ਸਾਲ 2018 ਨਹੀਂ ਰਿਹਾ ਬਾਦਲ ਅਕਾਲੀ ਦਲ ਲਈ ਚੰਗਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਹ ਸਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਧਾਰਮਕ ਤੇ ਸਿਆਸੀ ਭੁੱਲਾਂ ਕਰਦਿਆਂ ਤੇ ਬਖ਼ਸ਼ਾਉਂਦਿਆਂ ਲੰਘ ਗਿਆ...

Shiromani Akali Dal - Rozana Spokesman

ਰੂਪਨਗਰ, (ਕੁਲਵਿੰਦਰ ਜੀਤ ਸਿੰਘ): 14 ਦਸੰਬਰ 1921 ਨੂੰ ਸਥਾਪਤ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ ਜੋ ਹਾਲ ਸਾਲ 2018 ਵਿਚ ਰਿਹਾ, ਇਸ ਤੋਂ ਲੱਗਦਾ ਹੈ ਕਿ ਅਕਾਲੀ ਦਲ ਜਿਸ ਮੰਤਵ ਲਈ ਬਣਿਆ ਸੀ ਉੁਹ 100 ਸਾਲਾਂ ਜਸ਼ਨ ਤਕ ਕਾਇਮ ਨਹੀਂ ਰਹਿ ਸਕੇਗਾ। ਇਹ ਸਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਬਹੁਤ ਹੀ ਜਦੋ ਜਹਿਦ ਵਾਲਾ ਰਿਹਾ ਅਤੇ ਇੰਨੀ ਜਦੋ ਜਹਿਦ ਕਰ ਕੇ ਵੀ ਅਕਾਲੀ ਦਲ ਅਪਣੀ ਸ਼ਾਖ ਬਚਾਉਣ ਵਿਚ ਕਾਮਯਾਬ ਨਹੀਂ ਹੋ ਸਕਿਆ ਅਤੇ ਅੰਤ ਵਿਚ ਦੋ ਫਾੜ ਹੋ ਗਿਆ। 


ਭਾਵੇਂ ਕਿ ਪਿਛਲੇ ਲੰਘੇ 10 ਸਾਲ ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋਹ ਵੱਸ ਹੋ ਕੇ ਅਪਣੇ ਪੁੱਤਰ ਨੂੰ ਮੁੱਖ ਮੰਤਰੀ ਬਣਾਉਣ ਦਾ ਯਤਨ ਕਰਦੇ ਰਹੇ, ਪਰ ਸਰਕਾਰ ਵਿਚ ਉਹ ਕਾਮਯਾਬੀ ਤਾਂ ਹਾਸਲ ਨਹੀਂ ਕਰ ਸਕੇ ਸਗੋਂ ਉਦੋਂ ਦੀਆਂ ਕੀਤੀਆਂ ਗ਼ਲਤੀਆਂ ਦੇ ਭੁਗਤਾਨ ਸਾਲ 2018 ਵਿਚ ਕਰਦੇ ਰਹੇ। ਜੇਕਰ ਗੱਲ ਕਰੀਏ ਸਿਆਸੀ ਚੋਣਾਂ ਦੀ ਤਾਂ ਇਸ ਸਾਲ ਬਲਾਕ ਸੰਮਤੀਆਂ ਤਾਂ ਅਕਾਲੀ ਦਲ ਬੁਰੀ ਤਰ੍ਹਾਂ ਨਾਲ ਹਾਰ ਹੀ ਗਿਆ ਹੁਣ ਪੰਚਾਇਤੀ ਚੋਣਾਂ ਦੇ ਨਤੀਜੇ ਵੀ ਹੱਕ ਵਿਚ ਨਾ ਰਹੇ। ਦੂਸਰੇ ਪਾਸੇ ਕਰਤਾਰਪੁਰ ਲਾਂਘੇ ਦੀ ਸਾਰੀ ਵਾਹ ਵਾਹ ਨਵਜੋਤ ਸਿੰਘ ਸਿੱਧੂ ਨੇ ਖੱਟ ਲਈ।

ਜੇ ਬੀਬੀ ਹਰਸਿਮਰਤ ਕੌਰ ਬਾਦਲ ਉਸ ਸਮਾਗਮ ਵਿਚ ਪੁੱਜੀ ਤਾਂ ਸੋਸ਼ਲ ਮੀਡੀਆ 'ਤੇ ਉਸ ਦਾ ਵੀ ਖਾਸਾ ਮਜ਼ਾਕ ਬਣਾਇਆ ਗਿਆ। ਇਸੇ ਸਾਲ ਵਿਚ ਹੀ 28 ਅਗੱਸਤ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਦੇ ਬੁਲਾਏ ਵਿਸ਼ੇਸ਼ ਸੈਸ਼ਨ ਦਾ ਅਕਾਲੀ ਦਲ ਵਲੋਂ ਬਾਈਕਾਟ ਕਰ ਕੇ ਇਕ ਹੋਰ ਵੱਡੀ ਗ਼ਲਤੀ ਕੀਤੀ ਗਈ ਅਤੇ ਵਿਰੋਧੀ ਵਿਧਾਇਕਾਂ ਵਲੋਂ ਖੁਲ੍ਹਾ ਸਮਾਂ ਲੈ ਕੇ ਇਨ੍ਹਾਂ ਨੂੰ ਰੱਜ ਕੇ ਖਰੀਆਂ ਖੋਟੀਆਂ ਸੁਣਾਈਆਂ ਜਿਸ ਦਾ ਸਿੱਧਾ ਪ੍ਰਸਾਰਣ ਟੈਲੀਵੀਜ਼ਨ 'ਤੇ ਚਲਿਆ ਅਤੇ ਸੱਭ ਨੇ ਸੁਣਿਆ।

ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਦਾ ਸਿੱਧਾ ਵਿਰੋਧ ਕਰ ਕੇ ਵੀ ਅਕਾਲੀ ਦਲ ਕੁੱਝ ਪ੍ਰਾਪਤ ਨਾ ਕਰ ਸਕਿਆ। ਦੂਸਰੇ ਪਾਸੇ ਬਰਗਾੜੀ ਵਿਚ ਲੱਗੇ ਧਰਨਿਆਂ ਨੇ ਇਨ੍ਹਾਂ ਦੇ ਪੰਥਕ ਹੋਣ ਦੇ ਦਾਅਵਿਆਂ ਨੂੰ ਹੋਰ ਲੁੱਸ ਕੀਤਾ। ਹਰ ਵਾਰ ਧਾਰਮਕ ਗ਼ਲਤੀਆਂ ਕਰਨ ਤੇ ਇਨ੍ਹਾਂ ਦੇ ਪਰਦੇ ਕੱਜਣ ਵਾਲੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪਣੀ ਢੀਠਤਾਈ ਛਡਦਿਆਂ ਸੰਗਤਾਂ ਦੇ ਵਿਰੋਧ ਕਾਰਨ ਅਪਣੇ ਅਹੁਦੇ ਤੋਂ ਪਾਸੇ ਹੋਣਾ ਪਿਆ ਜਾਂ ਇੰਜ ਕਹਿ ਲਈਏ ਕਿ ਅਕਾਲੀ ਦਲ ਦੀਆਂ ਗ਼ਲਤੀਆਂ ਨੂੰ ਕੱਜਦਿਆਂ ਗਿਆਨੀ ਗੁਰਬਚਨ ਸਿੰਘ ਦੀ ਬਲੀ ਹੋਈ ਤਾਂ ਇਹ ਕੋਈ ਅੱਤ ਕਥਨੀ ਨਹੀਂ ਹੋਵੇਗਾ।

18 ਅਕਤੂਬਰ ਨੂੰ ਗਿਆਨੀ ਗੁਰਬਚਨ ਸਿੰਘ ਨੇ ਅਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਅਤੇ 23 ਅਕਤੂਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਗਾ ਦਿਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵਿਚ ਟਕਸਾਲੀਆਂ ਦੀ ਕਦਰ ਨਾ ਹੋਣ ਦਾ ਮੁੱਦਾ ਵੀ ਭਾਰੂ ਰਿਹਾ ਅਤੇ ਅਖ਼ੀਰ 16 ਦਸੰਬਰ ਨੂੰ ਅਕਾਲੀ ਦਲ ਟਕਸਾਲੀ ਬਣਾਉਣ ਦਾ ਬਾਗ਼ੀ ਅਕਾਲੀਆਂ ਵਲੋਂ ਐਲਾਨ ਕਰ ਦਿਤਾ ਗਿਆ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਇਸ ਦਾ ਪਹਿਲਾ ਪ੍ਰਧਾਨ ਥਾਪਿਆ ਗਿਆ। 

ਅੰਤ ਵਿਚ ਇਕ ਵਾਰ ਫਿਰ ਅਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਸ੍ਰ. ਪ੍ਰਕਾਸ਼ ਸਿੰਘ ਬਾਦਲ ਵਲੋਂ ਮਾਫ਼ੀ ਵਾਲੀ ਘਾੜਤ ਘੜੀ ਗਈ ਜੋ ਕਿ ਫਿਰ ਇਨ੍ਹਾਂ ਨੂੰ ਪੁੱਠੀ ਪੈ ਗਈ ਅਤੇ ਅੰਤ ਤਕ ਇਹ ਨਾ ਦਸ ਸਕੇ ਕਿ ਇਹ ਮਾਫ਼ੀ ਕਿੰਨਾਂ ਕੀਤੀਆਂ ਗ਼ਲਤੀਆਂ ਲਈ ਮੰਗੀ ਗਈ ਸੀ। ਜੇਕਰ ਸਾਰਾ ਸਾਲ ਗਹੁ ਨਾਲ ਵੇਖੀਏ ਤਾਂ ਅਕਾਲੀ ਦਲ ਬਾਦਲ ਦਾ ਪੂਰਾ ਸਾਲ ਸਿਆਸੀ ਤੇ ਧਾਰਮਕ ਗ਼ਲਤੀਆਂ ਕਰਦਿਆਂ ਅਤੇ ਉਨ੍ਹਾਂ ਦੀਆਂ ਭੁੱਲਾਂ ਬਖ਼ਸ਼ਾਉਂਦਿਆਂ ਲੰਘ ਗਿਆ, ਪਰ ਹਾਸਲ ਕੁੱਝ ਵੀ ਨਾ ਹੋਇਆ ਅਤੇ ਅਕਾਲੀ ਦਲ ਵੀ ਟੁੱਟ ਗਿਆ। ਹੁਣ ਵੀ ਅਕਾਲੀ ਦਲ ਨੇ ਜੇਕਰ ਇਸ ਤੋਂ ਸਬਕ ਨਾ ਲਿਆ ਤਾਂ ਸ਼ਾਇਦ ਹੀ ਅਕਾਲੀ ਦਲ ਅਪਣੇ 100 ਸਾਲਾਂ ਜਸ਼ਨ ਮਨਾ ਸਕੇ।