ਹੁਣ ਸ਼੍ਰੋਮਣੀ ਅਕਾਲੀ ਦਲ ਰਾਮ ਮੰਦਰ ਬਣਾਉਣ 'ਚ ਕਰੇਗਾ ਮਦਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਬਾਦਲ ਦੀਆਂ ਅੱਜ ਵੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਚ ਅਪਣੀਆਂ ਪਿਛਲੀਆਂ ਕੀਤੀਆਂ ਭੁੱਲਾਂ ਬਖ਼ਸ਼ਾਉਣ ਲਈ ਜੋੜੇ ਸਾਫ਼ ਕਰ ਰਿਹਾ ਹੈ..........

Shiromani Akali Dal will help in constructing Ram temple : Prem Singh Chandumajra

ਰੂਪਨਗਰ : ਅਕਾਲੀ ਦਲ ਬਾਦਲ ਦੀਆਂ ਅੱਜ ਵੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਚ ਅਪਣੀਆਂ ਪਿਛਲੀਆਂ ਕੀਤੀਆਂ ਭੁੱਲਾਂ ਬਖ਼ਸ਼ਾਉਣ ਲਈ ਜੋੜੇ ਸਾਫ਼ ਕਰ ਰਿਹਾ ਹੈ ਅਤੇ ਨਵੀਆਂ ਭੁੱਲਾਂ ਕਰਨ ਦੀ ਤਿਆਰੀ ਵੀ ਨਾਲੋ ਨਾਲ ਕਰ ਰਿਹਾ ਹੈ। ਜੇਕਰ ਰੂਪਨਗਰ ਵਿਚ ਸ੍ਰੀ ਰਾਮ ਜਨਮ ਭੂਮੀ ਨਿਆਸ ਸਮਿਤੀ ਵਲੋਂ ਕਰਵਾਏ ਗਏ ਸਮਾਗਮ ਨੂੰ ਵੇਖ ਕੇ ਮੰਨੀਏ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਰਾਮ ਮੰਦਰ ਵੀ ਬਣਾਏਗਾ ਅਤੇ ਇੰਨੇ ਚਿਰ ਤੋਂ ਜਿਹੜਾ ਅਕਾਲੀ ਦਲ ਇਹ ਕਹਿੰਦਾ ਨਹੀਂ ਥਕਦਾ ਸੀ ਕਿ ਸਾਡੀ ਆਰ.ਐਸ.ਐਸ. ਨਾਲ ਕੋਈ ਸਾਂਝ ਨਹੀਂ ਹੈ,

ਉਸੇ ਅਕਾਲੀ ਦਲ ਦੇ ਟਕਸਾਲੀ ਆਗੂ ਅਤੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਨਾ ਸਿਰਫ਼ ਆਰ.ਐਸ.ਐਸ. ਦੀ ਸਟੇਜ 'ਤੇ ਹਾਜ਼ਰੀ ਲਗਵਾਈ ਸਗੋਂ ਰਾਮ ਮੰਦਰ ਦੇ ਗੁਣਗਾਣ ਵੀ ਕੀਤੇ ਅਤੇ ਰਾਮ ਮੰਦਰ ਵਿਚਲੀਆਂ ਹਿੰਦੂ ਸਮਾਜ ਦੀਆਂ ਭਾਵਨਾਵਾਂ ਵੀ ਪੂਰੀਆਂ ਕਰਨ ਨੂੰ ਕਿਹਾ। ਦਸਣਾ ਬਣਦਾ ਹੈ ਕਿ ਬੀਤੇ ਸਨਿਚਰਵਾਰ ਨੂੰ ਰੂਪਨਗਰ ਵਿਚ ਰਾਮ ਲੀਲਾ ਗਰਾਉੂਂਡ ਵਿਚੋਂ ਇਕ ਰੱਥ ਯਾਤਰਾ ਕੱਢੀ ਗਈ ਜਿਸ ਵਿਚ ਆਰ ਐਸ.ਐਸ. ਦੇ ਜ਼ਿਲ੍ਹਾ ਪ੍ਰਚਾਰਕ ਦੀਪਕ ਸ਼ਰਮਾ ਅਤੇ ਹੋਰ ਵੀ ਆਰ.ਐਸ.ਐਸ. ਨਾਲ ਸਬੰਧਤ ਸ਼ਾਖ਼ਾਵਾਂ ਤੇ ਭਾਜਪਾ ਆਗੂ ਪੁੱਜੇ

ਜਿਸ ਵਿਚ ਸਮਿਤੀ ਦੇ ਇੰਚਾਰਜ ਬੋਧ ਰਾਜ ਕਾਲੀਆਂ ਵਲੋਂ ਕੇਸਰੀ ਦਸਤਾਰ ਬੰਨ੍ਹੀ ਹੋਈ ਸੀ। ਇਨ੍ਹਾਂ ਵਲੋਂ ਸ਼ਹਿਰ ਵਿਚ ਇਕ ਸ਼ੋਭਾ ਯਾਤਰਾ ਵੀ ਕੱਢੀ ਗਈ ਅਤੇ ਲੋਕ ਸਭਾ ਮੈਂਬਰ ਚੰਦੂਮਾਜਰਾ ਨੂੰ ਇਕ ਮੰਗ ਪੱਤਰ ਦਿਤਾ। ਦਸਣਾ ਬਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਵਲੋਂ ਲੋਕ ਸਭਾ ਚੋਣਾਂ ਦੇ ਲਾਗੇ ਆਉਂਦਿਆ ਹੀ ਅਯੋਧਿਆ ਵਿਚ ਰਾਮ ਮੰਦਰ ਬਣਾਉਣ ਦੇ ਮੁੱਦੇ ਨੂੰ ਤੂਲ ਦੇਣੀ ਸ਼ੁਰੂ ਕਰ ਦਿਤੀ ਹੈ, ਪਰ ਇਸ ਵਾਰ ਇਸ ਮਸਲੇ ਵਿਚ ਆਰ.ਐਸ.ਐਸ. ਵਲੋਂ ਕਥਿਤ ਤੌਰ 'ਤੇ ਇਕ ਸਾਜ਼ਸ਼ ਤਹਿਤ ਮੁਸਲਮਾਨਾਂ ਦੇ ਸਾਹਮਣੇ ਸਿੱਖਾਂ ਨੂੰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 

ਇਸ ਸਬੰਧੀ ਜਦੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਨੇ ਬੁਲਾਇਆ ਸੀ ਅਤੇ ਇਹ ਲੋਕ ਪੂਰੇ ਭਾਰਤ ਵਿਚ ਅਪਣੇ ਮੈਮੋਰੰਡਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਆਰ.ਐਸ.ਐਸ. ਦੇ ਜ਼ਿਲ੍ਹਾ ਪ੍ਰਚਾਰਕ ਵਿਚ ਉਥੇ ਸਨ। ਰਾਮ ਮੰਦਰ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਸਟੈਂਡ ਬਾਰੇ ਉਹ ਕੋਈ ਸਪੱਸ਼ਟ ਜਵਾਬ ਨਾ ਦੇ ਸਕੇ ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਕੋਰਟ ਵਿਚ ਹੈ। 

Related Stories