ਸੋ ਦਰ ਤੇਰਾ ਕਿਹਾ- ਕਿਸਤ 74

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅੰਤ ਵਿਚ ਬਾਬਾ ਨਾਨਕ ਜੀ ਫ਼ਰਮਾਉਂਦੇ ਹਨ ਕਿ ਸੋਹਣੇ ਘਰ, ਮਹਿਲ ਮਾੜੀਆਂ ਤੇ ਕੋਠੀਆਂ ਉਸਾਰ ਕੇ ਵੀ ਮਨੁੱਖਾਂ ਨੂੰ ਬੜਾ ਅਨੰਦ ਮਿਲਦਾ ਹੈ। ਪਰ ਇਹ ਖ਼ੁਸ਼ੀ ...

So Dar Tera Keha-74

ਅੱਗੇ...

ਅੰਤ ਵਿਚ ਬਾਬਾ ਨਾਨਕ ਜੀ ਫ਼ਰਮਾਉਂਦੇ ਹਨ ਕਿ ਸੋਹਣੇ ਘਰ, ਮਹਿਲ ਮਾੜੀਆਂ ਤੇ ਕੋਠੀਆਂ ਉਸਾਰ ਕੇ ਵੀ ਮਨੁੱਖਾਂ ਨੂੰ ਬੜਾ ਅਨੰਦ ਮਿਲਦਾ ਹੈ। ਪਰ ਇਹ ਖ਼ੁਸ਼ੀ ਵੀ ਵਕਤੀ ਹੁੰਦੀ ਹੈ। ਜੇ ਸਦੀਵੀ ਹੋਵੇ ਤਾਂ ਬੰਦਾ ਅਪਣੀ ਸੁੰਦਰ ਮਹਿਲ ਮਾੜੀ, ਕੋਠੀ ਅਤੇ ਅਪਣੇ ਸੁੰਦਰ ਪਰਵਾਰ ਵਿਚੋਂ ਬਾਹਰ ਨਿਕਲਣਾ ਕਦੇ ਪਸੰਦ ਹੀ ਨਾ ਕਰੇ। ਪਰ ਇਕ ਦੋ ਦਿਨ ਵੀ ਉਸ ਨੂੰ ਅਪਣੇ ਮਹਿਲ ਮਾੜੀ ਵਿਚ ਅਪਣੇ ਪਰਵਾਰ ਕੋਲ ਰਹਿਣਾ ਪੈ ਜਾਵੇ ਤਾਂ ਤਰਸਣ ਲਗਦਾ ਹੈ ਕਿ ਬਾਹਰ ਕਦੋਂ ਤੇ ਕਿਥੇ ਜਾਇਆ ਜਾਏ ਤਾਕਿ ਘਰ ਤੋਂ ਜ਼ਿਆਦਾ ਖ਼ੁਸ਼ੀ ਤੇ ਅਨੰਦ ਮਿਲ ਸਕੇ।

ਬਾਬਾ ਨਾਨਕ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਲੈਣ 'ਚੋਂ ਖ਼ੁਸ਼ੀ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀ ਹੈ, ਇਹ ਖ਼ੁਸ਼ੀ ਹੀ ਉਨ੍ਹਾਂ ਨੂੰ ਘਰ ਮੰਦਰ, ਮਹਿਲ ਮਾੜੀਆਂ ਤੇ ਪਰਵਾਰ ਨਾਲੋਂ ਜ਼ਿਆਦਾ ਚੰਗੀ ਲੱਗਣ ਲਗਦੀ ਹੈ ਤੇ ਉਹ ਕਦੇ ਵੀ, ਇਕ ਪਲ ਲਈ ਵੀ, ਇਸ ਤੋਂ ਅਲੱਗ ਨਹੀਂ ਹੋਣਾ ਚਾਹੁੰਦੇ। ਬਾਬਾ ਨਾਨਕ ਦਾ ਉਪਦੇਸ਼ ਹੈ ਕਿ ਵਕਤੀ ਖ਼ੁਸ਼ੀਆਂ ਦੀ ਇੱਛਾ ਕਰਨਾ ਬੁਰਾ ਨਹੀਂ ਪਰ ਸਦੀਵੀ ਖ਼ੁਸ਼ੀ ਵਾਸਤੇ ਯਤਨ ਕਰਨਾ ਵੀ ਜ਼ਰੂਰੀ ਹੈ। ਉਹਦੇ ਲਈ ਪਹਿਲੀ ਸ਼ਰਤ ਹੀ ਇਹ ਹੈ ਕਿ ਪ੍ਰਮਾਤਮਾ ਦੀ ਰਜ਼ਾ ਵਿਚ ਖ਼ੁਸ਼ ਰਿਹਾ ਜਾਏ ਤੇ ਉਸ ਦਾ ਹੁਕਮ ਹਾਸਲ ਕੀਤਾ ਜਾਏ (ਰਜ਼ਾ ਜਾਣੀ ਜਾਏ)।

