ਸੋ ਦਰ ਤੇਰਾ ਕੇਹਾ - ਕਿਸਤ - 37

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਆਸਾ ਮਹਲਾ ੧ ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ।।....

So Dar Tera Keha

ਆਸਾ ਮਹਲਾ ੧
ਤਿਤੁ ਸਰਵਰੜੈ ਭਈਲੇ ਨਿਵਾਸਾ
ਪਾਣੀ ਪਾਵਕੁ ਤਿਨਹਿ ਕੀਆ ।।

ਪੰਕਜੁ ਮੋਹ ਪਗੁ ਨਹੀ ਚਾਲੈ
ਹਮ ਦੇਖਾ ਤਹ ਡੂਬੀਅਲੇ।।੧।।
ਮਨ ਏਕੁ ਨ ਚੇਤਸਿ ਮੂੜ ਮਨਾ।।

ਹਰਿ ਬਿਸਰਤ ਤੇਰੇ ਗੁਣ ਗਲਿਆ।।੧।। ਰਹਾਉ ।।
ਨਾ ਹਉ ਜਤੀ ਸਤੀ ਨਹੀ ਪੜਿਆ
ਮੂਰਖ ਮੁਗਧਾ ਜਨਮੁ ਭਇਆ।।

ਪ੍ਰਣਵਤਿ ਨਾਨਕ ਤਿਨ ਕੀ ਸਰਣਾ
ਜਿਨ ਤੂ ਨਾਹੀ ਵੀਸਰਿਆ।।੨।।੩।।

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਪਾਦ ਕਰਨ ਵੇਲੇ ਇਕ ਤਰਤੀਬ ਜੋ ਅਪਣਾਈ ਗਈ ਹੈ, ਉਹ ਇਹ ਹੈ ਕਿ ਸੱਭ ਤੋਂ ਪਹਿਲਾਂ ਬਾਬੇ ਨਾਨਕ ਦੀ ਬਾਣੀ ਅੰਕਿਤ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਦਰਜਾਵਾਰ ਦੂਜੇ ਤੀਜੇ, ਚੌਥੇ, ਪੰਜਵੇਂ ਤੇ ਨੌਵੇਂ ਗੁਰੂ ਦੀ ਤੇ ਉਨ੍ਹਾਂ ਤੋਂ ਬਾਅਦ ਭਗਤਾਂ ਆਦਿ ਦੀ। ਭਗਤਾਂ ਦੀ ਬਾਣੀ ਵੀ ਇਕ ਖ਼ਾਸ ਤਰਤੀਬ ਵਿਚ ਹੀ ਦਿਤੀ ਗਈ ਹੋਈ ਹੈ।

ਪਰ ਸੋ ਪੁਰਖ ਵਾਲੇ ਭਾਗ ਵਿਚ ਇਹ ਤਰਤੀਬ ਤੋੜੀ ਗਈ ਹੈ ਤੇ ਬਾਬਾ ਨਾਨਕ ਦੇ ਸ਼ਬਦ ਤੋਂ ਉਪਰ ਚੌਥੇ ਅਤੇ ਪੰਜਵੇਂ ਗੁਰੂ ਦੇ ਸ਼ਬਦ ਰੱਖੇ ਗਏ ਹਨ। ਅਜਿਹਾ ਕਿਉਂ ਕੀਤਾ ਗਿਆ ਹੈ, ਇਸ ਬਾਰੇ ਕਿਸੇ ਵੀ ਵਿਦਵਾਨ ਨੇ ਖੁਲ੍ਹ ਕੇ ਗੱਲ ਨਹੀਂ ਕੀਤੀ ਤੇ ਕੇਵਲ ਇਹ ਨੁਕਤਾ ਨੋਟ ਕਰ ਕੇ ਹੀ ਚੁੱਪ ਧਾਰ ਲੈਣ ਨੂੰ ਠੀਕ ਸਮਝਿਆ ਹੈ। ਬਾਬੇ ਨਾਨਕ ਨੇ ਪਿਛਲੇ ਸ਼ਬਦ 'ਆਖਾ ਜੀਵਾ ਵਿਸਰੈ ਮਰਿ ਜਾਉ'' ਵਿਚ ਮਨੁੱਖ ਦੀਆਂ ਦੋ ਜਾਤਾਂ ਦੀ ਗੱਲ ਕੀਤੀ ਸੀ।

ਇਕ ਉਹ ਜੋ ਏਨੇ ਵੱਡੇ, ਦਿਆਲੂ ਤੇ ਦੁਨੀਆਂ ਦੇ ਮਾਲਕ, ਕਰਤਾ ਨੂੰ ਹਰ ਪਲ ਯਾਦ ਵਿਚ ਰਖਦੇ ਹਨ ।ਤੇ ਇਕ ਉਹ ਜੋ ਦੁਨੀਆਂ ਦੇ ਛਲਾਵੇ ਵਾਲੇ, ਖ਼ਤਮ ਹੋ ਜਾਣ ਵਾਲੇ ਸੁੱਖਾਂ ਵਿਚ ਖੱਚਿਤ ਹੋ ਕੇ, ਸੁੱਖਾਂ ਦੇ ਮਾਲਕ ਨੂੰ ਵਿਸਾਰ ਦੇਂਦੇ ਹਨ। ਉਸ ਸ਼ਬਦ ਦੀ ਅੰਤਮ ਤੁਕ ਵਿਚ ਅਪਣੀ ਗੱਲ ਨੂੰ ਦੁਹਰਾਉਂਦੇ ਹੋਏ ਕਹਿੰਦੇ ਹਨ, ਹਾਂ ਭਾਈ,ਉਹ ਨੀਵੀਂ ਜਾਤ ਵਾਲਾ ਹੀ ਹੁੰਦਾ ਹੈ ਜਿਹੜਾ ਉਸ ਇਕੋ ਇਕ ਸੱਚੇ ਨਾਮ ਤੋਂ ਬਿਨਾ ਜੀਵਨ ਗੁਜ਼ਾਰਦਾ ਹੈ।ਹੁਣ ਅਗਲੇ ਸ਼ਬਦ 'ਤਿਤੁ ਸਰਵਰੜੇ ਭਈਲੇ ਨਿਵਾਸਾ' ਵਿਚ ਬਾਬਾ ਨਾਨਕ ਉਸ 'ਕਮਜਾਤਿ' ਦੀ ਅੰਤਰ-ਦਸ਼ਾ ਦਾ ਅੱਗੇ ਵਰਨਣ ਕਰਦੇ ਹੋਏ ਦਸਦੇ ਹਨ।

