ਸੋ ਦਰ ਤੇਰਾ ਕਿਹਾ- ਕਿਸਤ 71

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਇਸ ਸ਼ਬਦ ਵਿਚ, ਗੁਰਮਤਿ ਦੇ ਬਹੁਤ ਵੱਡੇ ਤੇ ਮਹੱਤਵਪੂਰਨ ਅਸੂਲ ਨਿਰਧਾਰਤ ਕਰਨ ਲਗਿਆਂ, ਬਾਬਾ ਨਾਨਕ ਪਹਿਲਾਂ ਉਸ ਗੁਰਮੁਖ ਦੀ ਹਾਲਤ ਦਾ ਬਿਆਨ ਕਰਦੇ...

So Dar Tera Keha-71

 ਅੱਗੇ...

ਇਸ ਸ਼ਬਦ ਵਿਚ, ਗੁਰਮਤਿ ਦੇ ਬਹੁਤ ਵੱਡੇ ਤੇ ਮਹੱਤਵਪੂਰਨ ਅਸੂਲ ਨਿਰਧਾਰਤ ਕਰਨ ਲਗਿਆਂ, ਬਾਬਾ ਨਾਨਕ ਪਹਿਲਾਂ ਉਸ ਗੁਰਮੁਖ ਦੀ ਹਾਲਤ ਦਾ ਬਿਆਨ ਕਰਦੇ ਹਨ ਜੋ ਪ੍ਰਭੂ ਪ੍ਰਮਾਤਮਾ, ਅਕਾਲ ਪੁਰਖ ਨੂੰ ਸਮਰਪਿਤ ਹੋ ਚੁੱਕਾ ਹੁੰਦਾ ਹੈ। ਦੁਨੀਆਂ ਵਿਚ ਮਿੱਠੇ, ਨਮਕੀਨ (ਸਲੂਣੇ) ਅਤੇ ਖੱਟੇ ਤਿੰਨ ਹੀ ਸਵਾਦ ਹਨ ਜਿਨਾਂ੍ਹ 'ਚੋਂ ਛੱਤੀ ਪਦਾਰਥਾਂ ਦਾ ਜਨਮ ਹੁੰਦਾ ਹੈ। ਇਨ੍ਹਾਂ ਤਿੰਨ ਰਸਾਂ ਨੂੰ ਆਪਸ ਵਿਚ ਮਿਲਾ ਕੇ ਕਈ ਹੋਰ ਚੰਗੇ ਤੇ ਸਵਾਦਿਸ਼ਟ ਰਸ ਵੀ ਪੈਦਾ ਹੋ ਸਕਦੇ ਨੇ ਤੇ ਗ਼ਲਤ ਮਿਕਦਾਰ ਵਿਚ ਇਨ੍ਹਾਂ ਦਾ ਰਲੇਵਾਂ ਕੌੜਾ ਕੁਸੈਲਾ ਰਸ ਵੀ ਪੈਦਾ ਕਰ ਦੇਂਦਾ ਹੈ।