ਇਹ ਹੁਕਮ ਮੰਨਣ ਵਿਚ ਹੀ ਖ਼ੁਸ਼ੀ ਦਾ ਸੱਭ ਤੋਂ ਵੱਡਾ ਖ਼ਜ਼ਾਨਾ ਛੁਪਿਆ ਹੋਇਆ ਹੈ। ਇਸ ਤਰ੍ਹਾਂ ਰਜ਼ਾ (ਹੁਕਮ) ਨੂੰ ਮੰਨਣ ਵਾਲੇ ਅਰਥਾਤ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਨੂੰ ਉਸ ਅਕਾਲ ਪੁਰਖ ਦੇ ਹੋਰ ਕਿਸੇ ਪ੍ਰਸ਼ਨ ਦਾ ਉੱਤਰ ਦੇਣ ਦੀ ਲੋੜ ਨਹੀਂ ਰਹਿੰਦੀ ਤੇ ਪ੍ਰਭੂ ਅਜਿਹੇ ਜੀਅ ਤੋਂ ਹੋਰ ਕੁੱਝ ਨਹੀਂ ਪੁਛਦਾ। ਅੰਤ ਵਿਚ ਬਾਬਾ ਨਾਨਕ ਫਿਰ ਉਸੇ ਨਿਯਮ ਨੂੰ ਦੁਹਰਾਉਂਦੇ ਹਨ ਕਿ ਜੀਵਨ ਵਿਚ ਵਿਚਰਨਾ (ਰਹਿਣਾ) ਵੀ ਉਹੀ ਠੀਕ ਹੈ ਜਿਸ ਵਿਚ ਸਰੀਰ ਨੂੰ ਕੋਈ ਕਸ਼ਟ ਨਾ ਝਲਣਾ ਪਵੇ ਤੇ ਮਨ ਵਿਚ ਕੋਈ ਬੁਰੇ ਵਿਕਾਰ ਨਾ ਪੈਦਾ ਹੋਣ। ਅਜਿਹਾ ਕਰਨ ਲਈ 'ਹੁਕਮ' ਅਰਥਾਤ ਕੁਦਰਤ ਦੇ ਨਿਯਮਾਂ ਦੀ ਪਾਲਣਾ ਹੀ ਕਰਨੀ ਬਣਦੀ ਹੈ।

ਉਪ੍ਰੋਕਤ ਸ਼ਬਦ ਦੀਆਂ ਅੰਤਮ ਦੋ ਸਤਰਾਂ ਵਿਚ, ਬਾਬਾ ਨਾਨਕ ਫ਼ਰਮਾਉਂਦੇ ਹਨ ਕਿ ਉਹ ਸੌਣਾ ਵੀ ਖ਼ੁਸ਼ੀ ਖ਼ਰਾਬ (ਖਵਾਰ) ਕਰਨ ਵਾਲਾ ਹੁੰਦਾ ਹੈ ਜਿਸ ਸੌਣ ਨਾਲ ਤਨ ਵਿਚ ਪੀੜ ਹੋਵੇ ਤੇ ਮਨ ਵਿਚ ਬੁਰੇ ਵਿਕਾਰ ਪੈਦਾ ਹੋਣ। ਇਹ ਸ਼ਬਦ ਦੀਆਂ 19 ਤੋਂ 20 ਨੰਬਰ ਸਤਰਾਂ ਹਨ। ਇਸ ਤੋਂ ਪਹਿਲਾਂ 16ਵੀਂ ਤੇ 17ਵੀਂ ਸੱਤਰ ਵਿਚ ਬਾਬਾ ਨਾਨਕ ਗੱਲ ਕਰ ਰਹੇ ਸਨ ਕਿ : 17. ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ।।

