ਯੂਜੀਸੀ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਦੀ ਗ੍ਰਾਂਟ ਰੋਕੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੰਘ ਪ੍ਰਵਾਰ ਦੀਆਂ ਨੀਤੀਆਂ 'ਤੇ ਚਲਦਿਆਂ ਯੂਜੀਸੀ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਦੀ ਗ੍ਰਾਂਟ ਰੋਕੀ ਹੋਈ ਹੈ...

Shri Guru Nanak Dev University

ਤਰਨਤਾਰਨ : ਸੰਘ ਪ੍ਰਵਾਰ ਦੀਆਂ ਨੀਤੀਆਂ 'ਤੇ ਚਲਦਿਆਂ ਯੂਜੀਸੀ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਦੀ ਗ੍ਰਾਂਟ ਰੋਕੀ ਹੋਈ ਹੈ। ਅਫ਼ਸੋਸਨਾਕ ਪਹਿਲੂ ਇਹ ਵੀ ਹੈ ਕਿ ਕੇਂਦਰ ਵਿਚ ਬੈਠੇ ਪੰਜਾਬ ਦੇ ਅਕਾਲੀ ਇਸ ਮਾਮਲੇ 'ਤੇ ਚੁੱਪ ਧਾਰੀ ਬੈਠੇ ਹਨ। ਜਾਣਕਾਰੀ ਮੁਤਾਬਕ ਦਸੰਬਰ 2016 ਵਿਚ ਯੂਜੀਸੀ ਦੀ ਰੀਵਿਊ ਕਮੇਟੀ ਦੀ ਟੀਮ ਨੇ ਇਸ ਕੇਂਦਰ ਦਾ ਦੌਰਾ ਕੀਤਾ ਸੀ ਤੇ ਕੇਂਦਰ ਵਿਚ ਕੀਤੇ ਜਾ ਰਹੇ ਖੋਜ ਕਾਰਜਾਂ ਦੀ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ ਸੀ।

ਇਥੋਂ ਤਕ ਕਿ ਰੀਵਿਊ ਕਮੇਟੀ ਦੇ ਮੁਖੀ ਨੇ ਇਹ ਵੀ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਦਾ ਕੰਮ ਲਾਹੇਵੰਦ ਹੈ ਤੇ ਪੰਜ ਸਾਲ ਦੇ ਕਾਰਜਕਾਲ ਵਿਚ ਖੋਜ ਕਾਰਜਾਂ ਵਿਚ ਜੋ ਸ਼ਲਾਘਾਯੋਗ ਕੰਮ ਹੋਏ ਹਨ ਉਹ ਬੇਮਿਸਾਲ ਹਨ। ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਟੀ ਨੂੰ ਸਾਲ 2011 ਵਿਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ 47 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ ਜਿਸ ਵਿਚੋਂ ਹੁਣ ਤਕ ਸਿਰਫ਼ 17 ਕਰੋੜ ਰੁਪਏ ਹੀ ਖੋਜ ਕੇਂਦਰ ਨੂੰ ਮਿਲੇ ਹਨ।

ਬਾਕੀ 30 ਕਰੋੜ ਰੁਪਏ ਕਿਥੇ ਗਏ ਜਾਂ ਕਦੋਂ ਮਿਲਣਗੇ ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ। ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਘੱਟ ਗਿਣਤੀਆਂ ਪ੍ਰਤੀ ਜੋ ਨੀਤੀ ਹੈ ਉਸ ਨੂੰ ਦੇਖ ਕੇ ਨਹੀਂ ਲੱਗਦਾ ਕਿ ਇਸ ਕੇਂਦਰ ਨੂੰ ਰਹਿੰਦੀ ਗ੍ਰਾਂਟ ਦੀ ਰਾਸ਼ੀ ਜਾਰੀ ਹੋਵੇ। ਇਸ ਮਾਮਲੇ 'ਤੇ ਪੰਜਾਬ ਸਰਕਾਰ ਦਾ ਰੋਲ ਬਹੁਤ ਵਧੀਆ ਰਿਹਾ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਾਰਜਾਂ ਲਈ ਪੰਜਾਬ ਸਰਕਾਰ ਨੇ ਪੰਜਾਬ ਦੇ ਉਨ੍ਹਾਂ ਪਿੰਡਾਂ ਜਿਥੇ -ਜਿਥੇ ਗੁਰੂ ਸਾਹਿਬ ਅਪਣੇ ਜੀਵਨ ਕਾਲ ਵਿਚ ਗਏ ਸਨ, ਦਾ ਵੇਰਵਾ ਇੱਕਠਾ ਕਰਵਾਉਣ ਦਾ ਕੰਮ ਇਸ ਕੇਂਦਰ ਨੂੰ ਸੌਂਪਿਆ ਸੀ ਜਿਸ ਲਈ ਜਾਰੀ ਰਾਸ਼ੀ ਤੁਰਤ ਭੇਜ ਦਿਤੀ ਗਈ। ਜਾਣਕਾਰੀ ਮੁਤਾਬਕ ਇਸ ਖੋਜ ਕੇਂਦਰ ਵਲੋਂ 550 ਸਾਲਾ ਪੁਰਬ ਨੂੰ ਸਮਰਪਿਤ ਕਈ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਗੁਰਬਾਣੀ ਦੀ ਨਿਯਮਾਂਵਲੀ, ਲਗ ਮਾਤਰਾ ਅਤੇ ਵਿਆਕਰਨ ਅਤੇ ਨਿਤਨੇਮ ਦੀਆਂ ਬਾਣੀਆਂ ਦਾ ਵਿਗਿਆਨਕ ਪੱਖ ਤੋਂ ਅਰਥ ਕਰਨਾ ਸ਼ਾਮਲ ਹੈ।