
ਚੰਡੀਗੜ੍ਹ, 9 ਮਾਰਚ (ਸਰਬਜੀਤ ਸਿੰਘ) : ਚੰਡੀਗੜ੍ਹ ਦੇ ਸੈਕਟਰ 48-49 ਦੇ ਲਾਈਟ ਪੁਆਇੰਟ 'ਤੇ ਬੀਤੀ ਰਾਤ 1.30 ਵਜੇ ਦੇ ਕਰੀਬ ਤੇਜ਼ ਰਫ਼ਤਾਰ ਲੈਂਡ ਰੋਵਰ ਗੱਡੀ ਦੀ ਟੱਕਰ ਵੱਜਣ ਕਾਰਨ ਮੋਟਰ ਸਾਈਕਲ ਸਵਾਰ ਇਕ 28 ਵਰ੍ਹਿਆਂ ਦੇ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ ਅਤੇ ਗੱਡੀ ਦਾ ਮਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਦਸਿਆ ਜਾਂਦਾ ਹੈ। ਨੌਜਵਾਨ 22 ਸੈਕਟਰ ਦਾ ਰਹਿਣ ਵਾਲਾ ਸੀ। ਚੰਡੀਗੜ੍ਹ ਪੁਲਿਸ ਅਨੁਸਾਰ ਰਾਤੀ ਮੋਹਾਲੀ ਤੋਂ ਕਾਲ ਸੈਂਟਰ ਵਿਚ ਨੌਕਰੀ ਕਰਦਾ ਅਮਨ ਨਾਂ ਦਾ ਨੌਜਵਾਨ ਚੰਡੀਗੜ੍ਹ ਵਲ ਘਰ ਨੂੰ ਪਰਤ ਰਿਹਾ ਸੀ। ਜਦੋਂ ਉਹ ਸੈਕਟਰ 48-49 ਦੀਆਂ ਬੱਤੀਆਂ 'ਤੇ ਪਹੁੰਚਿਆ ਤਾਂ ਮੋਹਾਲੀ ਵਲੋਂ ਹੀ ਤੇਜ਼ ਰਫ਼ਤਾਰ ਆ ਰਹੀ ਲੈਂਡ ਰੋਵਰ ਕਾਰ ਦੇ ਮਾਲਕ ਨੇ ਉਸ ਨੌਜਵਾਨ ਦੇ ਮੋਟਰ ਸਾਈਕਲ ਸਪਲੈਂਡਰ ਨੂੰ ਜ਼ੋਰ ਦੀ ਟੱਕਰ ਮਾਰ ਦਿਤੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਕਾਰ ਦੀ ਸਪੀਡ ਐਨੀ ਤੇਜ਼ ਸੀ ਕਿ ਉਹ ਸੜਕ 'ਤੇ ਲੱਗੇ ਖੰਭੇ ਵਿਚ ਜਾ ਵੱਜੀ।
ਪੁਲਿਸ ਅਨੁਸਾਰ ਨੌਜਵਾਨ ਨੂੰ ਪਹਿਲਾਂ ਸੈਕਟਰ 32 ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮਗਰੋਂ ਉਨ੍ਹਾਂ ਜ਼ਖ਼ਮੀ ਲੜਕੇ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿਤਾ ਜਿਥੇ ਡਾਕਟਰਾਂ ਨੇ ਤੜਕੇ 4 ਵਜੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਦੂਜੇ ਪਾਸੇ ਲੜਕੇ ਨਾਲ ਰਹਿਣ ਵਾਲੇ ਉਸ ਦੇ ਦੋਸਤ ਦੀਪਕ ਨੇ ਪੁਲਿਸ ਨੂੰ ਫ਼ੋਨ ਕਰ ਕੇ ਪਹਿਲਾ ਸੂਚਿਤ ਕੀਤਾ ਸੀ ਕਿ ਉਹ ਅੱਧੀ ਰਾਤ ਮਗਰੋਂ ਡਿਊਟੀ ਖ਼ਤਮ ਕਰ ਕੇ ਘਰ ਨਹੀਂ ਪੁੱਜਾ। ਮਗਰੋਂ ਪੁਲਿਸ ਨੇ ਮ੍ਰਿਤਕ ਦੇ ਮੋਬਾਈਲ ਫ਼ੋਨ ਤੋਂ ਲੁਕੇਸ਼ਨ ਲੱਭ ਕੇ ਪਤਾ ਕੀਤਾ ਕਿ ਉਹ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜ਼ਖ਼ਮੀ ਹੋਏ ਨੌਜਵਾਨ ਨੂੰ ਰਾਤੀ 2 ਵਜੇ ਦੇ ਕਰੀਬ ਹਸਪਤਾਲ ਪਹੁੰਚਾਇਆ।
ਸੈਕਟਰ-49 ਥਾਣੇ ਦੀ ਐਸ.ਐਚ.ਓ. ਜਸਵਿੰਦਰ ਕੌਰ ਦੇ ਹਵਾਲੇ ਨਾਲ ਇਕ ਅਧਿਕਾਰੀ ਨੇ ਦਸਿਆ ਕਿ ਪੁਲਿਸ ਵਲੋਂ ਲੈਂਡ ਰੋਵਰ ਕਾਰ ਮਾਲਕ ਵਿਰੁਧ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਫ਼ਸਰ ਮੁਲਜ਼ਮ ਦੀ ਭਾਲ ਕਰ ਰਹੀ ਹੈ।