ਜਿਸ ਨੇ ਬੇਅਦਬੀ ਅਤੇ ਗੋਲੀਕਾਂਡ ਮਾਮਲੇ ’ਤੇ ਸਿਆਸਤ ਕੀਤੀ, ਉਸ ਦਾ ਹਸ਼ਰ ਮਾੜਾ ਹੋਵੇਗਾ- ਸੁਖਰਾਜ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਇਨਸਾਫ ਨਾ ਮਿਲਣ ਕਾਰਨ ਸਿੱਖਾਂ ਅਤੇ ਪੀੜਤ ਪਰਿਵਾਰਾਂ ਵਿਚ ਭਾਰੀ ਰੋਸ ਹੈ।

Sukhraj Singh

ਫਰੀਦਕੋਟ (ਸੁਖਜਿੰਦਰ ਸਹੋਤਾ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਕਈ ਸਾਲਾਂ ਬਾਅਦ ਵੀ ਇਨਸਾਫ ਨਾ ਮਿਲਣ ਕਾਰਨ ਸਿੱਖਾਂ ਅਤੇ ਪੀੜਤ ਪਰਿਵਾਰਾਂ ਵਿਚ ਭਾਰੀ ਰੋਸ ਹੈ। ਇਸ ਦੌਰਾਨ ਪੀੜਤ ਪਰਿਵਾਰਾਂ ਵਲੋਂ ਮੁੜ ਤੋਂ ਇਨਸਾਫ ਲਈ ਮੋਰਚਾ ਲਗਾਇਆ ਗਿਆ ਹੈ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਬਹਿਬਲ ਕਲਾਂ ਗੋਲੀਕਾਂਡ ਦੌਰਾਨ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨੇ ਕਿਹਾ ਕਿ ਸਾਨੂੰ ਸਰਕਾਰਾਂ ਦੀ ਨਾਲਾਇਕੀ ਕਾਰਨ ਇਹ ਮੋਰਚਾ ਮੁੜ ਤੋਂ ਸ਼ੁਰੂ ਕਰਨਾ ਪਿਆ।

ਉਹਨਾਂ ਕਿਹਾ ਕਿ ਬੇਅਦਬੀ ਨੂੰ ਲੈ ਕੇ ਸੰਗਤਾਂ ਵਿਚ ਅੱਜ ਵੀ ਦਰਦ ਅਤੇ ਰੋਸ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਹੋਰ ਤਿੱਖਾ ਹੋਵੇਗਾ। ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਜਿਹੜਾ ਵੀ ਇਸ ਮੁੱਦੇ ’ਤੇ ਸਿਆਸਤ ਕਰੇਗਾ, ਉਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜ ਸਾਲ ਪਹਿਲਾਂ ਇਸ ਮੁੱਦੇ ਨੂੰ ਲੈ ਕੇ ਹੀ ਸਰਕਾਰ ਬਣਾਈ ਗਈ ਸੀ ਪਰ ਸਰਕਾਰ ਨੇ ਕੋਈ ਇਨਸਾਫ ਨਹੀਂ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਅੱਜ ਵੀ ਸਿਆਸਤਦਾਨ ਵੋਟਾਂ ਲਈ ਡੇਰਿਆਂ ਵਿਚ ਜਾ ਰਹੇ ਹਨ।

ਸੁਖਰਾਜ ਸਿੰਘ ਨੇ ਕਿਹਾ ਕਿ ਜਿਸ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ’ਤੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ, ਉਸ ਦਾ ਮੰਦਾ ਹਾਲ ਹੀ ਹੋਇਆ ਹੈ ਅਤੇ ਅੱਗੇ ਵੀ ਹੋਵੇਗਾ। ਅੱਜ ਕੈਪਟਨ ਅਮਰਿੰਦਰ ਸਿੰਘ ਦੀ ਹਾਲਤ ਜੱਗ ਜਾਹਰ ਹੈ। ਉਹਨਾਂ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਮੰਤਰੀ ਬਣਿਆਂ 2 ਮਹੀਨੇ ਹੋ ਗਏ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਮੋਰਚੇ ਵਲੋਂ ਪੰਜਾਬ ਭਰ ਵਿਚ ਪਿੰਡ ਪੱਧਰ ’ਤੇ ਟੀਮਾਂ ਬਣਾ ਕੇ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ ਅਤੇ ਉਹਨਾਂ ਕੋਲੋਂ ਸਵਾਲ ਪੁੱਛੇ ਜਾਣਗੇ।

ਸੁਖਰਾਜ ਸਿੰਘ ਨੇ ਕਿਹਾ ਕਿ ਜਦੋਂ ਬੇਅਦਬੀ ਹੋਈ ਸੀ ਤਾਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਸੀ ਪਰ ਕੇਂਦਰ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਜੇਕਰ ਅਸੀਂ ਇਨਸਾਫ ਲੈਣਾ ਹੈ ਤਾਂ ਸਾਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ, ਜੇਕਰ ਅਸੀਂ ਦੇਸ਼ ਦੀ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਵਾ ਸਕਦੇ ਹਾਂ ਤਾਂ ਫਿਰ ਸੂਬਾ ਸਰਕਾਰ ਤੋਂ ਇਨਸਾਫ ਕਿਉਂ ਨਹੀਂ ਲੈ ਸਕਦੇ।