ਵਿਗਿਆਨੀਆਂ ਨੇ ਤਜਰਬੇ ਕਰ ਕੇ ਵੇਖਿਆ ਹੈ ਕਿ ਦੁਨੀਆਂ ਦੀ ਕੌੜੀ ਤੋਂ ਕੌੜੀ ਵਸਤ ਵਿਚ ਵੀ ਮਿਠਾਸ, ਨਮਕੀਨ ਤੇ ਖੱਟੇ ਰੱਸ ਮੌਜੂਦ ਹਨ ਤੇ ਉਨ੍ਹਾਂ ਨੂੰ ਵੱਖ ਵੱਖ ਵੀ ਕੀਤਾ ਜਾ ਸਕਦਾ ਹੈ। ਬਾਬਾ ਨਾਨਕ ਕਹਿੰਦੇ ਹਨ ਕਿ ਗੁਰਮੁਖ ਵਿਅਕਤੀ ਉਸ ਅਵੱਸਥਾ ਵਿਚ ਪਹੁੰਚ ਜਾਂਦਾ ਹੈ ਜਿਥੇ ਸੰਸਾਰੀ, ਸਮੇਂ ਨਾਲ ਨਸ਼ਟ ਹੋ ਜਾਣ ਵਾਲੀਆਂ ਤੇ ਸ੍ਰੀਰ ਵਿਚ ਖ਼ਰਾਬੀਆਂ ਪੈਦਾ ਕਰ ਸਕਣ ਵਾਲੀਆਂ ਚੀਜ਼ਾਂ ਨੂੰ ਖਾ ਕੇ ਮਿੱਠੇ, ਸਲੂਣੇ (ਨਮਕੀਨ) ਤੇ ਤੁਰਸ਼ (ਖੱਟੇ) ਸਵਾਦ ਲੱਭਣ ਦੀ ਕੋਸ਼ਿਸ਼ ਕਰਨ ਦੀ ਲੋੜ ਨਹੀਂ ਰਹਿੰਦੀ ਤੇ ਇਹ ਸਾਰੇ ਸਵਾਦ, ਉਸ ਪ੍ਰਭੂ ਦਾ ਨਾਂ ਮੰਨਣ (ਹਿਰਦੇ ਵਿਚ ਵਸਾਣ), ਸੁਣਨ ਅਤੇ ਬੋਲਣ ਨਾਲ ਹੀ ਪ੍ਰਾਪਤ ਹੋ ਜਾਂਦੇ ਹਨ।

ਜਦੋਂ ਉਸ ਦਾ ਨਾਮ ਹਿਰਦੇ ਵਿਚ ਵੱਸ ਜਾਂਦਾ ਹੈ ਤਾਂ ਉਹ ਮਿਠਾਸ ਤਨ ਮਨ ਵਿਚ ਅਨੁਭਵ ਹੋਣ ਲਗਦੀ ਹੈ ਜੋ ਛੱਤੀ ਪਦਾਰਥ ਖਾ ਕੇ ਵੀ ਨਹੀਂ ਮਿਲਦੀ। ਜਦੋਂ ਗੁਰਮੁਖ ਉਸ ਪ੍ਰਭੂ ਦਾ ਨਾਂ ਇਕਾਗਰ ਚਿਤ ਹੋ ਕੇ ਸੁਣਦਾ ਹੈ ਤਾਂ ਛੱਤੀ ਪਦਾਰਥ ਖਾ ਕੇ ਹਾਸਲ ਹੋਣ ਵਾਲੇ ਚੰਗੇ ਨਮਕੀਨ ਸਵਾਦ ਅਪਣੇ ਆਪ ਉਸ ਦੇ ਤਨ ਮਨ ਨੂੰ ਪ੍ਰਾਪਤ ਹੋ ਜਾਂਦੇ ਹਨ। ਇਸੇ ਤਰ੍ਹਾਂ ਛੱਤੀ ਪਦਾਰਥਾਂ ਵਿਚ ਪਾਏ ਗਏ ਖ਼ੁਸ਼ਬੂਦਾਰ ਮਸਾਲਿਆਂ ਦੇ ਸਹਾਰੇ ਜਿਹੜੇ ਖੱਟੇ ਮਿੱਠੇ ਸਵਾਦ ਪ੍ਰਾਪਤ ਕੀਤੇ ਜਾਂਦੇ ਹਨ, ਉਹ ਗੁਰਮੁਖ ਨੂੰ ਉਸ ਪ੍ਰਭੂ ਦਾ ਨਾਂ ਲੈ ਕੇ ਹੀ, ਮੁੱਖੋਂ ਬੋਲ ਕੇ ਹੀ, ਪ੍ਰਾਪਤ ਹੋ ਜਾਂਦੇ ਹਨ ਤੇ ਉਸ ਦੇ ਤਨ ਅੰਦਰ, ਖ਼ੁਸ਼ੀ ਦੇ ਉਹ ਸ਼ਾਦੀਆਨੇ ਵੱਜਣ ਲਗਦੇ ਹਨ