ਕਿ ਉਸ ''ਨਾਵੈ ਬਾਝੁ ਸਨਾਤਿ'' (ਨਾਮ-ਵਿਹੂਣੇ, ਮਾੜੀ ਜਾਤ ਵਾਲੇ) ਦੀ ਹਾਲਤ ਇਸ ਤਰ੍ਹਾਂ ਹੈ ਜਿਵੇਂ ਇਕ ਵੱਡੇ ਸਮੁੰਦਰ ਵਿਚ ਇਕ ਆਦਮੀ ਫੱਸ ਗਿਆ ਹੋਵੇ।ਸਮੁੰਦਰ ਵੀ ਪਾਣੀ ਨਾਲ ਭਰਿਆ ਹੋਇਆ ਨਹੀਂ ਸਗੋਂ ਤ੍ਰਿਸ਼ਨਾ ਅਗਨ ਨਾਲ ਭਰਿਆ ਹੋਇਆ ਹੈ। ਪਾਣੀ 'ਚੋਂ ਤਾਂ ਬੰਦਾ ਬਾਹਰ ਨਿਕਲ ਸਕਦਾ ਹੈ ਪਰ ਤ੍ਰਿਸ਼ਨਾ ਅਗਨ 'ਚੋਂ ਬਾਹਰ ਕਿਵੇਂ ਆਵੇ? ਤ੍ਰਿਸ਼ਨਾ ਹੈ ਤਾਂ ਅੱਗ ਪਰ ਮਾਇਆ ਦਾ ਰੂਪ ਹੋਣ ਕਰ ਕੇ ਅਪਣੇ ਵਲ ਖਿੱਚਣ ਦੀ ਬੜੀ ਸ਼ਕਤੀ ਰਖਦੀ ਹੈ।ਇਹ ਅੱਗ ਮਨੁੱਖ ਨੂੰ ਸਾੜੀ ਜਾਂ ਮੁਕਾਈ ਵੀ ਜਾਂਦੀ ਹੈ ਪਰ ਮਨੁੱਖ ਨੂੰ ਪਤਾ ਵੀ ਨਹੀਂ ਲੱਗਣ ਦੇਂਦੀ। ਇਸੇ ਤ੍ਰਿਸ਼ਨਾ ਅਗਨ ਨੂੰ ਗੁਰਬਾਣੀ ਵਿਚ 'ਮਾਇਆ ਮਮਤਾ' ਵੀ ਕਿਹਾ ਹੈ।

ਜੋ 'ਵਿਣ ਦੰਤਾ ਖਾਈ' ਅਰਥਾਤ ਦੰਦਾਂ ਤੋਂ ਬਿਨਾਂ ਵੀ ਖਾ ਜਾਂਦੀ ਹੈ।ਇਥੇ ਤ੍ਰਿਸ਼ਨਾ ਜਾਂ ਲਾਲਚ ਦੇ ਛਲਾਵੇ ਵਾਲੇ ਰੂਪ ਦਾ ਜ਼ਿਕਰ ਕੀਤਾ ਗਿਆ ਹੈ ਜੋ 'ਨਾਮ ਵਿਹੂਣੇ' ਮਨੁੱਖ ਨੂੰ ਅਪਣੀ ਘੁੰਮਣਘੇਰੀ ਵਿਚ ਫਸਾ ਲੈਂਦਾ ਹੈ ਪਰ ਮਾਇਆ ਹੋਣ ਕਰ ਕੇ, ਮੋਹ ਦਾ ਚਿੱਕੜ ਮਨੁੱਖ ਨੂੰ ਪੈਰ ਹਿਲਾ ਸਕਣ ਦੀ ਤਾਕਤ ਵਰਤਣ ਜੋਗਾ ਵੀ ਨਹੀਂ ਛਡਦਾ। ਐਸੀ ਹਾਲਤ ਵਿਚ, ਮਨੁੱਖ ਦਾ, ਉਸ ਤ੍ਰਿਸ਼ਨਾ ਦੇ ਸਮੁੰਦਰ ਤੇ ਮੋਹ ਦੇ ਚਿੱਕੜ ਵਿਚ ਫੱਸ ਕੇ ਡੁਬ ਜਾਣਾ ਕੁਦਰਤੀ ਹੀ ਹੈ ਤੇ ਸਾਡੇ ਦੇਖਦਿਆਂ ਹੀ, ਕਈ ਤਾਂ ਡੁਬ ਵੀ ਚੁੱਕੇ ਹਨ।

ਚਲਦਾ...