ਨਨਕਾਣਾ ਸਾਹਿਬ ਨੂੰ ਛੇਵਾਂ ਤਖ਼ਤ ਬਣਾਉਣਾ ਸਮੇਂ ਦੀ ਮੰਗ: ਸਰਨਾ ਭਰਾ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ
ਅੰਮ੍ਰਿਤਸਰ 30 ਨਵੰਬਰ ( ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਨਨਕਾਣਾ ਸਾਹਿਬ ਨੂੰ ਛੇਵਾਂ ਤਖ਼ਤ ਬਣਾਏ ਜਾਣ ਬਾਰੇ ਕਿਹਾ ਕਿ ਇਹ ਸੰਗਤਾਂ ਦੀ ਮੰਗ ਹੈ ਤੇ ਨਨਕਾਣਾ ਸਾਹਿਬ ਨੂੰ ਛੇਵਾਂ ਤਖਤ ਬਣਾਇਆ ਜਾਵੇ ਤੇ ਸੰਗਤਾਂ ਹੀ ਇਸ ਦਾ ਫੈਸਲਾ ਕਰਨਗੀਆ? ਪਾਕਿਸਤਾਨ ਦੇ ਕਰੀਬ ਪੰਜ ਦਿਨਾਂ ਟੂਰ ਤੋ ਬਾਅਦ ਵਤਨ ਪਰਤਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਰਨਾ ਭਰਾਵਾਂ ਨੇ ਕਿਹਾ
ਕਿ ਉਹ ਪਾਕਿਸਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਗਏ ਸਨ ਤਾਂ ਉਥੇ ਇਹ ਮੰਗ ਉਠੀ ਸੀ ਕਿ ਨਨਕਾਣਾ ਸਾਹਿਬ ਸਿੱਖ ਧਰਮ ਦੇ ਬਾਨੀ ਤੇ ਪਹਿਲੇ ਪਾਤਸ਼ਾਹ ਨਾਲ ਸਬੰਧਿਤ ਪਵਿੱਤਰ ਅਸਥਾਨ ਹੈ ਜਿਸ ਨੂੰ ਇਕ ਤਖ਼ਤ ਦਾ ਦਰਜਾ ਦਿਤਾ ਜਾਣਾ ਚਾਹੀਦਾ ਹੈ। ਸੰਗਤਾਂ ਦੀ ਮੰਗ ਤੇ ਹੀ ਉਨਾਂ ਨੇ ਦੀਵਾਨ ਵਿਚ ਇਹ ਮੰਗ ਸਟੇਜ ਤੋ ਰੱਖੀ ਸੀ ਜਿਸ ਨੂੰ ਪੰਡਾਲ ਵਿਚ ਬੈਠੀਆ ਸੰਗਤਾਂ ਨੇ ਜੈਕਾਰਿਆ ਦੀ ਗੂੰਜ ਵਿਚ ਪ੍ਰਵਾਨਗੀ ਦਿਤੀ ਹੈ। ਉਹਨਾਂ ਕਿਹਾ ਕਿ ਇਸ ਤੋ ਅਗਲਾ ਕਾਰਜ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਬੁੱਧੀਜੀਵੀਆਂ ਤੇ ਵਿਦਵਾਨਾਂ ਦਾ ਹੈ ਤੇ ਉਹਨਾਂ ਫੈਸਲਾ ਕਰਨਾ ਹੈ
ਕਿ ਇਸ ਤਖ਼ਤ ਦਾ ਅਧਿਕਾਰ ਖੇਤਰ ਤੇ ਜਿੰਮੇਵਾਰੀਆ ਕੀ ਹੋਣਗੀਆ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀ ਤ ਸਿੰਘ ਵਲੋ ਨਨਕਾਣਾ ਸਾਹਿਬ ਨੂੰ ਤਖਤ ਦਾ ਦਰਜਾ ਦੇਣ ਦੀ ਮੰਗ ਨੂੰ ਰਦ ਕਰਨ ਵਾਲੇ ਦਿਤੇ ਬਿਆਨ ਬਾਰੇ ਪੁੱਛੇ ਜਾਣ ਤੇ ਉਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਛੇਵੇ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਅਪਣੇ ਕਰ ਕਮਲਾਂ ਨਾਲ ਕੀਤੀ ਸੀ ਜਦ ਕਿ ਬਾਕੀ ਤਖਤ ਤਾਂ ਸੰਗਤਾਂ ਵਲੋ ਹੀ ਬਣਾਏ ਗਏ ਹਨ ਇਸ ਲਈ ਜਥੇਦਾਰ ਸਾਹਿਬ ਨੂੰ ਸ੍ਰੀ ਨਨਕਾਣਾ ਸਾਹਿਬ ਦੀ ਮਹੱਤਤਾ ਬਾਰੇ ਪਤਾ ਹੋਣਾ ਚਾਹੀਦਾ ਹੈ।
ਗਿਆਨੀ ਹਰਪ੍ਰੀਤ ਸਿੰਘ ਵਿਦਵਾਨ ਸ਼ਖਸ਼ੀਅਤ ਹਨ ਤੇ ਉਨਾਂ ਨੂੰ ਚਾਹੀਦਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਕਿਸੇ ਦੇ ਵਿਸ਼ੇਸ ਵਿਅਕਤੀ , ਪਰਿਵਾਰ ਜਾਂ ਸੰਸਥਾ ਦੇ ਮੰਡੂ ਬਣ ਕੇ ਬਿਆਨਬਾਜੀ ਕਰਨ ਦੀ ਬਜਾਏ ਮਰਿਆਦਾ ਤੇ ਪਰੰਪਰਾ ਨੂੰ ਮੁੱਖ ਰਖ ਕੇ ਬਿਆਨਬਾਜੀ ਕਰਨ। ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਜਿਹੜੇ ਸ਼੍ਰੋਮਣੀ ਕਮੇਟੀ ਦਾ ਜੱਥਾ ਲੈ ਕੇ ਪਾਕਿਸਤਾਨ ਗਏ ਸਨ ਨੇ ਵੀ ਨਨਕਾਣਾ ਸਾਹਿਬ ਨੂੰ ਛੇਵਾਂ ਤਖ਼ਤ ਬਣਾਉਣ ਦੀ ਪ੍ਰੋੜਤਾ ਕੀਤੀ ਹੈ। ਉਨਾਂ ਤੋ ਪਹਿਲਾਂ ਵੀ ਬਹੁਤ ਸਾਰੇ ਵਿਅਕਤੀਆ ਨੇ ਉਪਰਾਲੇ ਕੀਤੇ ਹਨ।