ਜੋ ਉਸ ਕਰਤੇ ਦਾ ਇਕ-ਰਸ ਪ੍ਰੇਮ ਬਣ ਕੇ, ਤਨ ਮਨ ਅੰਦਰ ਅੰਮ੍ਰਿਤ ਦਾ ਛਿੜਕਾਅ ਕਰ ਦੇਂਦੇ ਹਨ। ਇਹ ਸਾਰੇ ਛੱਤੀ ਪਦਾਰਥ (ਭਾਂਤ ਭਾਂਤ ਦੇ ਪਕਵਾਨ) ਤੇ ਉਨ੍ਹਾਂ ਵਿਚਲੇ ਮਿੱਠੇ, ਨਮਕੀਨ ਤੇ ਖੱਟੇ ਮਿੱਠੇ ਸਵਾਦ, ਅਪਣੇ ਆਪ ਹੀ ਉਸ ਗੁਰਮੁਖ ਨੂੰ ਪ੍ਰਾਪਤ ਹੋ ਜਾਂਦੇ ਹਨ ਜਿਸ ਉਤੇ ਉਸ ਅਕਾਲ ਪੁਰਖ ਦੀ ਮਿਹਰ ਜਾਂ ਕ੍ਰਿਪਾ ਹੋ ਜਾਵੇ।

ਅਕਾਲ ਪੁਰਖ ਦੀ ਮਿਹਰ ਕਿਵੇਂ ਪ੍ਰਾਪਤ ਹੁੰਦੀ ਹੈ, ਇਸ ਬਾਰੇ ਬਾਬਾ ਨਾਨਕ ਪਹਿਲਾਂ ਹੀ ਖੁਲ੍ਹ ਕੇ ਸਮਝਾ ਚੁੱਕੇ ਹਨ ਕਿ ਉਸ ਦੀ ਮਿਹਰ ਪ੍ਰਾਪਤ ਕਰਨ ਲਈ ਕੋਈ ਜੱਪ ਤੱਪ, ਪੂਜਾ, ਸ੍ਰੀਰ ਨੂੰ ਕਸ਼ਟ ਦੇਣ ਵਾਲੀਆਂ ਕ੍ਰਿਆਵਾਂ, ਪਾਠ, ਇਸ਼ਨਾਨ, ਦਾਨ ਤੇ ਕਰਮ ਕਾਂਡ ਕਿਸੇ ਕੰਮ ਨਹੀਂ ਆਉਂਦੇ ਕਿਉਂਕਿ ਉਹ ਅਕਾਲ ਪੁਰਖ ਤਾਂ ਬੱਸ ਪ੍ਰੇਮ ਦਾ ਵਣਜਾਰਾ ਹੈ। ਸੱਚੇ ਤੇ ਨਿਸ਼ਕਾਮ ਪ੍ਰੇਮ ਦੀ ਭੇਟਾ ਦਿਉ, ਉਹ ਝੱਟ ਤੁਹਾਡੇ ਹਿਰਦੇ ਵਿਚ ਆ ਬੈਠੇਗਾ ਤੇ ਸੱਭ ਪ੍ਰਸ਼ਨਾਂ ਦੇ ਉੱਤਰ ਅੰਦਰੋਂ ਹੀ ਮਿਲ ਜਾਣਗੇ, ਬਾਹਰੋਂ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਰਹੇਗੀ। ਪਰ ਪ੍ਰੇਮ ਦੀ 'ਨਕਦੀ' ਕਿਸੇ ਕੋਲ ਹੋਵੇਗੀ, ਤਾਂ ਹੀ ਤੇ ਉਸ ਨੂੰ ਭੇਂਟ ਕਰ ਸਕੇਗਾ।

