ਨਿਊਯਾਰਕ 'ਚ ਸਿੱਖ ਪੁਲਿਸ ਮੁਲਾਜ਼ਮ ਨੂੰ ਦਾੜ੍ਹੀ ਵਧਾਉਣ ਤੋਂ ਰੋਕਿਆ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਰੋਸ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸਿੱਖ ਪਹਿਰਾਵੇ 'ਚ ਡਿਊਟੀ ਕਰਨ ਦੀ ਮਿਲੇ ਇਜਾਜ਼ਤ : ਗਿਆਨੀ ਰਘਬੀਰ ਸਿੰਘ

representational Image

ਰੋਕ ਪਿੱਛੇ ਸੁਰੱਖਿਆ ਕਾਰਨਾਂ ਦਾ ਦਿਤਾ ਹਵਾਲਾ 
ਵਿਦੇਸ਼ ਮੰਤਰਾਲੇ ਨੂੰ ਮਾਮਲੇ 'ਚ ਦਖ਼ਲ ਦੇਣ ਦੀ ਅਪੀਲ 

ਚੰਡੀਗੜ੍ਹ : ਅਮਰੀਕਾ ਦੇ ਨਿਊਯਾਰਕ ਪੁਲਿਸ ਵਿਭਾਗ (NYPD) ਨੇ ਇਕ ਸਿੱਖ ਜਵਾਨ ਨੂੰ ਦਾੜ੍ਹੀ ਰੱਖਣ ਤੋਂ ਰੋਕਿਆ ਹੈ। ਜਿਸ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਖ਼ਤ ਆਲੋਚਨਾ ਕੀਤੀ ਹੈ। ਗਿਆਨੀ ਰਘਬੀਰ ਸਿੰਘ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਅਮਰੀਕਾ ਦੇ ਸਰਬਪੱਖੀ ਵਿਕਾਸ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਅਮਰੀਕਾ ਦੀ ਰਾਜਨੀਤੀ ਤੋਂ ਲੈ ਕੇ ਸੁਰੱਖਿਆ, ਤਕਨੀਕੀ ਅਤੇ ਵਿਗਿਆਨ ਦੇ ਖੇਤਰ ਤਕ ਸਿੱਖਾਂ ਨੇ ਅਪਣੀ ਲਿਆਕਤ, ਮਿਹਨਤ ਅਤੇ ਇਮਾਨਦਾਰੀ ਦੇ ਨਾਲ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਮੁਲਕ ਵਿਚ ਸਿੱਖਾਂ ਦੀਆਂ ਧਾਰਮਿਕ ਮਾਨਤਾਵਾਂ ਅਤੇ ਰਹੁ-ਰੀਤਾਂ ਹੁਣ ਜਾਣ-ਪਛਾਣ ਦਾ ਮੁਥਾਜ ਨਹੀਂ ਰਹੀਆਂ। ਬਹੁਤ ਦੇਰ ਪਹਿਲਾਂ ਹੀ ਅਮਰੀਕਾ ਦੀ ਫ਼ੌਜ ਅਤੇ ਸਿਵਲ ਸੇਵਾਵਾਂ ਵਿਚ ਅਪਣੇ ਸਿੱਖੀ ਸਰੂਪ ਦੇ ਨਾਲ ਸੇਵਾਵਾਂ ਕਰਨ ਦੀ ਕਾਨੂੰਨੀ ਲੜਾਈ ਸਿੱਖ ਜਿੱਤ ਚੁੱਕੇ ਹਨ, ਜਿਸ ਤੋਂ ਬਾਅਦ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਦੇ ਨਾਲ ਹਰ ਖੇਤਰ ਵਿਚ ਵਿਚਰਨ ਦੀ ਖੁੱਲ੍ਹ ਦਿਤੀ ਜਾ ਚੁੱਕੀ ਹੈ ਪਰ ਹੁਣ ਨਿਊਯਾਰਕ ਪੁਲਿਸ ਵਲੋਂ ਇਕ ਸਿੱਖ ਜਵਾਨ ਨੂੰ ਦਾੜ੍ਹੀ ਰੱਖਣ ਤੋਂ ਰੋਕਣਾ ਹੈਰਾਨੀਜਨਕ ਹੈ। 

ਇਹ ਵੀ ਪੜ੍ਹੋ: ਸ੍ਰੀਹਰਿਕੋਟਾ ਤੋਂ ਸਫਲਤਾਪੂਰਵਕ ਲਾਂਚ ਹੋਇਆ PSLV-C56

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਵੀ ਅਮਰੀਕਾ ਦੀ ਨਿਊਯਾਰਕ ਪੁਲਿਸ ਕੋਲ ਆਪਣੇ ਕੂਟਨੀਤਕ ਚੈਨਲਾਂ ਰਾਹੀਂ ਸਿੱਖਾਂ ਦੀਆਂ ਭਾਵਨਾਵਾਂ ਪਹੁੰਚਾਉਣੀਆਂ ਚਾਹੀਦੀਆਂ ਹਨ ਤਾਂ ਜੋ ਨਿਊਯਾਰਕ ਪੁਲਿਸ ਅਪਣੇ ਫ਼ੈਸਲੇ ਵਿਚ ਦਰੁਸਤੀ ਕਰ ਕੇ ਸਿੱਖ ਜਵਾਨ ਨੂੰ ਸਿੱਖੀ ਸਰੂਪ ਵਿਚ ਰਹਿ ਕੇ ਸੇਵਾਵਾਂ ਨਿਭਾਉਣ ਦੀ ਖੁੱਲ੍ਹ ਦੇ ਸਕੇ।

