ਅੱਜ ਦਾ ਹੁਕਮਨਾਮਾ (16 ਸਤੰਬਰ 2023)

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਧਨਾਸਰੀ ਮਹਲਾ ੪ ॥

Daily Hukamnama Sahib

 

ਧਨਾਸਰੀ ਮਹਲਾ ੪ ॥

ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥

ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥

ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥

ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥

ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥

ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥

ਹੇ ਮੇਰੀ ਜਿੰਦੇ! ਜੇਹੜਾ ਹਰੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਜੇਹੜਾ ਸਾਰੇ ਸੁਖ ਦੇਣ ਵਾਲਾ ਹੈ, ਜਿਸ ਦੇ ਵੱਸ ਵਿਚ (ਸ੍ਵਰਗ ਵਿਚ ਰਹਿਣ ਵਾਲੀ ਸਮਝੀ ਗਈ) ਕਾਮਧੇਨ ਹੈ ਉਸ ਅਜੇਹੀ ਸਮਰਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਹੇ ਮੇਰੇ ਮਨ! (ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਂਗਾ) ਤਦੋਂ ਸਾਰੇ ਸੁਖ ਹਾਸਲ ਕਰ ਲਏਂਗਾ।੧। ਹੇ ਮਨ! ਸਦਾ-ਥਿਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ। ਹੇ ਭਾਈ! ਸਰਬ-ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਲੋਕ ਪਰਲੋਕ ਵਿਚ ਇੱਜ਼ਤ ਖੱਟ ਲਈਦੀ ਹੈ।ਰਹਾਉ। ਹੇ ਭਾਈ! ਜਿਸ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿਚੋਂ ਹਰੇਕ ਕਿਸਮ ਦਾ ਝਗੜਾ-ਬਖੇੜਾ ਚਾਲੇ ਪਾ ਜਾਂਦਾ ਹੈ। (ਫਿਰ ਭੀ) ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ। ਹੇ ਭਾਈ! ਦਾਸ ਨਾਨਕ ਨੂੰ (ਤਾਂ) ਗੁਰੂ ਨੇ ਇਹ ਸਮਝ ਬਖ਼ਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।੨।੬।੧੨।