ਅਸੀ ਕਹਿ ਤੇ ਦੇਂਦੇ ਹਾਂ ਕਿ ਅਸੀ ਉਸ ਪ੍ਰਭੂ ਨੂੰ ਸੱਚਾ ਪ੍ਰੇਮ ਕਰਦੇ ਹਾਂ ਪਰ ਅਸੀ ਇਹ ਵੀ ਜਾਣਦੇ ਹਾਂ ਕਿ ਅਸੀ ਤਾਂ ਪ੍ਰੇਮ ਦੀ ਪਹਿਲੀ ਪਉੜੀ ਤੇ ਹੀ ਅਟਕ ਗਏ ਹੁੰਦੇ ਹਾਂ ਤੇ ਮਨ ਵਿਚ ਵੱਡੀ ਸੋਚ ਇਹੀ ਚਲ ਰਹੀ ਹੁੰਦੀ ਹੈ ਕਿ ਪ੍ਰਭੂ ਖ਼ੁਸ਼ ਹੋ ਜਾਏ ਤਾਂ ਸਾਡੀਆਂ ਝੋਲੀਆਂ ਖ਼ਜ਼ਾਨੇ ਨਾਲ ਭਰਪੂਰ ਕਰ ਦੇਵੇਗਾ, ਦੁਸ਼ਮਣਾਂ ਨੂੰ ਮਾਰ ਦੇਵੇਗਾ, ਸੱਭ ਥਾਂ ਸਾਡੀ ਜੈ ਜੈ ਕਾਰ ਕਰਵਾ ਦੇਵੇਗਾ.....। ਇਨ੍ਹਾਂ ਖ਼ਾਹਿਸ਼ਾਂ ਥੱਲੇ ਸਾਡਾ ਪ੍ਰੇਮ ਤਾਂ ਦੱਬ ਕੇ ਰਹਿ ਜਾਂਦਾ ਹੈ ਪਰ ਕਹਿੰਦੇ ਅਸੀ ਇਹ ਹਾਂ ਕਿ ਅਸੀਂ ਤਾਂ ਰੱਬ ਨੂੰ ਸੱਚਾ ਪ੍ਰੇਮ ਕਰਦੇ ਹਾਂ।

ਝੂਠ ਬੋਲਦੇ ਹਾਂ ਅਸੀ ਤੇ ਇਹ ਝੂਠ ਅਪਣੇ ਆਪ ਨਾਲ ਹੀ ਬੋਲਦੇ ਹਾਂ। ਜਾਣਦੇ ਅਸੀ ਵੀ ਹਾਂ ਕਿ ਸਾਡੀਆਂ ਕਮਜ਼ੋਰੀਆਂ, ਇੱਛਾਵਾਂ ਤੇ ਮਨੋਕਾਮਨਾਵਾਂ ਸਾਡੇ ਪ੍ਰੇਮ ਨੂੰ ਨਕਲੀ ਤੇ ਨਿਰਾਰਥਕ ਬਣਾ ਦੇਂਦੀਆਂ ਹਨ। ਸੱਚਾ ਪ੍ਰੇਮ ਤਾਂ ਹੁੰਦਾ ਹੀ ਉਹ ਹੈ ਜਿਸ ਵਿਚ, ਬਦਲੇ ਵਿਚ ਕਿਸੇ ਪ੍ਰਾਪਤੀ ਦੀ ਇੱਛਾ ਬਿਲਕੁਲ ਨਾ ਹੋਵੇ ਤੇ ਪਿਆਰੇ ਨੂੰ ਮਿਲਣਾ ਤੇ ਉਸ ਦਾ ਪਿਆਰ ਪ੍ਰਾਪਤ ਕਰਨਾ ਹੀ ਅੰਤਮ ਨਿਸ਼ਾਨਾ ਹੋਵੇ।

ਚਲਦਾ...