ਸੋ ਦਰ ਤੇਰਾ ਕਿਹਾ-ਕਿਸ਼ਤ 76

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਧਿਆਏ - 28

So Dar Tera Tera-76

ਸਿਰੀ ਰਾਗੁ ਮਹਲਾ ੧
ਕੁੰਗੂ ਕੀ ਕਾਂਇਆ, ਰਤਨਾ ਕੀ ਲਲਿਤਾ,
ਅਗਰਿ ਵਾਸੁ ਤਨਿ ਸਾਸੁ।।

ਅਠਸਠਿ ਤੀਰਥ ਕਾ ਮੁਖਿ ਟਿਕਾ,
ਤਿਤੁ ਘਟਿ ਮਤਿ ਵਿਗਾਸੁ।।
ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ ।।੧।।

ਬਾਬਾ ਹੋਰ ਮਤਿ ਹੋਰ ਹੋਰ।।
ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ।।੧।। ਰਹਾਉ।।
ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰ।।
ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ।।
ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ।।੨।।

ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ।।
ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ।।
ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ।।੩।।

ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ।।
ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ।।
ਨਾਨਕ ਨਾਮਿ ਵਿਸਾਰਿਐ,
ਦਰਿ ਗਇਆ ਕਿਆ ਹੋਇ।।੪।।੮।।

ਉਪ੍ਰੋਕਤ ਸ਼ਬਦ ਦੀ ਸਰਲ ਵਿਆਖਿਆ ਕਰਨ ਤੋਂ ਪਹਿਲਾਂ ਸ਼੍ਰੋਮਣੀ ਟੀਕਾਕਾਰ ਪ੍ਰੋ: ਸਾਹਿਬ ਸਿੰਘ ਜੀ ਵਲੋਂ ਕੀਤੇ ਇਸ ਦੇ ਅਰਥਾਂ ਨੂੰ ਧਿਆਨ ਨਾਲ ਵੇਖਣਾ ਚਾਹਾਂਗੇ। ਪ੍ਰੋ: ਸਾਹਿਬ ਸਿੰਘ ਜੀ ਲਿਖਦੇ ਹਨ :''ਜਿਸ ਮਨੁੱਖ ਦਾ ਸਰੀਰ ਕੇਸਰ (ਵਰਗਾ ਸ਼ੁੱਧ ਵਿਕਾਰਰਹਿਤ) ਹੋਵੇ, ਜਿਸ ਦੀ ਜੀਭ (ਪ੍ਰਭੂ ਦੀ ਸਿਫ਼ਤਿ ਸਾਲਾਹ ਦੇ) ਰਤਨਾਂ ਨਾਲ ਜੜੀ ਹੋਵੇ, ਜਿਸ ਦੇ ਸਰੀਰ ਵਿਚ ਹਰੇਕ ਸੁਆਸ ਉਸ ਦੀ ਲਕੜੀ ਦੀ ਸੁਗੰਧੀ ਵਾਲਾ ਹੋਵੇ (ਭਾਵ ਪ੍ਰਭੂ ਦੇ ਨਾਮ ਦੀ ਯਾਦ ਨਾਲ ਸੁਗੰਧਿਤ ਹੋਵੇ), ਜਿਸ ਮਨੁੱਖ ਦੇ ਮੱਥੇ ਉਤੇ ਅਠਾਹਠ ਹੀ ਤੀਰਥਾਂ ਦਾ ਟਿੱਕਾ ਹੋਵੇ (ਭਾਵ ਜੋ ਪ੍ਰਭੂ ਦਾ ਨਾਮ ਜਪ ਕੇ ਅਠਾਹਠ ਤੀਰਥਾਂ ਨਾਲੋਂ ਵਧੀਕ ਪਵਿੱਤਰ ਹੋ ਚੁੱਕਾ ਹੋਵੇ)

