ਦਿੱਲੀ ਵਿਚ ਸਰਕਾਰੀ ਕਮਿਸ਼ਨਾਂ ਦੀਆਂ ਰੀਪੋਰਟਾਂ ਸਾੜ ਕੇ, ਸਿੱਖ ਕਤਲੇਆਮ ਪੀੜਤਾਂ ਨੇ ਪ੍ਰਗਟਾਇਆ ਰੋਸ
1984 ਸਿੱਖ ਕਤਲੇਆਮ ਨੂੰ ਭਾਰਤੀ ਜਮਹੂਰੀਅਤ ਦੇ ਮੱਥੇ 'ਤੇ ਬਦਨੁਮਾ ਧੱਬਾ ਦਸਿਆ
ਨਵੀਂ ਦਿੱਲੀ : ਦਿੱਲੀ ਵਿਚ ਸਿੱਖਾਂ ਤੇ ਹੋਰ ਇਨਸਾਫ਼ ਪਸੰਦ ਲੋਕਾਂ ਨੇ ਸਾਂਝੇ ਤੌਰ 'ਤੇ ਨਵੰਬਰ 1984 ਕਤਲੇਆਮ ਬਾਰੇ ਹੁਣ ਤਕ ਬਣੇ ਪੜਤਾਲੀਆ ਕਮਿਸ਼ਨਾਂ ਦੀਆਂ ਰੀਪੋਰਟਾਂ ਸਾੜ ਕੇ, 35 ਸਾਲ ਪਹਿਲਾਂ ਦੇਸ਼ ਪੱਧਰ 'ਤੇ ਹੋਏ ਕਤਲੇਆਮ ਨੂੰ ਭਾਰਤੀ ਜ਼ਮਹੂਰੀਅਤ 'ਤੇ ਬਦਨੁਮਾ ਧੱਬੇ ਵਜੋਂ ਯਾਦ ਕੀਤਾ। ਰੋਸ ਵਿਚ ਆਏ ਪੀੜਤ ਸਾਊਥ ਬਲਾਕ ਜਾ ਕੇ, ਪ੍ਰਧਾਨ ਮੰਤਰੀ ਦਫ਼ਤਰ ਮੰਗ ਪੱਤਰ ਦੇਣਾ ਚਾਹੁੰਦੇ ਸਨ, ਪਰ ਸਾਰਿਆਂ ਨੂੰ ਪੁਲਿਸ ਹੈੱਡ ਕੁਆਰਟਰ ਆਈ.ਟੀ.ਓ ਕੋਲ ਹੀ ਰੋਕ ਦਿਤਾ ਗਿਆ।
ਪੀੜਤਾਂ ਦੀ ਅਗਵਾਈ ਕਰ ਰਹੇ ਆਲ ਇੰਡੀਆ ਸਿੱਖ ਕਾਨਫ਼ਰੰਸ ਦੇ ਪ੍ਰਧਾਨ ਸ.ਗੁਰਚਰਨ ਸਿੰਘ ਬੱਬਰ ਨੇ ਰੋਸ ਜ਼ਾਹਰ ਕਰਦਿਆਂ ਕਿਹਾ,“35 ਸਾਲ ਪਿਛੋਂ ਇਕ ਦੋਸ਼ੀ ਸੱਜਣ ਕੁਮਾਰ ਨੂੰ ਸੀਖਾਂ ਪਿਛੇ ਡੱਕ ਕੇ, ਇਹ ਨਾ ਸੋਚਿਆ ਜਾਵੇ ਕਿ ਸਿੱਖ ਸ਼ਾਂਤ ਹੋ ਜਾਣਗੇ। ਸਿੱਖ ਕਦੇ ਨਹੀਂ ਭੁਲਾ ਸਕਦੇ ਕਿ ਸੈਂਕੜੇ ਗੁਰਦਵਾਰਿਆਂ ਨੂੰ ਅੱਗਾਂ ਲਾਈਆਂ ਗਈਆਂ, ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਦੀ ਬੇਹੂਰਮਤੀ ਕੀਤੀ ਗਈ, ਸੈਂਕੜੇ ਔਰਤਾਂ ਦੇ ਬਲਾਤਕਾਰ ਕੀਤੇ ਗਏ ਅਤੇ ਸਿੱਖਾਂ ਦੀ ਅਰਬਾਂ ਦੀ ਜਾਇਦਾਦਾਂ ਦੀ ਸਾੜ ਫੂਕ ਕੀਤੀ ਗਈ।
ਇਸ ਘਿਨਾਉਣੇ ਕਾਰੇ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿਤੀਆਂ ਜਾਣ।'' ਸਿੱਖ ਕਤਲੇਆਮ ਦੇ ਦੋਸ਼ੀ ਰਹੇ ਐਚ.ਕੇ.ਐਲ. ਭਗਤ ਵਿਰੁਧ ਮੁੱਖ ਗਵਾਹ ਰਹੀ ਬੀਬੀ ਦਰਸ਼ਨ ਕੌਰ ਨੇ ਕਿਹਾ, 35 ਸਾਲ ਹੋ ਚੁਕੇ ਹਨ, ਸਿਰਫ਼ ਇਕ ਸੱਜਣ ਕੁਮਾਰ ਨੂੰ ਬੰਦ ਕਰਨ ਨਾਲ ਤਾਂ ਇਨਸਾਫ਼ ਨਹੀਂ ਮਿਲ ਸਕਦਾ। ਤ੍ਰਿਲੋਕਪੁਰੀ ਵਿਚ ਤਿੰਨ ਦਿਨ ਤਕ ਸਿੱਖਾਂ ਨੂੰ ਵੱਢਿਆ ਜਾਂਦਾ ਰਿਹਾ। ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੀੜਤਾਂ ਨੂੰ ਇਨਸਾਫ਼ ਦੇਵੇ। ਸੁਪਰੀਮ ਕੋਰਟ ਦੇ ਵਕੀਲ ਏ.ਪੀ.ਸਿੰਘ ਨੇ ਕਿਹਾ, “ਮੋਦੀ ਜੀ ਮਨ ਦੀ ਬਾਤ ਤਾਂ ਕਰਦੇ ਹਨ, ਉਨ੍ਹਾਂ ਨੂੰ ਪੀੜਤਾਂ ਦੀ ਗੱਲ ਸੁਨਣੀ ਚਾਹੀਦੀ ਹੈ। ਕਤਲੇਆਮ ਬਾਰੇ ਆਖ਼ਰ ਕਿਉਂ ਪਾਰਲੀਮੈਂਟ ਤੇ ਸੁਪਰੀਮ ਕੋਰਟ ਚੁੱਪ ਹਨ?”
84 ਪੀੜਤਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਵਿਖੇ ਮੰਗ ਪੱਤਰ ਦੇ ਕੇ, 84 ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਨਾਲ ਮੰਗ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਪੁਰਾਣੇ ਇਤਿਹਾਸਕ ਅਸਥਾਨ ਗੁਰਦਵਾਰਾ ਗਿਆਨ ਗੋਦੜੀ ਜਿਸ ਨੂੰ ਮਲੀਆਮੇਟ ਕਰ ਦਿਤਾ ਗਿਆ ਹੋਇਆ ਹੈ, ਗੁਰੂ ਨਾਨਕ ਜੀ ਦੇ 550 ਵੇਂ ਪੁਰਬ ਮੌਕੇ ਸਿੱਖ ਪੰਥ ਹਵਾਲੇ ਕੀਤਾ ਜਾਵੇ।