18. ਹੁਕਮ ਸੋਈ ਤੁਧੁ ਭਾਵਸੀ ਹੋਰ ਆਖਣੁ ਬਹੁਤ ਅਪਾਰੁ।। ਜਿਵੇਂ ਕਿ ਅਸੀ ਪਿੱਛੇ ਵਿਚਾਰ ਕਰ ਆਏ ਹਾਂ, ਬਾਬਾ ਨਾਨਕ ਅਪਣੀ ਗੱਲ ਕਰਦੇ ਕਰਦੇ, ਵਿਚਕਾਰ ਉਸ ਪ੍ਰਭੂ ਦਾ ਧਨਵਾਦ ਵੀ ਕਰਨ ਲੱਗ ਜਾਂਦੇ ਹਨ ਜੋ ਵਿਸ਼ੇ ਤੋਂ ਹਟਵਾਂ ਹੁੰਦਾ ਹੈ। ਇਹ ਇਸ ਤਰ੍ਹਾਂ ਹੀ ਹੁੰਦਾ ਹੈ ਜਿਵੇਂ ਪੁਰਾਣੇ ਲੋਕ ਗੱਲ ਕਰਦੇ ਕਰਦੇ, ਵਿਚੋਂ ਅਪਣੇ ਪਿਆਰੇ ਦਾ ਨਾਂ ਲੈਂਦੇ ਲੈਂਦੇ, ਅਚਾਨਕ ਕਹਿ ਉਠਦੇ ਸਨ, ''ਵਿਚਾਰੇ ਦਾ ਸੁਰਗਾਂ ਵਿਚ ਵਾਸਾ ਹੋਵੇ ਸੂ'' ਜਾਂ 'ਬੜਾ ਨੇਕ ਸੀ ਤੇ ਸਵੇਰ ਵੇਲੇ ਨਾਂ ਲੈਣ ਵਾਲਾ ਸੀ, ਰੱਬ ਉਹਨੂੰ ਸਵਰਗਾਂ ਵਿਚ ਥਾਂ ਦੇਵੇ।' ਇਨ੍ਹਾਂ ਫ਼ਿਕਰਿਆਂ ਦਾ, ਕੀਤੀ ਜਾ ਰਹੀ ਅਸਲ ਗੱਲ ਨਾਲ ਕੋਈ ਵਾਸਤਾ ਨਹੀਂ ਸੀ ਹੁੰਦਾ।

ਤੇ ਵਿਚੋਂ ਐਵੇਂ ਸ਼ੁਕਰਾਨੇ ਵਜੋਂ, ਸ਼ਰਧਾ ਵਜੋਂ ਜਾਂ ਪਿਆਰ ਵਜੋਂ ਹੀ ਬੋਲ ਦਿਤੇ ਜਾਂਦੇ ਹਨ। ਕਵਿਤਾ ਵਿਚ ਇਹ ਆਮ ਹੈ। ਅਸੀ ਕੇਵਲ ਪੰਜਾਬੀ ਕਵਿਤਾ ਦੀ ਗੱਲ ਹੀ ਨਹੀਂ ਕਰ ਰਹੇ, ਅੰਗਰੇਜ਼ੀ, ਫ਼ਰੈਂਚ, ਫ਼ਾਰਸੀ ਤੇ ਉਰਦੂ ਦੀ ਰੂਹਾਨੀ ਕਵਿਤਾ ਤੇ ਦੂਜੇ ਸਾਹਿਤ ਵਿਚ ਵੀ, ਇਸ ਢੰਗ ਦੀ ਵਰਤੋਂ ਆਮ ਮਿਲਦੀ ਹੈ। ਬਾਬਾ ਨਾਨਕ ਨੇ ਵੀ ਇਸ ਢੰਗ ਨੂੰ ਆਮ ਵਰਤਿਆ ਹੈ। ਪਰ ਕਿਉਂਕਿ ਸਾਡੇ ਟੀਕਿਆਂ ਵਿਚ ਅੱਖਰਾਂ ਦੇ ਅਰਥ ਕਰਨ ਦੀ ਗ਼ਲਤ ਪਿਰਤ ਅਪਣਾਈ ਗਈ ਹੋਈ ਹੈ, ਇਸ ਲਈ, ਅਜਿਹੀ ਹਰ ਹਾਲਤ ਵਿਚ, ਸਾਡੇ ਟੀਕਾਕਾਰ, 'ਧਨਵਾਦੀ ਸੱਤਰ' ਨੂੰ ਵੱਖ ਕਰਨ ਦੀ ਬਜਾਏ, ਸ਼ਬਦ ਦੇ ਮੁੱਖ ਵਿਸ਼ੇ ਵਿਚ ਹੀ ਘਸੋੜ ਦੇਂਦੇ ਹਨ।