ਜ਼ਿਕਰਯੋਗ ਹੈ ਕਿ ਨਿਊਯਾਰਕ ਵਿਚ ਇਕ ਸਿੱਖ ਸਿਪਾਹੀ ਨੂੰ ਉਸ ਦੇ ਵਿਆਹ ਮੌਕੇ ਚਿਹਰੇ ਦੇ ਵਾਲ (ਦਾੜ੍ਹੀ) ਵਧਾਉਣ ਤੋਂ ਰੋਕਿਆ ਗਿਆ ਹੈ ਜਦਕਿ 2019 ਦੇ ਰਾਜ ਕਾਨੂੰਨ ਮੁਤਾਬਕ ਹਰ ਕਿਸੇ ਨੂੰ ਅਪਣੇ ਧਰਮ ਮੁਤਾਬਕ ਪਹਿਰਾਵਾ ਆਦਿ ਪਾਉਣ ਦੀ ਖੁੱਲ੍ਹ ਦਿਤੀ ਗਈ ਸੀ। ਨਿਊਯਾਰਕ ਪੁਲਿਸ ਨੇ ਇਹ ਇਜਾਜ਼ਤ ਨਾ ਦੇਣ ਪਿੱਛੇ ਸੁਰੱਖਿਆ ਕਾਰਨ ਦਸਿਆ ਹੈ। ਨਿਊਯਾਰਕ ਪੁਲਿਸ ਦਾ ਕਹਿਣਾ ਹੈ ਕਿ ਸਿੱਖ ਸਿਪਾਹੀ ਅਪਣੀ ਦਾੜ੍ਹੀ ਕਾਰਨ ਮਾਸਕ ਨਹੀਂ ਪਾ ਸਕਣਗੇ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲ ਹੋ ਸਕਦੀ ਹੈ।

ਇਹ ਵੀ ਪੜ੍ਹੋ: ਖੰਨਾ ਵਿਖੇ ਵਾਪਰੇ ਸੜਕ ਹਾਦਸੇ ਨੇ ਲਈ ਨੌਜੁਆਨ ਦੀ ਜਾਨ

ਦੱਸਣਯੋਗ ਹੈ ਕਿ ਨਿਊਯਾਰਕ ਪੁਲਿਸ ਵਿਭਾਗ ਵਿਚ ਸਿੱਖ ਮੁਲਾਜ਼ਮਾਂ ਨੂੰ ਲੰਬੀ ਲੜਾਈ ਤੋਂ ਬਾਅਦ 2016 ਵਿਚ ਦਸਤਾਰ ਸਜਾਉਣ ਦਾ ਅਧਿਕਾਰ ਮਿਲਿਆ ਸੀ। ਇਹ ਲੰਬੇ ਸੰਘਰਸ਼ ਤੋਂ ਬਾਅਦ ਸੰਭਵ ਹੋਇਆ। ਉਦੋਂ ਵਿਭਾਗ ਨੇ ਸਿੱਖਾਂ ਨੂੰ ਦਾੜ੍ਹੀ ਰੱਖਣ ਦਾ ਅਧਿਕਾਰ ਵੀ ਦਿਤਾ ਸੀ ਪਰ ਇਸ ਦੀ ਲੰਬਾਈ ਅੱਧਾ ਇੰਚ ਹੀ ਰੱਖਣ ਦੀ ਗੱਲ ਕਹੀ ਗਈ ਸੀ। ਹੁਣ ਅਮਰੀਕਾ ਵਿਚ ਸਿੱਖ ਵੱਡੀਆਂ ਦਾੜ੍ਹੀਆਂ ਰੱਖਣ ਲਈ ਸੰਘਰਸ਼ ਕਰ ਰਹੇ ਹਨ।

ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਸਾਰਜੈਂਟ ਅਤੇ ਸਿੱਖ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਬੀਤੇ ਦਿਨੀਂ ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਿਸੇ ਨੂੰ ਵੀ ਅਪਣੇ ਦੇਸ਼ ਦੀ ਸੇਵਾ ਲਈ ਅਪਣੇ ਧਰਮ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਉਮੀਦ ਹੈ ਕਿ ਇਕ ਦਿਨ ਤੁਸੀਂ ਪੂਰੀਆਂ ਪੱਗਾਂ ਅਤੇ ਦਾੜ੍ਹੀਆਂ ਵਾਲੇ ਸਿੱਖਾਂ ਨੂੰ ਨਿਊਯਾਰਕ ਸਟੇਟ ਦੇ ਪੁਲਿਸ ਮੁਲਾਜ਼ਮ ਦੇ ਰੂਪ ਵਿਚ ਦੇਖੋਗੇ।