਰਦਾਰਨੀ' ਨਾਂਅ ਦੇ ਲੜੀਵਾਰ ਵਿਚ ਸਿੱਖ ਕਕਾਰਾਂ ਤੇ ਹੋਰ ਸਿੱਖ ਰਵਾਇਤਾਂ ਦੀ ਖਿੱਲੀ ਉਡਾਉਣ ਦਾ ਮਸਲਾ ਹੱਲ ਹੋ ਗਿਆ ਹੈ। ਕਮਿਸ਼ਨ ਮੁਤਾਬਕ ਰਿਲਾਇੰਸ ਦੀ ਮਲਕੀਅਤ ਵਾਲੇ ਟੀਵੀ ਚੈੱਨਲ 'ਕਲਰਜ਼ ਟੀਵੀ' 'ਤੇ ਛੋਟੀ ਸਰਦਾਰਨੀ ਲੜੀਵਾਰ ਵਿਚ ਸਿੱਖ ਕਕਾਰਾਂ ਬਾਰੇ ਮੰਦ ਸ਼ਬਦਾਵਲੀ ਵਰਤੀ ਗਈ ਸੀ, ਗੁਰਬਾਣੀ ਸ਼ਬਦਾਂ ਦੀ ਵਰਤੋਂ ਕਰ ਕੇ, ਗੁਰਦਵਾਰਿਆਂ ਦੀ ਦੁਰਵਰਤੋਂ  ਕੀਤੀ ਗਈ ਸੀ।

ਦਿੱਲੀ ਦੀ ਸਿੱਖ ਵਕੀਲ ਨੀਨਾ ਸਿੰਘ ਵਲੋਂ ਵਿਵਾਦਤ ਲੜੀਵਾਰ ਵਿਰੁਧ ਡੱਟਣ ਕਰ ਕੇ, ਚੈੱਨਲ ਨੂੰ ਆਪਣੇ ਕੀਤੇ ਦਾ ਪਛਤਾਵਾ  ਕਰਨਾ ਪਿਆ। ਕਮਿਸ਼ਨ ਨੂੰ ਦਿਤੇ ਹਲਫ਼ਨਾਮੇ ਵਿਚ ਚੈੱਨਲ ਵਲੋਂ ਸਾਰੇ ਪਲੇਟਫਾਰਮਾਂ ਤੋਂ ਲੜੀਵਾਰ ਦੇ ਪੰਜ ਕਕਾਰਾਂ ਨਾਲ ਸਬੰਧਤ ਮਸ਼ਹੂਰੀਆਂ ਨੂੰ ਹਟਾ ਦਿਤਾ ਹੈ ਤੇ ਭਵਿੱਖ ਵਿਚ ਵਰਤੋਂ ਨਾ ਕਰਨ ਦਾ ਹਲਫ਼ਨਾਮਾ ਦਿਤਾ ਹੈ। ਅਦਾਕਾਰਾ (ਨਿਮਰਤ ਕੌਰ ਆਹੂਵਾਲੀਆ) ਨੂੰ ਗੁਰਦਵਾਰੇ ਦੇ ਦ੍ਰਿਸ਼ ਵਿਚ ਬਿਨਾਂ ਵਿਆਹੀ ਗਰਭਵਤੀ ਲਾੜੀ ਵਜੋਂ ਵਿਖਾਉਣ ਦੇ ਦ੍ਰਿਸ਼ ਵੀ ਹਟਾ ਦਿਤੇ ਗਏ ਹਨ।

ਭਵਿੱਖ ਵਿਚ ਛੋਟੀ ਸਰਦਾਰਨੀ ਦੇ ਕਿਸੇ ਵੀ ਦ੍ਰਿਸ਼ ਦੀ ਗੁਰਦਵਾਰੇ ਵਿਚ ਸ਼ੂਟਿੰਗ ਨਹੀਂ ਕੀਤੀ ਜਾਵੇਗੀ। ਦਿੱਲੀ ਘੱਟ ਗਿਣਤੀ ਕਮਿਸ਼ਨ ਨੇ ਬਿਆਨ ਜਾਰੀ ਕਰ ਕੇ, ਕਿਹਾ ਹੈ ਕਿ ਚੈੱਨਲ ਵਲੋਂ ਕਮਿਸ਼ਨ ਕੋਲ ਦਿਤੇ ਗਏ ਹਲਫ਼ਨਾਮੇ ਤੇ ਬਿਆਨ ਪਿਛੋਂ ਐਡਵੋਕੇਟ ਨੀਨਾ ਸਿੰਘ ਨੇ ਆਪਣੀ ਸ਼ਿਕਾਇਤ ਵਾਪਸ ਲੈਣ ਲਈ ਸਹਿਮਤੀ ਜ਼ਾਹਰ ਕਰਦੇ ਹੋਏ ਕਮਿਸ਼ਨ ਦੇ ਚੇਅਰਮੈਨ ਡਾ.ਜ਼ਫ਼ਰਉੱਲ ਇਸਲਾਮ ਖ਼ਾਨ ਤੇ ਸਿੱਖ ਮੈਂਬਰ ਸ.ਕਰਤਾਰ ਸਿੰਘ ਕੋਛੜ ਵਲੋਂ ਮਸਲਾ ਸੁਲਝਾਉਣ ਲਈ ਧਨਵਾਦ ਕੀਤਾ ਹੈ।

ਇਸ ਬਾਰੇ 6 ਜਨਵਰੀ ਨੂੰ ਕਮਿਸ਼ਨ ਅਧਿਕਾਰਤ ਹੁਕਮ ਜਾਰੀ ਕਰੇਗਾ। ਕਮਿਸ਼ਨ ਦੀ ਵਿਚਲੋਗੀ ਪਿਛੋਂ ਚੈੱਨਲ ਨੇ ਸਿੱਖ ਜਜ਼ਬਾਤ ਨੂੰ ਸੱਟ ਮਾਰਦੇ ਦ੍ਰਿਸ਼ ਹਟਾਉਣ ਤੇ ਇਹ ਸਪਸ਼ਟੀਕਰਨ ਵਿਖਾਉਣ ਲਈ ਸਹਿਮਤ ਜੋ ਗਿਆ ਹੈ ਕਿ ਇਹ ਲੜੀਵਾਰ ਸਿੱਖ ਜੀਵਨ ਜਾਚ ਨੂੰ ਪੇਸ਼ ਨਹੀਂ ਕਰਦਾ। ਸਿੱਖ ਮਸਲਿਆਂ ਤੇ ਡੱਟਣ ਵਾਲੀ ਵਕੀਲ ਬੀਬੀ ਨੀਨਾ ਸਿੰਘ ਨੇ ਵਿਰਾਸਤ ਸਿੱਖਿਜ਼ਮ ਟਰੱਸਟ ਤੇ ਸਿੱਖ ਸੰਗਤ ਵਲੋਂ ਕਮਿਸ਼ਨ ਕੋਲ 17 ਜੁਲਾਈ 2019 ਨੂੰ ਵਿਵਾਦਤ ਲੜੀਵਾਰ ਬਾਰੇ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ।