ਪੰਥਕ ਧਿਰਾਂ ਵਲੋਂ ਜਲੰਧਰ ਵਿਚ ਮਾਰਚ 3 ਸਤੰਬਰ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜੇਕਰ ਮੰਦਰ ਦਾ ਪੁਨਰ ਨਿਰਮਾਣ ਉਸੇ ਥਾਂ ’ਤੇ ਹੁੰਦਾ ਹੈ ਤਾਂ ਹੀ ਪੀੜਤ ਭਾਈਚਾਰੇ ਦੀਆਂ ਦੁਖੀ ਭਾਵਨਾਵਾਂ ਨੂੰ ਰਾਹਤ ਮਿਲੇਗੀ: ਪੰਥਕ ਧਿਰਾਂ

Protests continue against demolition of Delhi's Ravidas temple

ਚੰਡੀਗੜ੍ਹ : ਦਿੱਲੀ ਦੇ ਤੁਗਲਗਾਬਾਦ ਵਿਖੇ ਸਥਿਤ ਭਗਤ ਰਵਿਦਾਸ ਦੇ ਮੰਦਰ ਨੂੰ ਢਾਹੇ ਜਾਣ ਨੂੰ ਗੰਭੀਰਤਾ ਨਾਲ ਲੈਂਦਿਆਂ ਸਿੱਖ ਸੰਸਥਾਵਾਂ ਨੇ ਰਵੀਦਾਸੀਆ ਭਾਈਚਾਰੇ ਨਾਲ ਅਪਣੀ ਇਕਮੁਠਤਾ ਅਤੇ ਇਕਜੁਟਤਾ ਦਾ ਪ੍ਰਗਟਾਵਾ ਕਰਨ ਅਤੇ ਦਿੱਲੀ ਸਰਕਾਰ ਨੂੰ ਇਸ ਧੱਕੇਸ਼ਾਹੀ ਵਿਰੁਧ ਠੋਸ ਚੇਤਾਵਨੀ ਦੇਣ ਲਈ 3 ਸਤੰਬਰ ਨੂੰ ਜਲੰਧਰ ਵਿਖੇ ਇਕ ਮਾਰਚ ਕੱਢਣ ਦਾ ਫ਼ੈਸਲਾ ਕੀਤਾ। ਪੰਥਕ ਧਿਰਾਂ ਨੇ ਕਿਹਾ ਕਿ ਜੇਕਰ ਮੰਦਰ ਦਾ ਪੁਨਰ ਨਿਰਮਾਣ ਉਸੇ ਥਾਂ ’ਤੇ ਹੁੰਦਾ ਹੈ ਤਾਂ ਹੀ ਪੀੜਤ ਭਾਈਚਾਰੇ ਦੀਆਂ ਦੁਖੀ ਭਾਵਨਾਵਾਂ ਨੂੰ ਰਾਹਤ ਮਿਲੇਗੀ।

ਮਾਰਚ ਕਰਨ ਦਾ ਫ਼ੈਸਲਾ ਦਲ ਖ਼ਾਲਸਾ, ਸ੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਅਤੇ ਯੂਨਾਈਟਿਡ ਅਕਾਲੀ ਦਲ ਨੇ ਸਾਂਝੇ ਤੌਰ ’ਤੇ ਕੀਤਾ ਹੈ। ਦਲ ਖ਼ਾਲਸਾ ਦੇ ਕੰਵਰਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਪ੍ਰੋਫ਼ੈਸਰ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਮੰਦਰ ਦਾ ਢਹਿਣਾ ਸਿੱਖਾਂ ਲਈ ਵੀ ਉਨਾ ਹੀ ਦੁਖਦਾਈ ਹੈ ਜਿੰਨਾ ਰਵੀਦਾਸੀਆ ਭਾਈਚਾਰੇ ਲਈ ਦੁਖਦਾਈ ਹੈ।  ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਇਸ ਲਈ ਸਿੱਖ ਕੌਮ ਅਤੇ ਰਵਿਦਾਸੀਆ ਭਾਈਚਾਰੇ ਵਿਚਾਲੇ ਆਪਸੀ ਗੂੜ੍ਹੀ ਸਾਂਝ ਹੈ ਅਤੇ ਉਹ ਇਸ ਸੰਕਟ ਦੀ ਘੜੀ ਵਿਚ ਰਵਿਦਾਸੀਆ ਭਾਈਚਾਰੇ ਨਾਲ ਡਟ ਕੇ ਖੜੇ ਹਨ।  ਉਨ੍ਹਾਂ ਦਿੱਲੀ ਸਰਕਾਰ ਦੀ ਇਸ ਧੱਕੇਸ਼ਾਹੀ ਦੀ ਨਿੰਦਾ ਕਰਦਿਆਂ ਕਿਹਾ ਕਿ ਕਿਸੇ ਵੀ ਧਰਮ ਦੇ ਕਿਸੇ ਵੀ ਪਵਿੱਤਰ ਅਸਥਾਨ ਨੂੰ ਜ਼ਬਰਦਸਤੀ ਢਾਹੁਣਾ ਗ਼ਲਤ ਅਤੇ ਅਨੈਤਿਕ ਹੈ ਕਿਉਂਕਿ ਇਸ ਨਾਲ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਜ਼ੋਰ-ਜਬਰ ਨਾਲ ਮੰਦਰ ਢਾਹੁਣਾ ਰਵਿਦਾਸੀਆ ਭਾਈਚਾਰੇ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਦੇ ਤੁਲ ਹੈ। 

ਉਨ੍ਹਾਂ ਦਸਿਆ ਕਿ ਜਲੰਧਰ ਵਿਖੇ ਮਾਰਚ ਤੋਂ ਪਹਿਲਾਂ ਗੁਰਦੁਆਰਾ ਪਾਤਸ਼ਾਹੀ ਨੌਵੀ ਗੁਰੂ ਤੇਗ ਬਹਾਦਰ ਨਗਰ ਵਿਖੇ ਕਾਨਫ਼ਰੰਸ ਕਰਨਗੇ, ਜਿਥੇ ਬੁਲਾਰੇ ਇਸ ਮਾਮਲੇ ’ਤੇ ਅਪਣੇ ਵਿਚਾਰ ਅਤੇ ਚਿੰਤਾਵਾਂ ਸਾਂਝੀਆਂ ਕਰਨਗੇ ਅਤੇ ਭਵਿੱਖ ਦੀ ਰਣਨੀਤੀ ਤੈਅ ਕਰਨਗੇ।  ਉਨ੍ਹਾਂ ਬਸਪਾ, ਭਾਰਤ ਮੁਕਤੀ ਮੋਰਚੇ ਅਤੇ ਬਹੁਜਨ ਮੁਕਤੀ ਪਾਰਟੀ ਦੇ ਨੁਮਾਇੰਦਿਆਂ ਨੂੰ ਸੰਮੇਲਨ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ ਹੈ।