ਉਸ ਮਨੁੱਖ ਦੇ ਅੰਦਰ ਮਤਿ ਖਿੜਦੀ ਹੈ, ਉਸ ਖਿੜੀ ਹੋਈ ਮਤਿ ਨਾਲ ਹੀ ਸੱਚਾ ਨਾਮ ਸਲਾਹਿਆ ਜਾ ਸਕਦਾ ਹੈ, ਗੁਣਾਂ ਦਾ ਖ਼ਜ਼ਾਨਾ ਪ੍ਰਭੂ ਸਾਲਾਹਿਆ ਜਾ ਸਕਦਾ ਹੈ।ਹੇ ਭਾਈ! ਪ੍ਰਭੂ ਦੇ ਨਾਮ ਤੋਂ ਖੁੰਝੀ ਹੋਈ ਮਤਿ ਹੋਰ ਹੋਰ ਪਾਸੇ ਹੀ ਲੈ ਜਾਂਦੀ ਹੈ। ਸਿਫ਼ਤਿਸਾਲਾਹ ਛੱਡ ਕੇ ਜੇ ਹੋਰ ਕਰਮ ਸੈਂਕੜੇ ਵਾਰੀ ਵੀ ਕਰੀਏ (ਤਾਂ ਕੁੱਝ ਨਹੀਂ ਬਣਦਾ, ਕਿਉਂਕਿ) ਕੂੜਾ ਕਰਮ ਕਰਨ ਨਾਲ ਕੂੜ ਦਾ ਹੀ ਜ਼ੋਰ ਵਧਦਾ ਹੈ।।੧।।ਰਹਾਉ।।'' ਇਨ੍ਹਾਂ ਹੀ ਅਰਥਾਂ ਨੂੰ ਡਾ. ਤਾਰਨ ਸਿੰਘ 'ਗੁਰੂ ਨਾਨਕ ਬਾਣੀ ਪ੍ਰਕਾਸ਼' ਵਿਚ ਇਸ ਤਰ੍ਹਾਂ ਦੁਹਰਾਉਂਦੇ ਹਨ:

'ਜੇ ਸਰੀਰ ਕੇਸਰ ਵਾਂਗ ਪਵਿੱਤਰ ਹੋਵੇ, ਜੀਭ ਰਤਨਾਂ ਵਾਂਗ ਸ਼ੁੱਧ (ਖ਼ਾਲਸ) ਹੋਵੇ, ਸਰੀਰ ਵਿਚ ਚਲਦਾ ਸੁਆਸ ਅਗਰ ਦੀ ਸੁਗੰਧੀ ਖਿਲਾਰਦਾ ਹੋਵੇ, ਮੂੰਹ ਤੇ, ਅਠਾਹਠ ਤੀਰਥਾਂ ਦੀ ਪਵਿੱਤਰਤਾ ਦਾ ਸੂਚਕ ਟਿੱਕਾ ਹੋਵੇ, ਤੇ ਇਹੋ ਜੇਹੇ ਉੱਤਮ ਸਰੀਰ ਵਿਚ ਬੁੱਧੀ ਦਾ ਵਿਕਾਸ ਹੋਇਆ ਹੋਵੇ,ਤਾਂ ਉਸ ਬੁਧ ਨਾਲ ਸੱਚੇ ਨਾਮ ਅਤੇ ਗੁਣਾਂ ਦੇ ਖ਼ਜ਼ਾਨੇ ਵਾਹਿਗੁਰੂ ਦੀ ਸਿਫ਼ਤ ਸਾਲਾਹ ਕੀਤੀ ਜਾਏ।।੧।।''