ਅਜਿਹੇ ਅਰਥ ਕਰ ਦੇਂਦੇ ਹਨ ਜੋ ਪਾਠਕ ਨੂੰ ਭੰਬਲਭੂਸੇ ਵਿਚ ਪਾਉਣ ਤੋਂ ਵੱਧ ਕੁੱਝ ਨਹੀਂ ਕਰਦੇ। ਜਦੋਂ ਪ੍ਰੋ: ਸਾਹਿਬ ਸਿੰਘ ਵਰਗੇ ਮੋਢੀ ਟੀਕਾਕਾਰ ਵੀ ਇਹ ਗ਼ਲਤੀ ਕਰ ਦੇਣ ਤਾਂ ਬਾਕੀ ਟੀਕਾਕਾਰ ਤਾਂ ਅਪਣਾ ਫ਼ਰਜ਼ ਸਮਝਣ ਲੱਗ ਜਾਂਦੇ ਹਨ ਕਿ ਇਸ ਗ਼ਲਤੀ ਨੂੰ ਦੁਹਰਾਂਦੇ ਹੀ ਚਲੇ ਜਾਣ। ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ ਹੇਠਾਂ ਪੜ੍ਹ ਲਉ :- ''ਮਹਲ-ਮਾੜੀਆਂ ਦਾ ਵਸੇਬਾ (ਮੇਰੇ ਵਾਸਤੇ) ਤੇਰਾ ਨਾਮ ਜਪਣ ਤੋਂ ਪੈਦਾ ਹੋਈ ਖ਼ੁਸ਼ੀ ਹੀ ਹੈ। ਤੇਰੀ ਮਿਹਰ ਦੀ ਨਜ਼ਰ ਮੇਰਾ ਕੁਟੁੰਬ ਹੈ (ਜੋ ਖ਼ੁਸ਼ੀ ਮੈਨੂੰ ਅਪਣਾ ਪ੍ਰਵਾਰ ਦੇਖ ਕੇ ਹੁੰਦੀ ਹੈ, ਉਹੀ ਤੇਰੀ ਮਿਹਰ ਦੀ ਨਜ਼ਰ ਵਿਚੋਂ ਮਿਲੇਗੀ)।

(ਦੂਜਿਆਂ ਪਾਸੋਂ ਅਪਣਾ) ਹੁਕਮ (ਮਨਾਣਾ) ਤੇ (ਹੁਕਮ ਦੇ) ਹੋਰ ਹੋਰ ਬੋਲ ਬੋਲਣੇ (ਤੇ ਇਸ ਵਿਚ ਖ਼ੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ) ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ। ਹੇ ਨਾਨਕ! ਸਦਾ-ਥਿਰ ਪ੍ਰਭੂ ਪਾਤਸ਼ਾਹ ਐਸੇ ਜੀਵਨ ਵਾਲੇ ਦੀ ਪੁੱਛ ਵਿਚਾਰ ਨਹੀਂ ਕਰਦਾ (ਭਾਵ, ਉਸ ਦਾ ਜੀਵਨ ਉਸ ਦੀਆਂ ਨਜ਼ਰਾਂ ਵਿਚ ਪ੍ਰਵਾਨ ਹੈ)।।੪।। ਹੇ ਭਾਈ! (ਪ੍ਰਭੂ ਦੀ ਸਿਫ਼ਤਿ ਸਾਲਾਹ ਦੀ ਖ਼ੁਸ਼ੀ ਛੱਡ ਕੇ) ਹੋਰ ਐਸ਼-ਇ ਸ਼ਰਤ ਦੀ ਖ਼ੁਸ਼ੀ ਖੁਆਰ ਕਰਦੀ ਹੈ ਕਿਉਂਕਿ ਹੋਰ ਹੋਰ ਐਸ਼-ਇਸ਼ਰਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿਚ ਵੀ ਵਿਕਾਰ ਚੱਲ ਪੈਂਦੇ ਹਨ ।।੧।।ਰਹਾਉ।।੪।।''

ਚਲਦਾ...