ਅਮਿਤਾਬ ਬੱਚਨ ਕੋਲੋਂ 2 ਕਰੋੜ ਦਾ ਦਾਨ ਲੈਣਾ, ਉਸ ਨੂੰ 84 ਕਤਲੇਆਮ ਵਿਚੋਂ ਬਰੀ ਕਰਨ ਦੀ ਸਾਜ਼ਸ਼ : ਸ਼ੰਟੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਅਕਾਲ ਤਖ਼ਤ ਦੇ ਜਥੇਦਾਰ ਨੂੰ ਚਿੱਠੀ ਲਿਖ ਕੇ, ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਪੰਥ ਵਿਚੋਂ ਛੇਕਣ ਦੀ ਮੰਗ

Gurmeet Singh Shunty and Giani Harpreet Singh

ਨਵੀਂ ਦਿੱਲੀ (ਅਮਨਦੀਪ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਸ.ਗੁਰਮੀਤ ਸਿੰਘ ਸ਼ੰਟੀ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਭੇਜ ਕੇ, ਮੰਗ ਕੀਤੀ ਹੈ ਕਿ ਫ਼ਿਲਮ ਅਦਾਕਾਰ ਅਮਿਤਾਬ ਬੱਚਨ ਕੋਲੋਂ ਕੋਵਿਡ ਕੇਅਰ ਸੈਂਟਰ ਲਈ 2 ਕਰੋੜ ਦਾ ਦਾਨ ਲੈ ਕੇ ਦਿੱਲੀ ਕਮੇਟੀ ਪ੍ਰਬੰਧਕਾਂ ਨੇ ਸਿੱਖਾਂ ਦੇ ਹਿਰਦੇ ਦੁੱਖਾਏ ਹਨ, ਕਿਉਂਕਿ ਅਮਿਤਾਬ ਬੱਚਨ 1984 ਦੇ ਸਿੱਖ ਕਤਲੇਆਮ ਵਿਚ ਭੀੜ ਨੂੰ ਉਕਸਾਉਣ ਲਈ ਅਖੌਤੀ ਤੌਰ ’ਤੇ ਦੋਸ਼ੀ ਹੈ।

ਇਸ ਬਜ਼ਰ ਗੁਨਾਹ ਲਈ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ ਨੂੰ ਪੰਥ ਵਿਚੋਂ ਛੇਕਿਆ ਜਾਵੇ। ਸ. ਸ਼ੰਟੀ ਨੇ ਕਿਹਾ, 84 ਦੇ ਇਕ ਅਖੌਤੀ ਦੋਸ਼ੀ ਤੋਂ 2 ਕਰੋੜ ਦਾ ਦਾਨ ਲੈ ਕੇ, ਕਮੇਟੀ ਪ੍ਰਬੰਧਕਾਂ ਨੇ ਨਾ ਕੇਵਲ ਪੂਰੀ ਸਿੱਖ ਕੌਮ ਨੂੰ ਸ਼ਰਮਸਾਰ ਕੀਤਾ ਹੈ, ਬਲਕਿ 84 ਵਿਚ ਮਾਰੇ ਗਏ ਹਜ਼ਾਰਾਂ ਸਿੱਖਾਂ ਦਾ ਵੀ ਘੋਰ ਅਪਮਾਨ ਕੀਤਾ ਹੈ।

ਦਿੱਲੀ ਕਮੇਟੀ ਪ੍ਰਬੰਧਕਾਂ ਨੇ ਗਿਣੀ ਮਿਥੀ ਸਾਜ਼ਸ਼ ਅਧੀਨ ਅਮਿਤਾਬ ਬੱਚਨ ਕੋਲੋਂ 2 ਕਰੋੜ ਲੈ ਕੇ ਉਸ ਦੀ ਤਾਰੀਫ਼ ਕੀਤੀ ਹੈ ਤਾਕਿ ਸਿੱਖ ਅਮਿਤਾਬ ਬੱਚਨ ਦੇ ਸਿੱਖ ਨਸਲਕੁਸ਼ੀ ਵਿਚ ਸ਼ਾਮਲ ਹੋਣ ਨੂੰ ਭੁਲ ਜਾਣ। ਅਜਿਹਾ ਕਰ ਕੇ ਪ੍ਰਬੰਧਕਾਂ ਨੇ ਦੂਜੀ ਵੱਡੀ ਸਿੱਖ ਸੰਸਥਾ ਦਿੱਲੀ ਕਮੇਟੀ ਨੂੰ ਦੁਨੀਆਂ ਸਾਹਮਣੇ ਨੀਵਾਂ ਕੀਤਾ ਹੈ। ਉਨ੍ਹਾਂ ਲਿਖਿਆ ਹੈ, ‘ਇਕ ਦੋਸ਼ੀ ਤੋਂ 2 ਕਰੋੜ ਦੀ ਰਕਮ ਲੈਣਾ ਕਿਸੇ ਵੱਡੀ ਸਾਜ਼ਸ਼ ਵਲ ਇਸ਼ਾਰਾ ਕਰਦਾ ਹੈ।