ਹੁਣ ਜੇ ਇਨ੍ਹਾਂ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਲੱਗੇਗਾ ਕਿ ਬਾਬਾ ਨਾਨਕ ਕਹਿ ਰਹੇ ਹਨ ਕਿ ਜਿਸ ਮਨੁੱਖ ਦੇ ਸ੍ਰੀਰ ਉਤੇ ਕੇਸਰ ਦਾ ਟਿੱਕਾ ਲੱਗਾ ਹੋਵੇ, ਰਤਨਾਂ ਵਰਗੀ ਭਾਸ਼ਾ (ਧਰਮ ਦੀ) ਮੂੰਹ 'ਚੋਂ ਝੜਦੀ ਹੋਵੇ, ਉਸ ਦੇ ਸ੍ਰੀਰ ਵਿਚੋਂ ਸੁਗੰਧੀ ਆ ਰਹੀ ਹੋਵੇ, ਅਠਾਹਠ ਤੀਰਥਾਂ ਦੇ ਇਸ਼ਨਾਨ ਕਰਨ ਦੀ ਨਿਸ਼ਾਨੀ ਵਜੋਂ ਮੁੱਖ ਤੇ ਟਿੱਕਾ ਲੱਗਾ ਹੋਵੇ ਤੇ ਅਜਿਹੇ ਪਵਿੱਤਰ ਸ੍ਰੀਰ ਵਿਚ ਬੁੱਧੀ ਦਾ ਖੇੜਾ (ਵਿਗਾਸ) ਹੋਵੇ (ਖ਼ਾਲਸ ਰਵਾਇਤੀ ਬ੍ਰਾਹਮਣ ਦਾ ਨਕਸ਼ਾ) ਤਾਂ ਅਜਿਹਾ ਬੰਦਾ ਹੀ ਸੱਚੇ ਪ੍ਰਭੂ ਦੇ ਸੱਚੇ ਨਾਮ ਦੀ ਸਿਫ਼ਤ ਗਾ ਸਕਦਾ ਹੈ।

ਪਰ ਅਜਿਹੀ ਮੱਤ ਵਾਲਾ ਬੰਦਾ ਨਾ ਹੋਵੇ ਤਾਂ ਉਹ ਬੰਦਾ ਜਿੰਨਾ ਵੀ ਜ਼ੋਰ ਲਾ ਲਵੇ, ਉਸ ਦੇ ਮੂੰਹ ਵਿਚ ਕੂੜੋ ਕੂੜ ਹੀ ਨਿਕਲੇਗਾ। ਕੀ ਬਾਬਾ ਨਾਨਕ ਦੇ ਸਿਧਾਂਤ ਜਾਂ ਫ਼ਲਸਫ਼ੇ ਦੀ ਇਕ ਵੀ ਗੱਲ ਇਨ੍ਹਾਂ 'ਅਰਥਾਂ' 'ਚੋਂ ਮਿਲਦੀ ਹੈ? ਕੇਸਰ, ਰਤਨ, ਅਗਰ ਵਾਸੁ (ਅਗਰਬੱਤੀ ਦੀ ਖ਼ੁਸ਼ਬੂ) ਅਠਾਹਠ ਤੀਰਥਾਂ ਦਾ ਇਸ਼ਨਾਨ ਕਰਨ ਦਾ ਪ੍ਰਤੀਕ ਮੱਥੇ ਤੇ ਵਿਸ਼ੇਸ਼ ਟਿੱਕਾ, ਇਹ ਸਾਰੀਆਂ ਚੀਜ਼ਾਂ ਤਾਂ ਅੱਖਾਂ ਬੰਦ ਕਰ ਕੇ ਵੀ ਇਕ ਬ੍ਰਾਹਮਣ ਦੀ ਤਸਵੀਰ ਅੱਖਾਂ ਸਾਹਮਣੇ ਲਿਆ ਦੇਂਦੀਆਂ ਹਨ ਹੈ। ਕੀ ਬਾਬਾ ਨਾਨਕ ਮਨੁੱਖ ਨੂੰ ਅਜਿਹਾ ਵਿਅਕਤੀ ਹੀ ਬਣਨ ਦੀ ਨਸੀਹਤ ਕਰ ਰਹੇ ਸਨ?

ਚਲਦਾ...