ਬਾਬਾ ਲਾਭ ਸਿੰਘ ਦਾ ਕੀਰਤਪੁਰ ਸਾਹਿਬ ਵਿਖੇ ਨਮ ਅੱਖਾਂ ਨਾਲ ਕੀਤਾ ਅੰਤਮ ਸਸਕਾਰ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਬਾ ਲਾਭ ਸਿੰਘ ਦੇ ਸਰੀਰ ਨੂੰ ਵਿਸ਼ਾਲ ਕਾਫ਼ਲੇ ਦੇ ਰੂਪ 'ਚ ਕੀਰਤਪੁਰ ਸਾਹਿਬ ਵਿਖੇ ਲਿਆਂਦਾ ਗਿਆ ਸੀ

Baba Labh Singh funeral at Kiratpur Sahib

ਸ੍ਰੀ ਕੀਰਤਪੁਰ ਸਾਹਿਬ : ਮਾਨਵਤਾ ਦੇ ਮਸੀਹਾ ਕਾਰ ਸੇਵਾ ਦੇ ਪੁੰਜ ਬਾਬਾ ਲਾਭ ਸਿੰਘ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੇ ਪੰਜ ਭੂਤਕ ਸਰੀਰ ਦਾ ਅੰਤਮ ਸਸਕਾਰ ਕੀਰਤਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਲਾਗੇ ਬਣੇ ਘਾਟ 'ਤੇ ਕਰ ਦਿਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਬਾਬਾ ਲਾਭ ਸਿੰਘ ਦੇ ਸਰੀਰ ਨੂੰ ਵਿਸ਼ਾਲ ਕਾਫ਼ਲੇ ਦੇ ਰੂਪ 'ਚ ਕੀਰਤਪੁਰ ਸਾਹਿਬ ਵਿਖੇ ਲਿਆਂਦਾ ਗਿਆ।

ਇਸ ਮੌਕੇ ਭਾਈ ਪ੍ਰਤਾਪ ਸਿੰਘ ਹਜ਼ੂਰੀ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਬਾਬਾ ਹਰਨਾਮ ਸਿੰਘ ਧੁੰਮਾ ਮੁਖੀ ਦਮਦਮੀ ਟਕਸਾਲ ਵਲੋਂ ਅਰਦਾਸ ਕੀਤੀ ਗਈ। ਉਪਰੰਤ ਬਾਬਾ ਜੀ ਦੇ ਪਰਵਾਰਕ ਮੈਂਬਰਾਂ ਗੁਰਕ੍ਰਿਪਾਲ ਸਿੰਘ, ਜਸਵੰਤ ਸਿੰਘ, ਹਰਿੰਦਰ ਸਿੰਘ (ਤਿੰਨੋਂ ਸਪੁੱਤਰ), ਸੁਖਜੀਤ ਸਿੰਘ ਮਿੱਠੂ, ਸੰਦੀਪ ਸਿੰਘ (ਦੋਵੇਂ ਪੋਤਰੇ) ਅਤੇ ਸੇਵਾਦਾਰਾਂ ਵਲੋਂ ਚਿਖਾ ਨੂੰ ਅਗਨੀ ਦਿਖਾਈ ਗਈ।

ਇਸ ਮੌਕੇ ਗਿਆਨੀ ਰਘਵੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਜਥੇਦਾਰ ਬਾਬਾ ਅਵਤਾਰ ਸਿੰਘ ਮੁਖੀ ਤਰਨਾਦਲ ਬਾਬਾ ਬਿਧੀ ਚੰਦ, ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ, ਬਾਬਾ ਹਰਨਾਮ ਸਿੰਘ ਧੁੰਮਾ ਮੁਖੀ ਦਮਦਮੀ ਟਕਸਾਲ, ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ, ਡਾ: ਦਲਜੀਤ ਸਿੰਘ ਚੀਮਾ, ਭਾਈ ਬਲਵਿੰਦਰ ਸਿੰਘ ਰੰਗੀਲਾ, ਬਾਬਾ ਹਰਭਜਨ ਸਿੰਘ ਭਲਵਾਨ, ਹੈੱਡ ਗ੍ਰੰਥੀ ਭਾਈ ਫੂਲਾ ਸਿੰਘ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।