ਸੋ ਦਰ ਤੇਰਾ ਕੇਹਾ - ਕਿਸਤ -39

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਧਿਆਇ - 18

so dar tera keha

ੴ ਸਤਿਗੁਰ ਪ੍ਰਸਾਦਿ ।।
ਰਾਗੁ ਗਾਉੜੀ ਦੀਪਕੀ ਮਹਲਾ ੧
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ।।
।ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ।।੧।

ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ।।
ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ।।੧ ।। ਰਹਾਉ ।।
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ।।
ਤੇਰੇ ਦਾਨੈ ਕੀਮਤਿ ਨ ਪਵੈ ਤਿਸੁ ਦਾਤੇ ਕਵਣੁ ਸੁਮਾਰੁ ।।੨।।

ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ।।
ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ।।੩।।
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ।।
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ।।੪।।੧।।

'ਸੋ ਦਰੁ' ਦੀ ਵਿਆਖਿਆ ਉਤੇ ਵਿਚਾਰ ਕਰਦਿਆਂ, ਅਸੀ ਇਕ ਗੱਲ ਨੋਟ ਕੀਤੀ ਸੀ ਕਿ ਬਾਬਾ ਨਾਨਕ, ਸੱਚੇ ਮਾਲਕ ਦਾ ਸੁਨੇਹਾ, ਆਮ ਆਦਮੀ ਦੀ ਭਾਸ਼ਾ ਵਿਚ, ਆਮ ਆਦਮੀ ਦੀ ਸ਼ੈਲੀ ਵਿਚ, ਦੇਣ ਨੂੰ ਪਹਿਲ ਦੇਂਦੇ ਸਨ। ਇਸੇ ਯਤਨ ਵਿਚ ਆਪ ਲੋਕਾਂ ਵਿਚ ਆਮ ਪ੍ਰਚਲਤ ਰਵਾਇਤਾਂ, ਮਨੌਤਾਂ, ਪ੍ਰੰਪਰਾਵਾਂ  ਤੇ ਰਸਮਾਂ ਨੂੰ ਇਸ ਤਰ੍ਹਾਂ ਵਰਤਦੇ ਸਨ ਕਿ ਨਵਾਂ ਸੰਦੇਸ਼ ਸੁਣਨਾ ਤੇ ਸਮਝਣਾ ਉਨ੍ਹਾਂ ਲਈ ਸੌਖਾ ਹੋ ਜਾਏ ਤੇ ਰੁੱਖਾ ਜਿਹਾ ਨਾ ਲੱਗੇ। 'ਸੋਹਿਲਾ' ਉਹ ਮੌਕਾ ਹੈ ਜੋ ਰਵਾਇਤੀ ਤੌਰ 'ਤੇ ਸਦੀਆਂ ਤੋਂ ਉਸ ਕੁੜੀ ਦੇ ਘਰ ਵਿਚ ਆਉਂਦਾ ਹੈ। ਜਦੋਂ ਉਸ ਕੁੜੀ ਨੂੰ, ਵਿਆਹ ਤੋਂ ਪਹਿਲਾਂ ਮਾਈਏਂ ਪਾਇਆ ਜਾਂਦਾ ਹੈ।

ਉਸ ਮੌਕੇ ਕੁੜੀ ਦੇ ਰਿਸ਼ਤੇਦਾਰ ਤੇ ਸਹੇਲੀਆਂ ਉਸ ਨੂੰ ਇਕ ਨਵੀਂ ਦੁਨੀਆਂ ਵਿਚ ਜਾਂ ਇਕ ਨਵੇਂ ਘਰ ਵਿਚ ਭੇਜਣ ਲਗਿਆਂ ਜਿਥੇ ਅਪਣੇ ਵਿਛੋੜੇ ਦੇ ਦਰਦ ਨੂੰ ਪ੍ਰਗਟ ਕਰਦੇ ਹਨ, ਉਥੇ ਨਾਲ ਹੀ ਉਸ ਦੇ ਨਵੇਂ ਬਣਨ ਵਾਲੇ ਪ੍ਰੀਤਮ ਤੇ ਉਸ ਦੇ ਘਰ ਦੇ ਸੋਹਿਲੇ ਵੀ ਗਾਉਂਦੇ ਹਨ ਤਾਕਿ ਹੋਣ ਜਾ ਰਹੀ ਤਬਦੀਲੀ ਬਾਰੇ ਸੋਚ ਕੇ ਡਰੇ ਨਾ ਤੇ ਉਸ ਦੇ ਮਨ ਵਿਚ ਇਕ ਆਸ ਵੀ ਬਣੀ ਰਹੇ ਕਿ ਉਹ ਜਿਥੇ ਜਾ ਰਹੀ ਹੈ, ਉਥੇ ਉਸ ਨੂੰ ਘਰ ਜਿੰਨਾ ਜਾਂ ਸ਼ਾਇਦ ਮਾਪਿਆਂ ਤੋਂ ਵੀ ਜ਼ਿਆਦਾ ਪਿਆਰ ਮਿਲ ਸਕੇਗਾ।

ਇਸ ਸਮੇਂ ਗਾਏ ਜਾਂਦੇ ਸਾਰੇ 'ਲੋਕ-ਗੀਤ' ਇਹੀ ਸੁਨੇਹਾ ਦੇਂਦੇ ਹਨ ਕਿ ਅਸਲ ਘਾਟਾ ਤਾਂ ਉਨ੍ਹਾਂ ਨੂੰ ਪੈਣ ਜਾ ਰਿਹਾ ਹੈ ਜਿਨ੍ਹਾਂ ਨੂੰ ਛੱਡ ਕੇ, ਕੁੜੀ ਅਪਣੇ ਨਵੇਂ ਘਰ ਵਿਚ ਜਾ ਰਹੀ ਹੈ ਤੇ ਕੁੜੀ ਕਿਸੇ ਬਿਗਾਨੀ ਥਾਂ ਨਹੀਂ, ਸਗੋਂ 'ਜਾਹ ਧੀਏ ਘਰ ਆਪਣੇ' ਅਨੁਸਾਰ, ਅਪਣੇ ਅਸਲ ਘਰ ਜਾ ਰਹੀ ਹੈ। ਮਾਪਿਆਂ ਦੇ ਘਰ ਤਾਂ ਉਹ ਕੇਵਲ ਬਚਪਨਾ ਬਤੀਤ ਕਰਨ ਲਈ ਹੀ ਆਈ ਸੀ ਪਰ ਉਸ ਦਾ 'ਅਪਣਾ ਘਰ' ਤਾਂ ਉਸ ਦੇ ਪ੍ਰੀਤਮ ਦਾ ਘਰ ਹੈ, ਜਿਥੇ ਹਰ ਕੁੜੀ ਨੇ, ਜਵਾਨ ਹੋਣ ਮਗਰੋਂ, ਜਾਣਾ ਹੀ ਜਾਣਾ ਹੁੰਦਾ ਹੈ।

 ਚਲਦਾ ....